ਓਕ ਕਰੀਕ ਨਸਲੀ ਹਮਲਾ : ਨਫ਼ਰਤ ਦਾ ਕੋਈ ਰੰਗ ਨਹੀਂ ਹੁੰਦਾ ਤੇ ਨਾ ਹੀ ਕੋਈ ਚਿਹਰਾ

0
469

USA-WISCONSIN/SHOOTING
5ਵੀਂ ਬਰਸੀ ਮੌਕੇ ਹਿੰਸਾ ਤੇ ਨਫ਼ਰਤ ਖ਼ਿਲਾਫ਼ ਜੰਗ ਦਾ ਸੱਦਾ
ਨਸਲੀ ਹਮਲੇ ‘ਚ ਮਾਰੇ ਗਏ 6 ਸਿੱਖਾਂ ਨੂੰ ਸ਼ਰਧਾਂਜਲੀਆਂ
ਓਕ ਕਰੀਕ/ਬਿਊਰੋ ਨਿਊਜ਼ :
ਓਕ ਕਰੀਕ ਕਤਲੇਆਮ ਦੀ ਪੰਜਵੀਂ ਬਰਸੀ ਮੌਕੇ ਸਿੱਖ ਭਾਈਚਾਰਾ ਗੁਰੂ ਘਰ ਵਿਚ ਇਕੱਤਰ ਹੋਇਆ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਸਿੱਖ ਭਾਈਚਾਰੇ ਲਈ ਇਹ ਉਹ ਜ਼ਖ਼ਮ ਸਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਘਟਨਾ ਤੋਂ ਬਾਅਦ ਵੀ ਨਫ਼ਰਤੀ ਹਿੰਸਾ ਦੇ ਹਮਲੇ ਰੁਕੇ ਨਹੀਂ ਪਰ ਸਿੱਖ ਭਾਈਚਾਰੇ ਦੇ ਹੌਸਲੇ ਵੀ ਟੁੱਟੇ ਨਹੀਂ। ਉਹ ਇਸ ਨਫ਼ਰਤੀ ਹਿੰਸਾ ਖ਼ਿਲਾਫ਼ ਡੱਟ ਕੇ ਖੜ੍ਹੇ ਹਨ ਤੇ ਆਪਣੀ ਅਗਲੀ ਪੀੜ੍ਹੀ ਨੂੰ ਸੁਰੱਖਿਅਤ ਜੀਵਨ ਦੇਣ ਵਿਚ ਜੁਟੇ ਹੋਏ ਹਨ। ਉਹ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗੇ ਹੋਏ ਹਨ।
ਕਤਲੇਆਮ ਦੀ 5ਵੀਂ ਬਰਸੀ ਮੌਕੇ ਅਮਰੀਕਾ ਵਿਚ ਰਾਜਸੀ ਆਗੂਆਂ ਸਮੇਤ ਕਈ ਲੋਕਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਹਿੰਸਾ, ਅਸਹਿਣਸ਼ੀਲਤਾ ਤੇ ਨਸਲਵਾਦ ਖ਼ਿਲਾਫ਼ ਸੰਘਰਸ਼ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜ ਸਾਲ ਪਹਿਲਾਂ ਓਕ ਕਰੀਕ ਕਤਲੇਆਮ ਵਿੱਚ ਛੇ ਬੇਕਸੂਰ ਸਿੱਖ ਮਾਰੇ ਗਏ ਸਨ। ਇਨ੍ਹਾਂ ਵਿਚ ਪਰਮਜੀਤ ਕੌਰ, ਸਤਵੰਤ ਸਿੰਘ ਕਾਲੇਕਾ, ਪ੍ਰਕਾਸ਼ ਸਿੰਘ, ਸੀਤਾ ਸਿੰਘ, ਰਣਜੀਤ ਸਿੰਘ ਅਤੇ ਸੁਵੇਗ ਸਿੰਘ ਸ਼ਾਮਲ ਸਨ।
