ਰਾਸ਼ਟਰਪਤੀ ਚੋਣ ‘ਚ ਵਿਰੋਧੀ ਧਿਰ ਨੇ ਰਾਮ ਦੇ ਮੁਕਾਬਲੇ ਮੀਰਾ ਨੂੰ ਮੈਦਾਨ ‘ਚ ਉਤਾਰਿਆ

0
402
Congress President Sonia Gandhi after chairing a meeting of All Opposition Party leaders over President Election issue at Parliament house library building, in New Delhi on Thursday. Tribune Photo.Mukesh Aggarwal
ਕੈਪਸ਼ਨ : ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੇ ਆਗੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ।

ਨਵੀਂ ਦਿੱਲੀ/ਬਿਊਰੋ ਨਿਊਜ਼:
ਵਿਰੋਧੀ ਧੜੇ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਸਾਬਕਾ ਲੋਕ ਸਭਾ ਸਪੀਕਰ ਅਤੇ ਦਲਿਤ ਆਗੂ ਮੀਰਾ ਕੁਮਾਰ ਨੂੰ 17 ਪਾਰਟੀਆਂ ਦੇ ਸਮਰਥਨ ਨਾਲ ਐਨਡੀਏ ਦੇ ਦਲਿਤ ਆਗੂ ਰਾਮਨਾਥ ਕੋਵਿੰਦ ਦੇ ਮੁਕਾਬਲੇ ਰਾਸ਼ਟਰਪਤੀ ਅਹੁਦੇ ਲਈ ਆਪਣਾ ਸਾਂਝਾ ਉਮੀਦਵਾਰ ਬਣਾਇਆ ਹੈ। ਮੀਰਾ ਅਤੇ ਕੋਵਿੰਦ ਦੋਵੇਂ 72 ਸਾਲ ਦੇ ਹਨ।
ਇਸ ਸਬੰਧੀ ਫ਼ੈਸਲਾ ਸੰਸਦ ਭਵਨ ਲਾਇਬ੍ਰੇਰੀ ਵਿੱਚ 17 ਗ਼ੈਰ ਐਨਡੀਏ ਪਾਰਟੀਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਅੱਜ ਦੀ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਸ਼ਰਦ ਪਵਾਰ, ਲਾਲੂ ਪ੍ਰਸਾਦ ਯਾਦਵ, ਅਹਿਮਦ ਪਟੇਲ, ਉਮਰ ਅਬਦੁੱਲਾ, ਸੀਤਾ ਰਾਮ ਯੇਚੁਰੀ, ਕਨੀਮੋਜ਼ੀ ਆਦਿ ਹਾਜ਼ਰ ਸਨ।
ਜਨਤਾ ਦਲ ਯੁਨਾਈਟਿਡ ਦੇ ਨਿਤੀਸ਼ ਕੁਮਾਰ ਵੱਲੋਂ ਰਾਮਨਾਥ ਕੋਵਿੰਦ ਨੂੰ ਸਮਰਥਨ ਦੇਣ ਅਤੇ ਮੀਟਿੰਗ ਤੋਂ ਗੈਰ-ਹਾਜ਼ਰ ਰਹਿਣ ਬਾਰੇ ਪੁੱਛੇ ਜਾਣ ‘ਤੇ ਸੋਨੀਆ ਨੇ ਕਿਹਾ, ”ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵਿਰੋਧੀ ਪਾਰਟੀਆਂ ਵੀ ਸਾਡੇ ਨਾਲ ਆਉਣਗੀਆਂ।” ਉਨ੍ਹਾਂ ਕਿਹਾ ਕਿ ਉਹ ਕਿਸੇ ਤੋਂ ਪ੍ਰੇਸ਼ਾਨ ਨਹੀਂ ਹਨ। ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੀਰਾ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ ਅਤੇ ਮੀਟਿੰਗ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਦਾ ਨਾਂ ਤਜਵੀਜ਼ ਕੀਤਾ ਹੈ। ਮੀਰਾ ਕੁਮਾਰ ਸਾਬਕਾ ਰੱਖਿਆ ਮੰਤਰੀ ਜਗਜੀਵਨ ਰਾਮ ਦੀ ‘ਮਸ਼ਹੂਰ ਬੇਟੀ’ ਹੈ। ਉਨ੍ਹਾਂ ਤੋਂ ਵਧੀਆ ਕੋਈ ਉਮੀਦਵਾਰ ਨਹੀਂ ਹੋ ਸਕਦਾ। ਸੀਪੀਆਈ(ਐਮ) ਦੇ ਆਗੂ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਉਹ ਸਭ ਨੂੰ ਮੀਰਾ ਦੀ ਹਮਾਇਤ ਕਰਨ ਦੀ ਅਪੀਲ ਕਰਦੇ ਹਨ। ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਿਲ ਕੇ ਫ਼ੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕਰਨਗੇ। ਮੀਰਾ ਕੁਮਾਰ ਦੇ ਐਲਾਨ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਨੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਐਨਡੀਏ ਉਮੀਦਵਾਰ ਦੇ ਮੁਕਾਬਲੇ ਮੀਰਾ ਵਧੇਰੇ ਯੋਗ ਅਤੇ ਪਸੰਦੀਦਾ ਉਮੀਦਵਾਰ ਹੈ। ਉਨ੍ਹਾਂ ਕਿਹਾ ਸ੍ਰੀ ਕੋਵਿੰਦ ਸ਼ੁਰੂ ਤੋਂ ਹੀ ਭਾਜਪਾ ਅਤੇ ਆਰਐਸਐਸ ਦੀ ‘ਸੌੜੀ ਵਿਚਾਰਧਾਰਾ’ ਨਾਲ ਜੁੜੇ ਰਹੇ ਹਨ।

ਰਾਮ ਨਾਥ ਕੋਵਿੰਦ ਨੇ ਵਾਜਪਾਈ ਤੋਂ ਲਿਆ ਆਸ਼ੀਰਵਾਦ
ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸੇ ਦੌਰਾਨ ਭਾਜਪਾ ਨੇ ਕਿਹਾ ਕਿ ਕਾਂਗਰਸ ਨੇ ਮੀਰਾ ਨੂੰ ਬਲੀ ਦਾ ਬੱਕਰਾ ਬਣਾਇਆ ਹੈ। ਭਾਜਪਾ ਨੇ ਸਵਾਲ ਕੀਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਉਦੋਂ ਉਮੀਦਵਾਰ ਕਿਉਂ ਨਹੀਂ ਬਣਾਇਆ ਜਦੋਂ ਉਹ ਇਸ ਅਹੁਦੇ ‘ਤੇ ਚੁਣੇ ਜਾਣ ਦੀ ਹਾਲਤ ਵਿੱਚ ਸੀ।