ਕਰਜ਼ਾ ਮੁਆਫ਼ੀ ਦੇ ਐਲਾਨ ਮਗਰੋਂ ਮਹਾਰਾਸ਼ਟਰ ਦੇ ਕਿਸਾਨਾਂ ਨੇ ਅੰਦੋਲਨ ਖ਼ਤਮ ਕੀਤਾ

0
301
Bhopal: Madhya Pradesh Chief Minister Shivraj Singh Chouhan having juice from former Chief Minister Kailash Joshi to break his indefinite fast for Peace in State, in Bhopal on Sunday. Union MInister Narendra Singh Tomar (L) is also present on this occasion. PTI Photo (PTI6_11_2017_000115B)
ਕੈਪਸ਼ਨ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ।

ਮੁੰਬਈ/ਬਿਊਰੋ ਨਿਊਜ਼ :
ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਕਰਜ਼ਾ ਮੁਆਫ਼ੀ ਦੇ ਮਾਪਦੰਢ ਤੈਅ ਕਰਨ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਐਲਾਨ ਮਘਰੋਂ ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ।
ਮਾਲ ਮੰਤਰੀ ਚੰਦਰਕਾਂਤ ਪਾਟਿਲ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਤੁਰੰਤ ਹੀ ਮੁਆਫ਼ ਕੀਤਾ ਜਾਵੇਗਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਦੇ ਪ੍ਰਧਾਨ ਪਾਟਿਲ ਇੱਥੇ ਕਿਸਾਨ ਆਗੂਆਂ ਨਾਲ ਗੱਲਬਾਤ ਮਘਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗੱਲਬਾਤ ‘ਚ ਭਾਗ ਲੈਣ ਆਏ ਕਿਸਾਨ ਆਗੂ ਤੇ ਲੋਕ ਸਭਾ ਮੈਂਬਰ ਰਾਜੂ ਸ਼ੈੱਟੀ ਨੇ ਕਿਹਾ ਕਿ  ਉਹ ਖੁਸ਼ ਹਨ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸ੍ਰੀ ਸ਼ੈੱਟੀ ਨੇ ਕਿਹਾ, ‘ਸਾਡੇ ਮਸਲੇ ਸੁਲਝ ਗਏ ਹਨ। ਅਸੀਂ ਧਰਨੇ ਮੁਜ਼ਾਹਰੇ ਸਮੇਤ ਆਪਣਾ ਸੰਘਰਸ਼ ਅਸਥਾਈ ਤੌਰ ‘ਤੇ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ, ਪਰ ਜੇਕਰ 25 ਜੁਲਾਈ ਤੱਕ ਕਰਜ਼ਾ ਮੁਆਫ਼ੀ ਬਾਰੇ ਕੋਈ ਤਸੱਲੀਬਖ਼ਸ਼ ਫ਼ੈਸਲਾ ਨਾ ਲਿਆ ਗਿਆ ਤਾਂ ਉਹ ਆਪਣਾ ਸੰਘਰਸ਼ ਮੁੜ ਸ਼ੁਰੂ ਕਰ ਦੇਣਗੇ।’ ਇੱਕ ਹੋਰ ਕਿਸਾਨ ਆਗੂ ਰਘੂਨਾਥਦਾਦਾ ਪਾਟਿਲ ਨੇ ਕਿਹਾ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇਗਾ। ਮੰਤਰੀ ਸਮੂਹ ਨੇ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਕਰਜ਼ਾ ਦੇਣਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਮਾਲ ਮੰਤਰੀ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਧਾਰਨ ਬੈਂਕਿੰਗ ਦਾ ਸਵਾਲ ਹੈ। ਜਦ ਤੱਕ ਪੁਰਾਣਾ ਕਰਜ਼ਾ ਮੁਆਫ਼ ਨਹੀਂ ਹੋਵੇਗਾ, ਨਵਾਂ ਕਰਜ਼ਾ ਨਹੀਂ ਮਿਲ ਸਕਦਾ।

ਸ਼ਿਵਰਾਜ ਚੌਹਾਨ ਨੇ ਵਰਤ ਕੀਤਾ ਸਮਾਪਤ
ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਆਪਣਾ ਮਰਨ ਵਰਤ ਖ਼ਤਮ ਕਰਦਿਆਂ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਹੁਣ ਹਾਲਾਤ ਸ਼ਾਂਤ ਹੋ ਗਏ ਹਨ। ਸੂਬੇ ਵਿੱਚ ਕਿਸਾਨ ਮੁੱਦਿਆਂ ‘ਤੇ ਫੈਲੀ ਹਿੰਸਾ ਮਘਰੋਂ ਵਿਵਾਦਾਂ ‘ਚ ਸਾਹਮਣਾ ਕਰ ਰਹੇ ਮੱੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ ਹੱਥੋਂ ਨਾਰੀਅਲ ਪਾਣੀ ਪੀ ਕੇ ਮਰਨ ਵਰਤ ਤੋੜਿਆ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਅਮਨ ਦੀ ਸਥਿਤੀ ਹੈ ਤੇ ਦੋ ਦਿਨ ਤੋਂ ਸੂਬੇ ‘ਚ ਕੋਈ ਵੀ ਹਿੰਸਕ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਮੰਦਸੌਰ ‘ਚ ਪੰਜ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਇੱਥੇ ਦਸਹਿਰਾ ਮੈਦਾਨ ‘ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਕੇਂਦਰ ਸਰਕਾਰ ਵਲੋਂ  ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਕਿਸਾਨਾਂ ਦੀ ਜਿਣਸ ਖਰੀਦਣਾ ਅਪਰਾਧ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਖੇਤੀਬਾੜੀ ਵਾਲੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਸੂਬਾ ਸਰਕਾਰ ਵਲੋਂ ਕਿਸਾਨ ਬਾਜ਼ਾਰ ਸਥਾਪਤ ਕਰਨ ਦੀ ਗੱਲ ਵੀ ਕਹੀ। ਦੂਜੇ ਪਾਸੇ ਕਿਸਾਨ ਅੰਦੋਲਨ ਹਿੰਸਾ ‘ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਆਗੂਆਂ ਮੇਧਾ ਪਾਟਕਰ, ਯੋਗਿੰਦਰ ਯਾਦਵ ਤੇ ਸਵਾਮੀਅਗਨੀਵੇਸ਼ ਸਮੇਤ 30 ਸਮਾਜਿਕ ਕਾਰਕੁਨਾਂ ਨੂੰ ਰਤਲਾਮ ਵਿੱਚ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਸਮਾਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਉਧਰ ਮੰਦਸੌਰ ਵਿੱਚ ਹਾਲਾਤ ਸ਼ਾਂਤ ਰਹਿਣ ਮਘਰੋਂ ਤਿੰਨ ਥਾਣਿਆਂ ਅਧੀਨ ਖੇਤਰਾਂ ‘ਚੋਂ ਕਰਫਿਊ ਹਟਾ ਲਿਆ ਗਿਆ ਹੈ, ਪਰ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਲਾਈਆਂ ਗਈਆਂ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ। ਇੱਕ ਵੱਖਰੀ ਸੂਚਨਾ ਮੁਤਾਬਕ ਪਾਟੀਦਾਰ ਅੰਦੋਲਨ ਦਾ ਆਗੂ ਹਾਰਦਿਕ ਪਟੇਲ ਵੀ ਆਪਣੇ ਸਮਰਥਕਾਂ ਸਮੇਤ ਮੰਦਸੌਰ ਦਾ ਦੌਰਾ ਕਰੇਗਾ।