ਔਰੋਵਿਲ ਡੈਮ ਦੇ ਖ਼ਤਰੇ ਕਾਰਨ ਬੇਘਰ ਹੋਏ ਲੋਕਾਂ ਨੂੰ ਗੁਰਦੁਆਰਿਆਂ ਨੇ ਦਿੱਤੀ ਪਨਾਹ

0
409

ਡੈਮ ਟੁੱਟਣ ਦੇ ਡਰੋਂ ਦੋ ਲੱਖ ਲੋਕਾਂ ਨੂੰ ਇਲਾਕਾ ਛੱਡਣ ਦੇ ਹੁਕਮ
sikh-temple-provides-shelter-for-hundreds-of-oroville-dam-evacuees-jasjit
ਕੈਪਸ਼ਨ-ਗੁਰਦੁਆਰਾ ਸਾਹਿਬ ਵਿਖੇ ਦਲਜੀਤ ਸਿੰਘ (7) ਫਰੈਂਚ ਫਰਾਈਜ਼ ਖਾਂਦਾ ਹੋਇਆ। ਨਾਲ ਉਸ ਦੀ ਮਾਤਾ ਰਮਨਦੀਪ ਕੌਰ ਤੇ ਪਿਤਾ ਬਲਵੰਤ ਸਿੰਘ ਨਜ਼ਰ ਆ ਰਹੇ ਹਨ। ਯੂਬਾ ਸਿਟੀ ਤੋਂ ਆਏ ਇਸ ਪਰਿਵਾਰ ਨੇ ਗੁਰਦੁਆਰਾ ਸਾਹਿਬ ਵਿਚ ਪਨਾਹ ਲਈ ਹੈ।

ਸੈਕਰਾਮੈਂਟੋ/ਬਿਊਰੋ ਨਿਊਜ਼ :
ਔਰੋਵਿਲ ਡੈਮ ਟੁੱਟਣ ਦੇ ਖ਼ਤਰੇ ਕਾਰਨ ਸਹਿਮੇ ਹਜ਼ਾਰਾਂ ਲੋਕਾਂ ਨੂੰ ਕੈਲੀਫੋਰਨੀਆ ਦੇ ਗੁਰਦੁਆਰਿਆਂ ਨੇ ਪਨਾਹ ਦਿੱਤੀ ਹੈ। ਸੁਰੱਖਿਆ ਗਾਰਡਾਂ, ਅਧਿਆਪਕਾਂ, ਕਿਸਾਨਾਂ ਤੇ ਸੈਂਟਰਲ ਵੈਲੀ ਦੇ ਵੱਡੀ ਗਿਣਤੀ ਸਿੱਖ ਭਾਈਚਾਰੇ ਨੇ ਇਥੋਂ ਦੇ ਦੋ ਮੰਜ਼ਿਲਾ ਗੁਰਦੁਆਰਾ ਸਾਹਿਬ ਵਿਖੇ ਪਨਾਹ ਲਈ ਹੈ। ਜਦੋਂ ਉਨ੍ਹਾਂ ਨੂੰ ਆਪਣਾ ਇਲਾਕਾ ਤੁਰੰਤ ਖਾਲੀ ਕਰਨ ਦੇ ਹੁਕਮ ਹੋਏ ਤਾਂ ਉਹ ਆਪਣੇ ਨਾਲ ਜ਼ਰੂਰੀ ਸਾਮਾਨ ਚੁੱਕ ਕੇ ਤੁਰ ਪਏ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਔਰੋਵਿਲ ਡੈਮ ਦੇ ਟੁੱਟਣ ਦਾ ਡਰ ਪੈਦਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਸਰਕਾਰ ਨੇ ਪ੍ਰਭਾਵਤ ਇਲਾਕਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਕਰੀਬ ਦੋ ਲੱਖ ਲੋਕਾਂ ‘ਤੇ ਬੇਘਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਸਮੁੱਚੀ ਯੂਬਾ ਕਾਊਂਟੀ ਡੈਮ ਦੇ ਪਾਣੀ ਦੀ ਮਾਰ ਵਿੱਚ ਆਉਂਦੀ ਹੈ।
