ਹਿਨਾ ਰਬਾਨੀ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਿਚ ਵਿਦੇਸ਼ ਮੰਤਰੀ ਦੀ ਨਿਯੁਕਤੀ

0
309

pakistan-mantri
28 ਕੇਂਦਰੀ ਕੈਬਨਿਟ ਮੰਤਰੀ ਅਤੇ 18 ਰਾਜ ਮੰਤਰੀ ਸ਼ਾਮਲ
ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦਿਆਂ ਖ਼ਵਾਜ਼ਾ ਆਸਿਫ਼ ਨੂੰ ਦੇਸ਼ ਦਾ ਵਿਦੇਸ਼ ਮੰਤਰੀ ਨਿਯੁਕਤ ਕਰ ਦਿੱਤਾ ਹੈ। ਸਾਲ 2013 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਿੱਚ ਵਿਦੇਸ਼ ਮੰਤਰੀ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 2013 ਵਿੱਚ ਹਿਨਾ ਰਬਾਨੀ ਖਾਰ ਪਾਕਿਸਤਾਨ ਦੀ ਵਿਦੇਸ਼ ਮੰਤਰੀ ਸੀ।
‘ਡਾਅਨ’ ਅਖ਼ਬਾਰ ਦੀ ਖ਼ਬਰ ਅਨੁਸਾਰ ਰਾਸ਼ਟਰਪਤੀ ਮਮਨੂਨ ਹੂਸੈਨ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ 28 ਕੇਂਦਰੀ ਮੰਤਰੀਆਂ ਅਤੇ 18 ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਭਾਵੇਂ ਕਿ ਇਸ ਮੰਤਰੀ ਮੰਡਲ ਵਿੱਚ ਵਧੇਰੇ ਪੁਰਾਣੇ ਚਿਹਰੇ ਹਨ ਪਰ ਕੁੱਝ ਨਵੇਂ ਮੰਤਰੀ ਅਤੇ ਰਾਜ ਮੰਤਰੀ ਵੀ ਸ਼ਾਮਲ ਕੀਤੇ ਗਏ ਹਨ। ਨਵੇਂ ਮੰਤਰੀਆਂ ਦੇ ਅਹੁਦੇ ਵੰਡਣ ਲਈ ਨਵਨਿਯੁਕਤ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅਬਾਸੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਲ ਮੁਰੀ ਵਿੱਚ ਕੋਈ ਛੇ ਘੰਟੇ ਲੰਬੀ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਨਵਾਜ਼ ਸ਼ਰੀਫ ਦੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਸ਼ਾਮਲ ਹੋਏ। ਆਸਿਫ਼ ਪਹਿਲਾਂ ਸ਼ਰੀਫ ਮੰਤਰੀ ਮੰਡਲ ਵਿੱਚ ਦੇਸ਼ ਦੇ ਰੱਖਿਆ ਮੰਤਰੀ ਸਨ ਅਤੇ ਹੁਣ ਉਨ੍ਹਾਂ ਨੂੰ ਦੇਸ਼ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸਾਬਕਾ ਯੋਜਨਾ ਮੰਤਰੀ ਆਸਿਫ਼ ਇਕਬਾਲ ਨੂੰ ਦੇਸ਼ ਦਾ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸਹਾਕ ਡਾਰ ਵਿਤ ਮੰਤਰੀ ਦੇ ਅਹੁਦੇ ਉੱਤੇ ਕਾਇਮ ਰਹਿ ਗਏ ਹਨ। ਪ੍ਰਵੇਜ਼ ਮਲਿਕ ਨੂੰ ਵਣਜ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਖ਼ੁਰਮਦਸਤਗੀਰ ਖਾਨ ਨੂੰ ਪਾਕਿਸਤਾਨ ਦਾ ਰੱਖਿਆ ਮੰਤਰੀ ਬਣਾਇਆ ਗਿਆ ਹੈ। ਡਾਰ ਕੋਲ ਵਿਤ ਮੰਤਰੀ ਦਾ ਅਹੁਦਾ ਰਹਿ ਗਿਆ ਹੈ। ਇਸ ਤੋਂ ਇਲਾਵਾ ਮਰੀਅਮ ਔਰੰਗਜ਼ੇਬ ਨੂੰ ਸੂਚਨਾ ਰਾਜ ਮੰਤਰੀ ਬਣਾਇਆ ਗਿਆ ਹੈ। ਪਾਕਿਸਤਾਨ ਦੇ ਤਾਕਤਵਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਨਿਸਾਰ ਅਲੀ ਖਾਨ ਮੰਤਰੀ ਮੰਡਲ ਵਿੱਚ ਨਹੀਂ ਹਨ, ਉਨ੍ਹਾਂ ਪਾਰਟੀ ਲੀਡਰਸ਼ਿਪ ਨਾਲ ਮਤਭੇਦਾਂ ਦੇ ਚੱਲਦਿਆਂ ਮੰਤਰੀ ਦਾ ਅਹੁਦਾ ਲੈਣ ਤੋਂ ਨਾਂਹ ਕਰ ਦਿੱਤੀ ਹੈ।