ਵਿਸਕੌਨਸਿਨ ਦੇ ਗੁਰੂ ਘਰ ਦੇ ਪ੍ਰਧਾਨ ਬਲਹਾਰ ਸਿੰਘ ਦੁਲਾਈ ਨੇ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, ‘ਨਫ਼ਰਤ ਦਾ ਕੋਈ ਰੰਗ ਨਹੀਂ ਹੁੰਦਾ। ਨਫ਼ਰਤ ਦਾ ਕੋਈ ਚਿਹਰਾ ਨਹੀਂ ਹੁੰਦਾ। ਅਸੀਂ ਸਾਰਿਆਂ ਨੇ ਪੰਜ ਸਾਲ ਪਹਿਲਾਂ ਨਫ਼ਰਤ ਦੇਖੀ ਹੈ, ਹੰਢਾਈ ਹੈ।’
ਅਮਰੀਕਾ ਦੇ ਨੁਮਾਇੰਦਾ ਸਦਨ ਦੇ ਸਪੀਕਰ ਪੌਲ ਰਿਆਨ ਨੇ ਕਿਹਾ, ‘ਪਿਛਲੇ ਪੰਜ ਸਾਲਾਂ ਦੌਰਾਨ ਓਕ ਕਰੀਕ ਵਾਸੀਆਂ ਨੇ ਸਾਬਿਤ ਕੀਤਾ ਹੈ ਕਿ ਉਹ ਨਫ਼ਰਤ ਤੇ ਪਾੜੇ ਨਾਲੋਂ ਤਾਕਤਵਰ ਹਨ। ਰਿਆਨ ਕਾਂਗਰਸ ਵਿਚ ਜ਼ਿਲ੍ਹਾ ਵਿਸਕੌਨਸਿਨ ਦੀ ਨੁਮਾਇੰਦਗੀ ਕਰਦੇ ਹਨ, ਜਿਥੇ 5 ਅਗਸਤ, 2012 ਨੂੰ ਇਕ ਗੁਰਦੁਆਰੇ ਵਿੱਚ ਸਿਰਫਿਰੇ ਗੋਰੇ ਨੇ ਗੋਲੀਬਾਰੀ ਕੀਤੀ ਸੀ।
ਉਨ੍ਹਾਂ ਕਿਹਾ, ‘ਪੰਜ ਸਾਲ ਪਹਿਲਾਂ ਗੁਰਦੁਆਰੇ ‘ਤੇ ਘਿਨਾਉਣੇ ਹਮਲੇ ਨਾਲ ਓਕ ਕਰੀਕ ਕੰਬ ਗਿਆ ਸੀ ਅਤੇ ਅਸੀਂ ਉਸ ਹਿੰਸਕ ਘਟਨਾ ਵਿਚ ਜਾਨ ਗੁਆਉਣ ਵਾਲਿਆਂ ਦੀ ਪਵਿੱਤਰ ਯਾਦ ਵਿਚ ਇਕੱਠੇ ਹੋਏ ਹਾਂ।’ ਸੈਨੇਟਰ ਰੌਨ ਜੌਹਨਸਨ ਨੇ ਕਿਹਾ, ‘ਓਕ ਕਰੀਕ ਹਮਲੇ ਦੀ 5ਵੀਂ ਬਰਸੀ ਮੌਕੇ ਸਿੱਖ ਭਾਈਚਾਰਾ ਸਾਡੀਆਂ ਦੁਆਵਾਂ ਵਿੱਚ ਹੈ।’ ਸੈਨੇਟਰ ਟੈਮੀ ਬਾਲਡਵਿਨ ਨੇ ਕਿਹਾ, ‘ਅਸੀਂ ਗੁਰਦੁਆਰੇ ‘ਤੇ ਨਿੰਦਣਯੋਗ ਹਮਲੇ ਦੀ ਬਰਸੀ ਮੌਕੇ ਇਕ ਭਾਈਚਾਰੇ ਵਜੋਂ ਜੁੜੇ ਹਾਂ। ਮੈਨੂੰ ਸਾਡੇ ਸਿੱਖ ਭਾਈਚਾਰੇ ਉਤੇ ਵੱਡਾ ਮਾਣ ਹੈ। ਉਨ੍ਹਾਂ ਦੀ ਦਿਆਲਤਾ ਅਤੇ ਸ਼ਾਂਤੀ ਦਾ ਪੈਗ਼ਾਮ ਪੂਰੇ ਮੁਲਕ ਵਿਚ ਗੂੰਜਿਆ ਹੈ।’
