ਪੀਲੀਭੀਤ : ਸਿੱਖ ਕੈਦੀਆਂ ਦੀ ਮੌਤ ਦੇ ਮਾਮਲੇ ‘ਚ ਯੂ.ਪੀ. ਸਰਕਾਰ ਨੂੰ ਨੋਟਿਸ

0
596

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਦੇ ਹਵਾਲੇ ਨਾਲ ਭੇਜੀ ਜਾਣਕਾਰੀ ਮੁਤਾਬਕ ਯੂ.ਪੀ. ਦੇ ਪੀਲੀਭੀਤ ਵਿਖੇ 1994 ਵਿਚ ਟਾਡਾ ਦੇ ਤਹਿਤ ਬੰਦ 7 ਸਿੱਖ ਕੈਦੀਆਂ ਦੀ ਹੱਤਿਆ ਦੇ ਮਾਮਲੇ ਵਿਚ ਕਮੇਟੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਯੂ.ਪੀ. ਹਾਈਕੋਰਟ ਦੀ ਇਲਾਹਾਬਾਦ ਬੈਂਚ ਨੇ ਯੂ.ਪੀ. ਸਰਕਾਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਜਸਟਿਸ ਹਰਸ਼ ਕੁਮਾਰ ਨੇ ਦਿੱਲੀ ਕਮੇਟੀ ਦੇ ਵਕੀਲ ਗੁਰਬਖ਼ਸ਼ ਸਿੰਘ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਹ ਆਦੇਸ਼ ਦਿੱਤਾ। ਜੌਲੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੇ 42 ਅਧਿਕਾਰੀ ਤੇ ਕਰਮਚਾਰੀ ਦੋਸ਼ੀ ਹਨ। ਜਿਨ੍ਹਾਂ ਨੇ ਬਿਨਾਂ ਕਿਸੇ ਕਸੂਰ ਦੇ 1994 ਵਿਚ ਜੇਲ ਮੁਖੀ ਵਿਧਿਆਂਚਲ ਸਿੰਘ ਯਾਦਵ ਦੀ ਅਗਵਾਈ ਹੇਠ ਪੀਲੀਭੀਤ ਜੇਲ੍ਹ ਵਿਚ 28 ਸਿੱਖ ਕੈਦੀਆਂ ਦੀ ਬੈਰਕ ਬਦਲਣ ਦੌਰਾਨ ਜੰਮ ਕੇ ਕੁੱਟਮਾਰ ਕੀਤੀ ਸੀ। ਜਿਸ ਦੇ ਨਤੀਜੇ ਵਜੋਂ 6 ਸਿੱਖ ਕੈਦੀ ਤਰਸੇਮ ਸਿੰਘ, ਲਾਭ ਸਿੰਘ, ਸੁਖਦੇਵ ਸਿੰਘ, ਸਰਵਜੀਤ ਸਿੰਘ, ਜੀਤ ਸਿੰਘ, ਹਰਦਿਆਲ ਸਿੰਘ ਦੀ ਮੌਕੇ ‘ਤੇ ਅਤੇ ਬਚਿੱਤਰ ਸਿੰਘ ਦੀ ਮੌਤ 12 ਦਿਨਾਂ ਦੇ ਬਾਅਦ ਕਿੰਗ ਮੈਡੀਕਲ ਕਾਲਜ, ਲਖਨਊ ਵਿਚ ਹੋਈ ਸੀ। ਜੌਲੀ ਨੇ ਖੁਲਾਸਾ ਕੀਤਾ ਕਿ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ 1994 ਵਿਚ ਇਸ ਮਸਲੇ ਦੀ ਜਾਂਚ ਸੀ.ਬੀ.ਸੀ.ਆਈ.ਡੀ. ਨੂੰ ਦਿੱਤੀ ਸੀ ਪਰ 2007 ਵਿਚ ਦੁਬਾਰਾ ਮੁੱਖ ਮੰਤਰੀ ਬਣਨ ‘ਤੇ ਉਕਤ ਜਾਂਚ ਦੇ ਆਦੇਸ਼ ਵਾਪਸ ਲੈ ਲਏ ਸਨ।