ਪਾਕਿਸਤਾਨ ਦੇ ਸਿੰਧ ਸੂਬੇ ਦੀ ਦਰਗਾਹ ‘ਚ ਫਿਦਾਈਨ ਹਮਲਾ, 70 ਮੌਤਾਂ

0
390

pakistan-unrest-bombings
ਕਰਾਚੀ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਸੂਬਾ ਸਿੰਧ ਦੇ ਸਹਿਵਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫ਼ੀ ਦਰਗਾਹ ਵਿੱਚ ਫਿਦਾਈਨ ਬੰਬ ਧਮਾਕੇ ਵਿੱਚ ਘੱਟੋ-ਘੱਟ 70 ਤੋਂ ਵੱਧ ਅਕੀਦਤਮੰਦ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਘਟਨਾ ਵੇਲੇ ਦਰਗਾਹ ਅਕੀਦਤਮੰਦਾਂ ਨਾਲ ਖਚਾਖਚ ਭਰੀ ਹੋਈ ਸੀ। ਦਹਿਸ਼ਤਗਰਦਾਂ ਵੱਲੋਂ ਮੁਲਕ ਵਿੱਚ ਇਕ ਹਫ਼ਤੇ ਦੌਰਾਨ ਕੀਤਾ ਗਿਆ ਇਹ ਪੰਜਵਾਂ ਭਿਆਨਕ ਹਮਲਾ ਹੈ। ਇਸ ਦੌਰਾਨ ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਸੂਫ਼ੀ ਰਸਮ ‘ਧਮਾਲ’ ਦੌਰਾਨ ਹੋਇਆ, ਜਦੋਂ ਦਰਗਾਹ ਵਿੱਚ ਸੈਂਕੜੇ ਲੋਕ ਹਾਜ਼ਰ ਸਨ ਤੇ ਇਕ ਹਮਲਾਵਰ ਨੇ ਭੀੜ ਵਿੱਚ ਆਪਣੇ ਆਪ ਨੂੰ ਉਡਾ ਦਿੱਤਾ। ਗ਼ੌਰਤਲਬ ਹੈ ਕਿ ਵੀਰਵਾਰ (ਜੁੰਮੇਰਾਤ) ਨੂੰ ਦਰਗਾਹ ਵਿੱਚ ਵੱਡੀ ਗਿਣਤੀ ਅਕੀਦਤਮੰਦ ਪੁੱਜਦੇ ਹਨ। ‘ਡਾਅਨ’ ਨੇ ਜਮਸ਼ੋਰੋ ਜ਼ਿਲ੍ਹੇ ਦੇ ਐਸਐਸਪੀ ਤਾਰਿਕ ਵਿਲਾਇਤ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਫਿਦਾਈਨ ਧਮਾਕਾ ਦਰਗਾਹ ਦੇ ਔਰਤਾਂ ਲਈ ਰਾਖਵੇਂ ਹਿੱਸੇ ਵਿੱਚ ਹੋਇਆ। ਸਹਿਵਨ ਵਿੱਚ ਘਟਨਾ ਸਥਾਨ ‘ਤੇ ਜਾਂਦੇ ਸਮੇਂ ਸ੍ਰੀ ਵਿਲਾਇਤ ਨੇ ਕਿਹਾ, ”ਸਹਿਵਨ ਪੁਲੀਸ ਵੱਲੋਂ ਦਿੱਤੀ ਗਈ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਇਕ ਫਿਦਾਈਨ ਬੰਬ ਧਾਮਾਕਾ ਸੀ। ਮੈਂ ਛੇਤੀ ਹੀ ਉਥੇ ਪੁੱਜ ਰਿਹਾ ਹਾਂ।” ਸਿੰਧ ਦੇ ਸਿਹਤ ਮੰਤਰੀ ਸਿਕੰਦਰ ਮਾਂਧਰੋ ਨੇ ਕਿਹਾ ਕਿ ਧਮਾਕੇ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਹੈ।
ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦੇ ਹੁਕਮ ਜਾਰੀ ਕਰਦਿਆਂ ਲਾਗਲੇ ਸ਼ਹਿਰਾਂ ਜਮਸ਼ੋਰੋ ਤੇ ਹੈਦਰਾਬਾਦ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ ਤਾਂ ਕਿ ਪੀੜਤਾਂ ਨੂੰ ਫ਼ੌਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।