ਨਿਊ ਯਾਰਕ ਤੋਂ ਡੈਮੋਕਰੈਟਿਕ ਕਾਨੂੰਨਸਾਜ਼ ਗ੍ਰੇਸ ਮੇਂਗ ਨੇ ਕਿਹਾ, ‘ਸਿੱਖ-ਅਮਰੀਕੀ ਭਾਈਚਾਰੇ ਦੀਆਂ ਕਈ ਪੀੜ੍ਹੀਆਂ ਨੇ ਸਾਡੇ ਮੁਲਕ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਜਾਣਾ ਬਰਦਾਸ਼ਤਯੋਗ ਨਹੀਂ ਹੈ। ਸਾਨੂੰ ਨਸਲਵਾਦ, ਅਸਹਿਣਸ਼ੀਲਤਾ ਤੇ ਹਿੰਸਾ ਖ਼ਿਲਾਫ਼ ਲੜਨਾ ਚਾਹੀਦਾ ਹੈ।’ ਭਾਰਤੀ-ਅਮੈਰਿਕਨ ਕਾਂਗਰਸ ਮੈਂਬਰ ਪ੍ਰੈਮਿਲਾ ਜਯਾਪਾਲ ਨੇ ਕਿਹਾ, ‘ਪੰਜ ਸਾਲ ਪਹਿਲਾਂ ਇਕ ਆਧੁਨਿਕ-ਨਾਜ਼ੀ ਨੇ ਗੁਰਦੁਆਰੇ ਵਿਚ ਛੇ ਜਾਨਾਂ ਲਈਆਂ ਸਨ। ਓਕ ਕਰੀਕ ਨੂੰ ਯਾਦ ਕਰਨ ਅਤੇ ਹਰ ਤਰ੍ਹਾਂ ਦੀ ਨਫ਼ਰਤ ਖ਼ਿਲਾਫ਼ ਖੜ੍ਹਨ ਦੀ ਲੋੜ ਹੈ।’ ਸਿੱਖ ਪੋਲਿਟੀਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ, ‘ਇਹ ਘਟਨਾ ਸਿੱਖ ਭਾਈਚਾਰੇ ਨੂੰ ਹਲੂਣਨ ਵਾਲੀ ਸੀ। ਸਿੱਖਾਂ ਨੂੰ ਜਾਗਰੂਕਤਾ ਵਾਲੇ ਵੱਖ ਉਤੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਭਾਈਚਾਰੇ ਨੂੰ ਜਾਗਰੂਕ, ਸਿੱਖਿਅਤ ਅਤੇ ਤਾਕਤਵਰ ਬਣਾਉਣ ਦੀ ਲੋੜ ਹੈ।’ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ ਤੋਂ ਬਲਦੇਵ ਸਿੰਘ ਨੇ ਕਿਹਾ, ‘ਜਦੋਂ ਨਫ਼ਰਤੀ ਸੁਰਾਂ ਸਾਡੇ ਮੁਲਕ ‘ਤੇ ਭਾਰੂ ਹੋ ਰਹੀਆਂ ਹੋਣ, ਤਾਂ ਸਿੱਖ ਭਾਈਚਾਰੇ ਨੂੰ ਚੌਕਸ ਰਹਿੰਦਿਆਂ ਆਪਣੇ ਵਿਸ਼ਵਾਸਾਂ ਅਤੇ ਅਸੂਲਾਂ ‘ਤੇ ਪਹਿਰਾ ਦੇਣਾ ਚਾਹੀਦਾ ਹੈ।’
ਗੁਰੂ ਘਰ ਵਿਚ ਬੁਲਾਰਿਆਂ ‘ਚ ਸ਼ਾਮਲ ਓਕ ਕਰੀਕ ਪੁਲੀਸ ਦੇ ਸਾਬਕਾ ਅਫ਼ਸਰ ਬਰੇਨ ਮਰਫ਼ੀ, ਜਿਨ੍ਹਾਂ ‘ਤੇ ਹਮਲਾਵਾਰ ਨੇ 15 ਵਾਰੀ ਗੋਲੀ ਚਲਾਈ, ਨੇ ਕਿਹਾ, ‘ਜਦੋਂ ਤੁਹਾਡੇ ਤੋਂ ਕੋਈ ਤੁਹਾਡੀ ਪਿਆਰੀ ਚੀਜ਼ ਖੋਹ ਲਈ ਗਈ ਸੀ, ਜਦੋਂ ਤੁਹਾਡੇ ਕੁਝ ਆਪਣੇ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ, ਉਹ ਵਾਪਸ ਨਹੀਂ ਆ ਸਕਦੇ।’ ਮ੍ਰਿਤਕਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ‘ਉਨ੍ਹਾਂ ਲੋਕਾਂ ਦੀ ਆਵਾਜ਼ ਅੱਜ ਵੀ ਇੱਥੇ ਗੂੰਜ ਰਹੀ ਹੈ। ਇਸ ਘਟਨਾ ਨੇ ਬਹੁਤ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਪਰ ਉਸ ਮੰਦਭਾਗੇ ਦਿਨ ਨੂੰ ਯਾਦ ਕਰਦਿਆਂ ਸਾਰੇ ਇੱਥੇ ਇਕੱਤਰ ਹੁੰਦੇ ਹਨ।’
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਪਰ ਸਿੱਖ ਭਾਈਚਾਰਾ ਇਸ ਨਫ਼ਰਤੀ ਹਨੇਰੀ ਦੇ ਖ਼ਿਲਾਫ਼ ਡੱਟ ਕੇ ਖੜ੍ਹਾ ਹੈ ਤੇ ਇਸ ਨਫ਼ਰਤ ਨੂੰ ਖ਼ਤਮ ਕਰਨ ਦੀ ਅਪੀਲ ਕਰ ਰਿਹਾ ਹੈ।
ਇਸ ਹਮਲੇ ਵਿਚ ਮਾਰੇ ਗਏ ਸਤਵੰਤ ਸਿੰਘ ਕਾਲੇਕਾ ਦਾ ਪੁੱਤਰ ਪ੍ਰਦੀਪ ਕਾਲੇਕਾ ਦਾ ਕਹਿਣਾ ਹੈ, ‘ਆਪਣੇ ਦੁੱਖ-ਦਰਦ ਵਿਚੋਂ ਲੰਘਦਿਆਂ ਮੈਂ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ, ਇਸ ਲਈ ਯਤਨ ਆਰੰਭੇ। ਮੈਂ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ‘ਸਰਵ ਟੂ ਯੂਨਾਇਟ’ ਨਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ।’ ਇਸ ਘਟਨਾ ਤੋਂ ਤੁਰੰਤ ਬਾਅਦ ਸਿੱਖ ਭਾਈਚਾਰੇ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਗੁਰੂ ਘਰ ਲਿਆ ਕੇ ਸਿੱਖ ਧਰਮ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਵਿੱਢੀਆਂ। ਇਸ ਮੁਹਿੰਮ ਵਿਚ ਪ੍ਰਦੀਪ ਕਾਲੇਕਾ ਦਾ ਸਾਥ ਦੇ ਰਹੇ ਨਵਦੀਪ ਸਿੰਘ ਗਿੱਲ ਨੇ ਕਿਹਾ, ‘ਅਸੀਂ ਜਲਦੀ ਹੀ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਗੁਰੂ ਘਰ ਦੇ ਬਾਹਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।’ ਸੰਸਥਾ ਨੇ ਸਕੂਲਾਂ, ਕਾਲਜਾਂ, ਚਰਚਾਂ ਵਿਚ ਜਾ ਕੇ ਲੋਕਾਂ ਸਿੱਖੀ ਬਾਰੇ ਦੱਸਿਆ।
ਇਸ ਮੌਕੇ ਸ਼ਨਿੱਚਰਵਾਰ ਨੂੰ 6 ਕਿਲੋਮੀਟਰ ਦੌੜ ਦਾ ਵੀ ਪ੍ਰਬੰਧ ਕੀਤਾ ਗਿਆ। ਤਿੰਨ ਸਾਲ ਪਹਿਲਾਂ ਰਕਤ ਦਾਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਇਸ ਵਰ੍ਹੇ ਗੁਰੂ ਘਰ ਦੇ ਮੈਂਬਰਾਂ ਨੇ 4 ਜੁਲਾਈ ਨੂੰ ਪੈਰੇਡ ਵਿਚ ਇਸ ਦਿਨ ਨੂੰ ਯਾਦ ਕਰਦਿਆਂ ਪਹਿਲੀ ਫਲੋਟ ਵੀ ਤਿਆਰ ਕੀਤੀ ਗਈ ਸੀ।

ਪ੍ਰਭਜੋਤ ਸਿੰਘ…ਓਕ ਕਰੀਕ ਗੁਰਦੁਆਰਾ ਸਾਹਿਬ ‘ਚ ਹੋਏ ਕਤਲੇਆਮ ਦਾ ਗਵਾਹ
ਓਕ ਕਰੀਕ ਗੁਰਦੁਆਰਾ ਸਾਹਿਬ ਗੋਲੀ ਕਾਂਡ ਨੂੰ 5 ਵਰ੍ਹੇ ਬੀਤੇ
ਇਨ੍ਹਾਂ ਵਿਚ ਪ੍ਰਭਜੋਤ ਸਿੰਘ ਦੇ ਪਿਤਾ ਪ੍ਰਕਾਸ਼ ਸਿੰਘ ਵੀ ਸਨ
ਜੂਲੀ ਜੌਜਮਰ
ਪ੍ਰਭਜੋਤ ਸਿੰਘ ਰਾਠੌਰ ਮਹਿਜ਼ 12 ਵਰ੍ਹਿਆਂ ਦਾ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਕਤਲ ਹੁੰਦਿਆਂ ਵੇਖਿਆ ਸੀ। ਉਹ ਪੰਜ ਸਾਲ ਪਹਿਲਾਂ ਗੁਰਦੁਆਰਾ ਸਾਹਿਬ, ਓਕ ਕਰੀਕ ਦੇ ਕਤਲੇਆਮ ਦਾ ਗਵਾਹ ਹੈ। ਅੱਜ ਵੀ ਪ੍ਰਭਜੋਤ ਸਿੰਘ ਪਵਿੱਤਰ ਅਸਥਾਨ ‘ਤੇ ਆਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਾ ਹੈ। ਇਹ ਰਾਹ ਉਸ ਦੇ ਪਿਤਾ ਨੇ ਹੀ ਦਿਖਾਇਆ ਸੀ ਕਿ ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ। ਇਸ ਲਈ ਉਹ ਇੱਥੇ ਹਰ ਐਤਵਾਰ ਨੂੰ ਆਉਂਦਾ ਹੈ। ਇੱਥੇ ਉਹ ਆਪਣੇ ਦੋਸਤਾਂ ਨੂੰ ਮਿਲਿਆ ਤੇ ਗੁਰੂ ਕਾ ਲੰਗਰ ਛਕਿਆ। ਇਹ ਉਹੀ ਜਗ੍ਹਾ ਸੀ ਜਿਥੇ ਉਸ ਦੇ ਪਿਤਾ ਦੀ ਹੱਤਿਆ ਹੋਈ ਸੀ।
