ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਗੁਰਧਾਮ ਦਰਸ਼ਨਾਂ ਲਈ ਗੰਗਾ ਵਿਚ ਚਲਾਏ ਤਿੰਨ ਜਹਾਜ਼

0
940

patna-sahib-parkash-utsav
ਕੈਪਸ਼ਨ-ਗੁਰਦੁਆਰਾ ਕੰਗਣ ਘਾਟ ਤੋਂ ਰਵਾਨਾ ਹੋਣ ਸਮੇਂ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਦਇਆ ਸਿੰਘ ਅਤੇ ਇੰਗਲੈਂਡ ਦਾ  ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ।
ਪਟਨਾ ਸਾਹਿਬ/ਬਿਊਰੋ ਨਿਊਜ਼ :
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਵਿਚਕਾਰ ਬਿਹਾਰ ਸਰਕਾਰ ਨੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਣੀ ਵਾਲੇ ਤਿੰਨ ਜਹਾਜ਼ ਗੰਗਾ ਵਿੱਚ ਚਲਾ ਦਿੱਤੇ ਹਨ। ਫੁੱਲਾਂ ਨਾਲ ਸਜਾਏ ਇਹ ਜਹਾਜ਼ ਸੰਗਤ ਨੂੰ ਗੰਗਾ ਕੰਢੇ ਪੈਂਦੇ ਦੋ ਗੁਰਧਾਮਾਂ ਕੰਗਣ ਘਾਟ ਅਤੇ ਗਊ ਘਾਟ ਦੇ ਦਰਸ਼ਨ ਕਰਵਾਉਣਗੇ। ਗੁਰੂ ਗੋਬਿੰਦ ਸਿੰਘ ਦੇ  350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਬਿਹਾਰ ਸਰਕਾਰ ਦੇ ਸੈਰ ਸਪਾਟਾ ਵਿਭਾਗ ਨੇ ਇਹ ਉਪਰਾਲਾ ਕੀਤਾ ਹੈ। ਇਹ ਜਹਾਜ਼ 6 ਜਨਵਰੀ ਤਕ ਗੁਰਦੁਆਰਾ ਕੰਗਣ ਘਾਟ ਤੋਂ ਗਾਂਧੀ ਘਾਟ ਤਕ ਚੱਲਣਗੇ ਜਿਥੇ 5 ਜਨਵਰੀ ਨੂੰ ਮੁੱਖ ਸਮਾਗਮ ਹੋਣੇ ਹਨ। ਤਿੰਨਾਂ ਜਹਾਜ਼ਾਂ ਨੂੰ ਅੱਜ ਪਟਨਾ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਸ਼ਰਧਾਲੂਆਂ ਦੇ ਜਥੇ ਨਾਲ ਰਵਾਨਾ ਕੀਤਾ। ਜਥਿਆਂ ਵਿੱਚ ਇੰਗਲੈਂਡ ਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਦਇਆ ਸਿੰਘ ਦੇ ਜਥੇ  ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਵਿੱਚ ਸਫ਼ਰ ਕਰਨ ਵਾਲੇ ਕਿਸੇ ਵੀ ਸ਼ਰਧਾਲੂ ਕੋਲੋਂ ਪੈਸੇ ਨਹੀਂ ਵਸੂਲੇ ਜਾਣਗੇ। ਗੰਗਾ ਵਿੱਚ ਚਲਦੀਆਂ ਨਿੱਜੀ ਕਿਸ਼ਤੀਆਂ ‘ਤੇ 6 ਜਨਵਰੀ ਤਕ ਪਾਬੰਦੀ ਲਾ ਦਿੱਤੀ ਗਈ ਹੈ। ਕਸਤੂਰਬਾ, ਵੀ ਵੀ ਗਿਰੀ ਅਤੇ ਗੰਗੋਤਰੀ ਨਾਂ ਦੇ ਜਹਾਜ਼ਾਂ ਨਾਲ ਸਫ਼ਰ ਸਿਰਫ਼ ਅੱਧੇ ਘੰਟੇ ਦਾ ਰਹਿ ਜਾਵੇਗਾ ਜਦਕਿ ਸੜਕ ਰਾਹੀਂ ਡੇਢ ਘੰਟੇ ਲਗਦੇ ਹਨ। ਪਟਨਾ ਸਾਹਿਬ ਦੇ ਐਸਡੀਐਮ ਯੋਗਿੰਦਰ ਸਿੰਘ ਨੇ ਦੱਸਿਆ ਕਿ ਬਿਹਾਰ ਸਰਕਾਰ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਨੂੰ ਮਨਾਉਣ ਲਈ ਪੂਰੀ ਤਨਦੇਹੀ ਨਾਲ ਜੁਟੀ ਹੋਈ ਹੈ। ਇਥੇ ਸਮਾਗਮਾਂ ਦੇ ਕੋਆਰਡੀਨੇਟਰ ਅਤੇ ਬਿਹਾਰ ਸਰਕਾਰ ਵਿੱਚ ਮੁੱਖ ਸਕੱਤਰ ਰਹੇ ਜੀ ਐਸ ਕੰਗ, ਪ੍ਰਿਆਦਰਸ਼ਨੀ, ਆਈਏਐਸ, ਭਾਰਤੀ ਅੰਤਰਰਾਜੀ ਜਲ ਮਾਰਗ ਵਿਭਾਗ ਦੇ ਡਾਇਰੈਕਟਰ ਰਵੀਕਾਂਤ ਅਤੇ ਸੈਰ ਸਪਾਟਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਭਾਫ ਦੇ ਇੰਜਣ ਨਾਲ ਤਿਆਰ ਕੀਤਾ ਜਾ ਰਿਹਾ ਹੈ ਲੰਗਰ
ਪਟਨਾ ਸਾਹਿਬ : ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਚਲ ਰਹੇ ਸਮਾਗਮਾਂ ਦੌਰਾਨ ਸੰਗਤਾਂ ਨੂੰ ਛਕਾਇਆ ਜਾਣ ਵਾਲਾ ਲੰਗਰ ਭਾਫ਼ ਦੇ ਇੰਜਣ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਖਾਣੇ ਵਿੱਚੋਂ ਜਿਥੇ ਪੌਸ਼ਟਿਕ ਤੱਤ ਨਹੀਂ ਮਰਦੇ, ਉਥੇ ਲੰਗਰ ਤਿਆਰ ਕਰਨ ਵਾਲੇ ਵੀ ਧੂੰਏਂ ਤੋਂ ਰਹਿਤ ਰਸੋਈ ਵਿੱਚ ਭੋਜਨ ਤਿਆਰ ਕਰ ਰਹੇ ਹਨ। ਰਾੜਾ ਸਾਹਿਬ ਵਾਲਿਆਂ ਵੱਲੋਂ ਸਾਰਾ ਲੰਗਰ ਭਾਫ਼ ਦੇ ਇੰਜਣ ਨਾਲ ਤਿਆਰ ਕੀਤਾ ਜਾ ਰਿਹਾ ਹੈ।