ਉੱਤਰੀ ਕੈਲੀਫੋਰਨੀਆ ਵਿੱਚ ਔਰੋਵਿਲ ਡੈਮ ਸੂਬੇ ਦੀ ਰਾਜਧਾਨੀ ਸੈਕਰਾਮੈਂਟੋ ਤੋਂ ਕੋਈ 120 ਕਿਲੋਮੀਟਰ ਦੂਰ ਹੈ। ਕਈ ਹਫ਼ਤਿਆਂ ਤੋਂ ਪੈ ਰਹੇ ਮੀਂਹ ਕਾਰਨ ਡੈਮ ਉੱਛਲਣ ਲੱਗ ਪਿਆ ਹੈ। ਇਸੇ ਦੌਰਾਨ ‘ਸੈਕਰਾਮੈਂਟੋ ਬੀ’ ਅਖ਼ਬਾਰ ਅਨੁਸਾਰ 770 ਫੁੱਟ Àੱਚੇ ਡੈਮ ਦੇ ਟੁੱਟਣ ਵਾਲੀ ਕੋਈ ਗੱਲ ਨਹੀ ਹੈ ਪਰ ਬੰਨ੍ਹ ਉਛਲਣ ਕਾਰਨ ਇਸ ਦੇ ਦੇ ਗੇਟ ਖੋਲ੍ਹਣੇ ਮੁਸ਼ਕਲ ਹੋ ਗਏ ਹਨ ਅਤੇ ਗੇਟ ਖੋਲ੍ਹਣ ਕਾਰਨ ਹੋਣ ਵਾਲੀ ਤਬਾਹੀ ਚਿੰਤਾ ਦਾ ਵਿਸ਼ਾ ਹੈ। ਡੈਮ ਦੇ ਅਧਿਕਾਰੀ ਇੱਕ ਲੱਖ ਕਿਊਬਿਕ ਫੁੱਟ ਪਾਣੀ ਪ੍ਰਤੀ ਸੈਕਿੰਡ ਮੁੱਖ ਗੇਟ ਰਾਹੀਂ ਛੱਡ ਰਹੇ ਹਨ।
ਇਸ ਬਿਪਤਾ ਮੌਕੇ ਲੋਕਾਂ ਦੀ ਸਹਾਇਤਾ ਲਈ ਸਿੱਖ ਭਾਈਚਾਰੇ ਨੇ ਅੱਗੇ ਆਉਂਦਿਆਂ ਗੁਰੂਘਰਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਹਨ ਅਤੇ ਵਿਸ਼ੇਸ਼ ਫੋਨ ਲਾਈਨਾਂ ਵੀ ਚਾਲੂ ਕੀਤੀਆਂ ਹਨ। ਇਥੇ ਗੁਰਦੁਆਰਾ ਸਾਹਿਬ ਵਿਚ ਜਦੋਂ 200 ਤੋਂ ਵੱਧ ਪੀੜਤ ਪੁੱਜੇ ਤਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਬਿਨਾਂ ਕਿਸੇ ਝਿਜਕ ਦੇ ਇਨ੍ਹਾਂ ਲਈ ਬਾਥਰੂਮਾਂ, ਬਿਸਤਰਿਆਂ ਤੇ ਖਾਣੇ ਦਾ ਪ੍ਰਬੰਧ ਕੀਤਾ। 19 ਮੈਂਬਰੀ ਸਟਾਫ਼ ਇਨ੍ਹਾਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋ ਗਿਆ। ਅਚਾਨਕ ਪਈ ਬਿਪਤਾ ਕਾਰਨ ਸੇਵਾ ਵਿਚ ਜੁਟੇ ਇਨ੍ਹਾਂ ਸਟਾਫ਼ ਮੈਂਬਰਾਂ ਦੇ ਚਿਹਰੇ ‘ਤੇ ਭਾਵੇਂ ਥਕਾਵਟ ਨਜ਼ਰ ਆ ਰਹੀ ਸੀ ਪਰ ਉਹ ਖ਼ੁਸ਼ੀ ਖ਼ੁਸ਼ੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਸ. ਰਣਜੀਤ ਸਿੰਘ ਨੇ ਦੱਸਿਆ, ‘ਲੰਬੇ ਸਮੇਂ ਤਕ ਜਾਮ ਵਿਚ ਫਸੇ ਲੋਕ ਹਾਲੇ ਵੀ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ। ਸਾਡੇ ਕੋਲ ਇਨ੍ਹਾਂ ਲੋਕਾਂ ਨੂੰ ਪਨਾਹ ਦੇਣ ਲਈ ਸਾਰੀਆਂ ਸਹੂਲਤਾਂ ਮੌਜੂਦ ਹਨ। ਅਸੀਂ ਇੱਥੇ 300-400 ਲੋਕਾਂ ਦਾ ਪ੍ਰਬੰਧ ਕਰ ਸਕਦੇ ਹਾਂ। ਜੇਕਰ ਕਿਸੇ ਨੂੰ ਵੀ ਮਦਦ ਦੀ ਲੋੜ ਹੈ ਤਾਂ ਅਸੀਂ ਉਹ ਮੁਹੱਈਆ ਕਰਵਾਵਾਂਗੇ। ਇੱਥੇ ਸਾਰਿਆਂ ਦਾ ਸਵਾਗਤ ਹੈ।’
ਗੁਰਦੁਆਰਾ ਸਾਹਿਬ ਦੇ ਬੁਲਾਰੇ ਦਰਸ਼ਨ ਸਿੰਘ ਮੁੰਡੇ ਨੇ ਕਿਹਾ, ‘ਗੁਰਦੁਆਰਾ ਸਾਹਿਬ ਵਿਚ ਹਰ ਇਕ ਦਾ ਸਵਾਗਤ ਹੈ। ਇਥੋ ਦਾ ਸਟਾਫ਼ ਹਰ ਐਤਵਾਰ ਨੂੰ 3000 ਦੇ ਕਰੀਬ ਲੋਕਾਂ ਲਈ ਲੰਗਰ ਤਿਆਰ ਕਰਦਾ ਹੈ।’ ਇਹ ਇਸ ਖੇਤਰ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਗੁਰਦੁਆਰਾ ਹੈ। 50,000 ਸਕੇਅਰ ਫੁੱਟ ਵਿਚ ਇਸ ਗੁਰਦੁਆਰਾ ਸਾਹਿਬ ਵਿਚ ਸਭ ਤੋਂ ਵੱਧ ਲੋਕਾਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਰਿਓ ਲਿੰਡਾ ਸਥਿਤ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਨੇ ਬੇਘਰੇ ਹੋਏ 50-60 ਪਰਿਵਾਰਾਂ ਨੂੰ ਠਾਹਰ ਦਿੱਤੀ ਹੈ। ਮੁੰਡੇ ਨੇ ਕਿਹਾ ਕਿ ਇਥੇ ਕਾਲੇ, ਗੋਰੇ, ਏਸ਼ੀਅਨ ਤੇ ਹਿਸਪੈਨਿਕ ਸਾਰੇ ਤਰ੍ਹਾਂ ਦੇ ਲੋਕ ਆਏ ਹਨ। ਇਨ੍ਹਾਂ ਸਾਰਿਆਂ ਨੂੰ ਸ਼ੁੱਧ ਸਾਕਾਹਾਰੀ ਭੋਜਨ ਦਿੱਤਾ ਜਾ ਰਿਹਾ ਹੈ। ਕਈ ਲੋਕ ਇੱਥੇ ਆਉਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ ਜਦਕਿ ਕਈ ਅਗਲੇ ਹੁਕਮਾਂ ਤਕ ਇੱਥੇ ਹੀ ਠਹਿਰਣਗੇ।
ਲਾਈਵ ਓਕ ਦੀ ਕਿਰਨ ਫਗੂਰਾ ਨੇ ਕਿਹਾ, ‘ਮੈਂ ਹੋਰ ਕਿਤੇ ਨਹੀਂ ਜਾਣਾ ਚਾਹੁੰਦੀ। ਮੈਂ ਹੜ੍ਹ ਦੇ ਡਰੋਂ ਆਪਣੇ ਪਰਿਵਾਰ ਸਮੇਤ ਇੱਥੇ ਪੁੱਜੀ ਹਾਂ ਪਰ ਇਥੋਂ ਅਸੀਂ ਹੋਰ ਕਿਤੇ ਨਹੀਂ ਜਾ ਰਹੇ। ਇੱਥੇ ਪ੍ਰਮਾਤਮਾ ਦਾ ਆਸ਼ੀਰਵਾਦ ਹੈ।’ ਕਿਰਨ ਚਾਰ ਕਾਰਾਂ ਰਾਹੀਂ 20 ਮੈਂਬਰਾਂ ਵਾਲੇ ਪਰਿਵਾਰ ਨਾਲ ਇੱਥੇ ਪੁੱਜੀ ਹੈ। ਕਿਰਨ ਦਾ ਪਤੀ, ਧੀ ਹਰਨੂਰ, ਭਤੀਜੇ=ਭਤੀਜੀਆਂ, ਮਾਪਿਆਂ ਤੇ ਹੋਰਨਾਂ ਮੈਂਬਰਾਂ ਨਾਲ ਇੱਥੇ ਆਈ ਹੈ। ਮੁੰਡੇ ਨੇ ਦੱਸਿਆ ਕਿ ਪੰਜਾਬ ਤੋਂ ਆਏ ਸਿੱਖ ਭਾਈਚਾਰੇ ਦੇ ਲੋਕ ਯੂਬਾ ਸਿਟੀ, ਮੈਰਿਸਵਿਲ ਵਰਗੇ ਸ਼ਹਿਰਾਂ ਵਿਚ ਖੇਤੀ ਕਰਦੇ ਹਨ। ਇਥੇ 40,000 ਤੋਂ ਵੱਧ ਸਿੱਖ ਰਹਿ ਰਹੇ ਹਨ ਜਦਕਿ ਸੈਕਰਾਮੈਂਟੋ ਖੇਤਰ ਵਿਚ ਅੰਦਾਜ਼ਨ 70,000 ਸਿੱਖ ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਸਿੱਖ ਹਮੇਸ਼ਾ ਦੂਜਿਆਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ ਪਰ ਉਦੋਂ ਦੁੱਖ ਹੁੰਦਾ ਹੈ ਜਦੋਂ ਇਨ੍ਹਾਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਗੁਰਦੁਆਰਾ ਸਾਹਿਬ ਵਿਚ ਨਾ ਸਿਰਫ਼ ਸਿੱਖਾਂ ਨੂੰ ਬਲਕਿ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਪਨਾਹ ਦਿੱਤੀ ਗਈ ਹੈ।
ਸੈਮ ਤੇ ਰੋਕਸਾਨਾ ਲਿਓਨ ਸਟੇਸ਼ਨ ਵੈਗਨ ਰਾਹੀਂ ਓਲਿਵਹਸਟ ਤੋਂ ਆਪਣੇ ਚਾਰ ਬੱਚਿਆਂ (2 ਤੋਂ 9 ਸਾਲ) ਨਾਲ ਇੱਥੇ ਪੁੱਜੇ ਹਨ। ਲਿਓਨ ਨੇ ਕਿਹਾ, ‘ਇਹ ਬਹੁਤ ਭਿਆਨਕ ਸਮਾਂ ਹੈ। ਸਾਨੂੰ ਲੱਗਿਆ ਕਿ ਅਸੀਂ ਪਾਣੀ ਵਿਚ ਵਹਿ ਜਾਵਾਂਗੇ। ਮੈਨੂੰ ਤਾਂ ਆਪਣੀਆਂ ਦਵਾਈਆਂ ਚੁੱਕਣ ਦਾ ਵੀ ਸਮਾਂ ਨਹੀਂ ਮਿਲਿਆ। ਮੈਂ ਕੁਝ ਨਹੀਂ ਪਤਾ ਕਿ ਅੱਗੇ ਕੀ ਹੋਣਾ ਹੈ ਤੇ ਅਸੀਂ ਕਿੱਥੇ ਜਾਣਾ ਹੈ। ਅਲਰਟ ਨੇ ਸਾਨੂੰ ਹੋਰ ਕੁਝ ਨਹੀਂ ਦੱਸਿਆ।’ ਟਰੱਕ ਸਟਾਪ ‘ਤੇ ਕੁਝ ਦੇਰ ਸੌਣ ਮਗਰੋਂ ਲਿਓਨ ਨੇ ਕਿਹਾ ਕਿ ਉਨ੍ਹਾਂ ਨੇ ਖ਼ਬਰਾਂ ਵਿਚ ਗੁਰਦੁਆਰੇ ਵਲੋਂ ਦਿੱਤੀ ਜਾ ਰਹੀ ਪਨਾਹ ਬਾਰੇ ਸੁਣਿਆ। ਇਸ ਲਈ ਅਸੀਂ ਇਥੇ ਆ ਗਏ। ਅਸੀਂ ਬਹੁਤ ਭੁੱਖੇ ਸੀ ਪਰ ਸਿੱਖਾਂ ਨੇ ਸਾਨੂੰ ਦਾਲ-ਚੌਲ, ਨੌਨ ਬਰੈੱਡ, ਚਾਹ ਵਗੈਰਾ ਦਿੱਤੀ ਤੇ ਸਾਨੂੰ ਠਹਿਰਣ ਲਈ ਥਾਂ ਦਿੱਤੀ। ਸੈਨ ਨੇ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਸਿੱਖਾਂ ਵਲੋਂ ਦਿਖਾਈ ਫਿਰਾਖ਼ਦਿਲੀ ਦਾ ਬਹੁਤ ਸ਼ੁਕਰਗੁਜ਼ਾਰ ਹੈ ਤੇ ਖ਼ੁਸ਼ ਹੈ, ਖ਼ਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਸਾਨੂੰ ਕਿਹਾ ਗਿਆ ਕਿ ਸ਼ਾਇਦ ਅਸੀਂ ਇਕ ਮਹੀਨਾ ਘਰ ਨਹੀਂ ਪਰਤ ਸਕਦੇ। ਉਸ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਹੀ ਕੈਨਟਕੀ ਤੋਂ ਪਰਿਵਾਰ ਸਮੇਤ ਕੈਲੀਫੋਰਨੀਆ ਸ਼ਿਫ਼ਟ ਹੋਇਆ ਹੈ।
ਗੁਰਦੁਆਰਾ ਸਾਹਿਬ ਦੀ ਦੂਜੀ ਮੰਜ਼ਿਲ ‘ਤੇ 50 ਸਿੱਖ ਆਪਣਾ ਥਕੇਵਾਂ ਲਾ ਰਹੇ ਸਨ ਜਦਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਆਲੇ-ਦੁਆਲੇ ਖੇਡ ਰਹੇ ਸਨ। ਮਲਕੀਤ ਸਿੰਘ ਨਾਗਰਾ (73) ਤੇ ਉਨ੍ਹਾਂ ਦੀ ਪਤਨੀ ਗੁਰਬਖ਼ਸ਼ ਕੌਰ ਨਾਗਰਾ (70) ਕਰੀਬ ਦਸ ਸਾਲ ਪਹਿਲਾਂ ਆਪਣੇ ਪੁੱਤਰਾਂ ਕੋਲ ਯੂਬਾ ਸਿਟੀ ਆਏ ਸਨ। ਉਨ੍ਹਾਂ ਕਿਹਾ ਕਿ ਅਸੀਂ ਬੇਹੱਦ ਚਿੰਤਤ ਸੀ ਕਿ ਹੁਣ ਕਿੱਥੇ ਜਾਈਏ। ਕੋਈ ਵੀ ਮੋਟਲ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਸੀ। ਫੇਰ ਗੁਰਦੁਆਰਾ ਸਾਹਿਬ ਨੇ ਉਨ੍ਹਾਂ ਲਈ ਆਪਣੇ ਦਰ ਖੋਲ੍ਹ ਦਿੱਤੇ।
ਸੂਤਰਾਂ ਅਨੁਸਾਰ ਬੁਰੀ ਤਰ੍ਹਾਂ ਨੁਕਸਾਨੇ ਡੈਮ ਦੇ ਗੇਟ ਹਰ ਸੈਕਿੰਡ ਵਿਚ ਇਕ ਲੱਖ ਕਿਊਬਿਕ ਫੁੱਟ ਪਾਣੀ ਛੱਡ ਰਹੇ ਹਨ। ਇਸ ਵਿਚ ਕਰੀਬ 200 ਫੁੱਟ ਲੰਬਾ ਤੇ 30 ਫੁੱਟ ਡੂੰਘਾ ਖੱਡਾ ਹੋ ਗਿਆ ਹੈ। ਇੰਜਨੀਅਰ ਇਸ ਦਾ ਕਾਰਨ ਸਮਝ ਨਹੀਂ ਪਾ ਰਹੇ। ਇਹ ਕੈਲੀਫੋਰਨੀਆ ਵਿਚ ਇਨਸਾਨ ਦੀ ਬਣਾਈ ਸਭ ਤੋਂ ਵੱਡੀ ਝੀਲ ਹੈ। ਕੈਲੀਫੋਰਨੀਆ ਵਿਚ ਵਾਟਰ ਸਪਲਾਈ ਦਾ ਇਹ ਸਭ ਤੋਂ ਵੱਡਾ ਸਰੋਤ ਹੈ। ਇਸ ‘ਤੇ ਇਥੋਂ ਦੀ ਸਿੰਜਾਈ ਤੇ ਦੱਖਣੀ ਕੈਲੀਫੋਰਨੀਆ ਦਾ ਕਾਰੋਬਾਰ ਵੀ ਨਿਰਭਰ ਕਰਦਾ ਹੈ। ਇਹ ਪਹਿਲੀ ਵਾਰ ਹੈ ਕਿ ਡੈਮ ਦੇ ਕਰੀਬ 50 ਸਾਲ ਦੇ ਇਤਿਹਾਸ ਵਿਚ ਔਰੋਵਿਲੇ ਝੀਲ ‘ਤੇ ਅਜਿਹੇ ਐਮਰਜੈਂਸੀ ਵਾਲੇ ਹਾਲਾਤ ਬਣੇ ਹਨ। ਕੈਲੀਫੋਰਨੀਆ ਵਿਚ ਕਈ ਵਰ੍ਹਿਆਂ ਤੋਂ ਸੋਕਾ ਪੈ ਰਿਹਾ ਹੈ ਪਰ ਇਸ ਸਾਲ ਭਾਰੀ ਮੀਂਹ ਤੇ ਬਰਫ਼ਬਾਰੀ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ।
ਤਾਜ਼ਾ ਖ਼ਬਰਾਂ ਅਨੁਸਾਰ ਔਰੋਵਿਲ ਡੈਮ ‘ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਡੈਮ ਟੁੱਟਣ ਦਾ ਖਤਰਾ ਘੱਟ ਗਿਆ ਹੈ। ਹੁਣ ਐਮਰਜੈਂਸੀ ਸਪਿੱਲਵੇਅ (ਡੈਮ ਭਰ ਕੇ ਵਗਣ ਵਾਲੀ ਨਹਿਰ) ‘ਚ ਵਗ ਰਿਹਾ ਪਾਣੀ ਬੰਦ ਕਰਕੇ ਜਲਦ ਉਸ ਦੀ ਮੁਰੰਮਤ ਕੀਤੀ ਜਾਵੇਗੀ।
ਇਸ ਕੁਦਰਤੀ ਆਫਤ ਕਾਰਨ ਡੈਮ ਹੇਠਲੇ ਸ਼ਹਿਰਾਂ ਔਰੋਵਿਲ, ਗਰਿਡਲੇ, ਮੈਰਿਸਵਿਲ, ਵੀਟ ਲੈਂਡ, ਪਲੂਮਾਸ ਲੇਕ, ਓਲਿਵਹਸਟ, ਯੂਬਾ ਸਿਟੀ, ਲਾਈਵ ਓਕ ਦੇ 160,000 ਦੇ ਕਰੀਬ ਨਿਵਾਸੀ ਹੋਰਨਾਂ ਸ਼ਹਿਰਾਂ ਵੱਲ ਜਾ ਰਹੇ ਹਨ, ਜਿਸ ਕਾਰਨ ਹਾਈਵੇਅ 99 ਤੇ ਹੋਰ ਰਸਤੇ ਗੱਡੀਆਂ ਨਾਲ ਭਰ ਗਏ ਹਨ। ਕੈਲੀਫੋਰਨੀਆ ਦੇ ਗੁਰਦੁਆਰੇ ਅਤੇ ਪੰਜਾਬੀਆਂ ਨੇ ਆਪਣੇ ਘਰ ਲੋੜਵੰਦਾਂ ਦੇ ਰਹਿਣ ਲਈ ਖੋਲ੍ਹ ਦਿੱਤੇ ਹਨ।
ਦੱਸਣਯੋਗ ਹੈ ਕਿ ਇਸ ਵੱਡੇ ਡੈਮ ‘ਚ 5 ਮਿਲੀਅਨ ਸੁਕੇਅਰ ਫੁੱਟ ਪਾਣੀ ਜਮ੍ਹਾਂ ਹੈ, ਜਿਸ ਨਾਲ ਕੈਲੀਫੋਰਨੀਆ ਦੀ ਸਿੰਜਾਈ ਦੇ ਨਾਲ ਨਾਲ ਇਸ ਤੋਂ ਨਿੱਕਲੇ ਪਾਣੀ ਨਾਲ ਬਿਜਲੀ ਬਣਾ ਕੇ ਲਾਸ ਏਂਜਲਸ ਅਤੇ ਬੇਕਰਸਫੀਲਡ ਵਰਗੇ ਸ਼ਹਿਰਾਂ ਤੱਕ ਭੇਜੀ ਜਾਂਦੀ ਹੈ।