ਆਨੰਦ ਮੈਰਿਜ ਐਕਟ ਲਾਗੂ ਕਰਾਉਣ ਲਈ ਪਾਕਿਸਤਾਨੀ ਸਿੱਖਾਂ ਵਲੋਂ ਪ੍ਰਦਰਸ਼ਨ

0
726

pak-anad-marriage-act
ਕਰਾਚੀ/ਬਿਊਰੋ ਨਿਊਜ਼ :
ਪਾਕਿਸਤਾਨ ਸਰਕਾਰ ਵੱਲੋਂ ਸਿੱਖ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦੇ ਦਾਅਵੇ ਦੀ ਪੋਲ ਖੋਲ੍ਹਦਿਆਂ ਪਾਕਿਸਤਾਨੀ ਸਿੱਖਾਂ ਨੇ ਕਰਾਚੀ ਸ਼ਹਿਰ ਵਿਚ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਵਰਣਨਯੋਗ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਸੰਨ 2007 ਤੋਂ ਸਿੱਖ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵੱਲੋਂ ਹਿੰਦੂ ਵਿਆਹ ਪੰਜੀਕਰਨ ਐਕਟ ਪਾਸ ਕੀਤੇ ਜਾਣ ਨੂੰ ਪਾਕਿਸਤਾਨ ਸਿੱਖ ਭਾਈਚਾਰੇ ਨਾਲ ਧ੍ਰੋਹ ਦੱਸਦਿਆਂ ਪ੍ਰਦਰਸ਼ਨਕਾਰੀ ਸਿੱਖਾਂ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਪਾਕਿ ਸਰਕਾਰ ਸਿੱਖਾਂ ਨੂੰ ਉਪਰੋਕਤ ਐਕਟ ਲਾਗੂ ਕੀਤੇ ਜਾਣ ਦਾ ‘ਛਲਾਵਾ’ ਦੇ ਰਹੀ ਹੈ, ਜਦੋਂਕਿ ਹਕੀਕਤ ਵਿੱਚ ਪਾਕਿਸਤਾਨ ਵਿਚ ਰਹਿੰਦਾ ਕੋਈ ਵੀ ਸਿੱਖ ਅਜੇ ਤਕ ਆਪਣੇ ਵਿਆਹ ਦਾ ਸਰਟੀਫਿਕੇਟ ਹਾਸਲ ਨਹੀਂ ਕਰ ਸਕਿਆ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਹ ਵਿਆਹੁਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਨੂੰ ਵਿਆਹ ਦੇ ਸਰਟੀਫਿਕੇਟ ਵੱਜੋਂ ਗੁਰਦੁਆਰੇ ਦੇ ਨਾਂ ‘ਤੇ ਬਣਾਇਆ ਨਿਕਾਹਨਾਮਾ ਦਿੱਤਾ ਜਾਂਦਾ ਹੈ।
ਹਿੰਦੂ ਵਿਆਹ ਪੰਜੀਕਰਨ ਬਿੱਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ
ਇਸਲਾਮਾਬਾਦ ਦੀ ਨੈਸ਼ਨਲ ਅਸੈਂਬਲੀ ਵੱਲੋਂ ਲਾਗੂ ਕੀਤੇ ਹਿੰਦੂ ਵਿਆਹ ਪੰਜੀਕਰਨ ਐਕਟ ਨੂੰ ਪਾਕਿ ਹਿੰਦੂਆਂ ਨੇ  ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ। ਸਿੰਧ ਦੇ ਵਕੀਲ ਸ਼ੰਕਰ ਮੇਘਵਾਰ ਨੇ ਦੋਸ਼ ਲਗਾਇਆ ਕਿ ਹਿੰਦੂ ਵਿਆਹ ਪੰਜੀਕਰਨ ਐਕਟ ਵਿਚ ਦਰਜ ਧਾਰਾ 12 (3) ਦੇ ਅਨੁਸਾਰ ਕਿਸੇ ਵੀ ਹਿੰਦੂ ਜੋੜੇ ਵਿਚੋਂ ਪਤਨੀ ਜਾਂ ਪਤੀ ਦੇ ਧਰਮ ਪਰਿਵਰਤਨ ਕਰਨ ‘ਤੇ ਵਿਆਹ ਖਤਮ ਹੋਇਆ ਮੰਨਿਆ ਜਾਵੇਗਾ।