ਪ੍ਰਭਜੋਤ ਨੂੰ ਉਦੋਂ ਅਮਰੀਕਾ ਆਇਆਂ ਹਾਲੇ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਜਦੋਂ ਗੁਰੂ ਘਰ ਵਿਚ ਗੋਲੀਬਾਰੀ ਹੋਈ। ਗੋਲੀਬਾਰੀ ਕਰਨ ਵਾਲਾ ਪੇਜ ਨਾਜ਼ੀ ਸੀ ਜੋ ਗੋਰਿਆਂ ਨੂੰ ਸਭ ਤੋਂ ਉੱਤਮ ਮੰਨਦਾ ਸੀ ਤੇ ਹੋਰਨਾਂ ਭਾਈਚਾਰਿਆਂ ਨਾਲ ਨਫ਼ਰਤ ਕਰਦਾ ਸੀ। ਪੁਲੀਸ ਨੇ ਮੌਕੇ ‘ਤੇ ਹੀ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਸ਼ਨਿੱਚਰਵਾਰ ਓਕ ਕਰੀਕ ਵਿਚ ਗੋਲੀਬਾਰੀ ਦੀ 5ਵੀਂ ਵਰ੍ਹੇਗੰਢ ਮੌਕੇ ਅਰਦਾਸ ਕੀਤੀ ਗਈ। ਇਸ ਦਿਹਾੜੇ ਨੂੰ ਯਾਦ ਕਰਕੇ ਅੱਜ ਵੀ ਸਿੱਖਾਂ ਦੇ ਮਨ ਭਿੱਜ ਜਾਂਦੇ ਹਨ ਤੇ ਵਾਹਿਗੁਰੂ ਅੱਗੇ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਦੀਆਂ ਅਰਦਾਸਾਂ ਕਰਦੇ ਹਨ।
ਵਿਸਕੌਨਸਿਨ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ‘ਤੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। 5 ਅਗਸਤ, 2012 ਬਹੁਤ ਸਾਰੇ ਅਮਰੀਕੀਆਂ ਲਈ ਅਜਿਹਾ ਦਿਨ ਸੀ, ਜਿਸ ਦਿਨ ਉਨ੍ਹਾਂ ਨੇ ਪਹਿਲੀ ਵਾਰ ਸਿੱਖ ਧਰਮ ਬਾਰੇ ਸੁਣਿਆ ਸੀ। ਪਰ ਪ੍ਰਭਜੋਤ ਸਿੰਘ ਲਈ ਇਹ ਦਿਨ ਉਸ ਦੀ ਜ਼ਿੰਦਗੀ ਨੂੰ ਦੋ ਹਿੱਸਿਆਂ, ‘ਪਹਿਲਾਂ ਤੇ ਬਾਅਦ’ ਵਿਚ ਵੰਡ ਗਿਆ। ਉਸ ਦਿਨ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਉਸ ਦੀਆਂ ਅੱਖਾਂ ਸਾਹਮਣੇ ਜ਼ਮੀਨ ‘ਤੇ ਪਈ ਸੀ। ਉਸ ਨੇ ਹਾਈ ਸਕੂਲ ਦੇ ਇਕ ਪ੍ਰੋਜੈਕਟ ਦੌਰਾਨ ਲਿਖਿਆ ਸੀ-‘ਉਸ ਦਿਨ ਨੇ ਮੇਰੀ ਦੁਨੀਆ ਬਦਲ ਦਿੱਤੀ। ਮੈਂ ਪੂਰੀ ਤਰ੍ਹਾਂ ਹਿਲ ਗਿਆ।’ ਉਹ ਉਨ੍ਹਾਂ ਕੌੜੀਆਂ ਯਾਦਾਂ ਨਾਲ ਵੱਡਾ ਹੋ ਰਿਹਾ ਹੈ। ਉਹ ਹੁਣ ਭਾਵੇਂ ਹਾਈ ਸਕੂਲ ਤੋਂ ਗਰੈਜੂਏਟ ਹੋ ਕੇ ਕਾਲਜ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਪਰ ਉਹ ਹਾਲੇ ਵੀ ਸੋਚਦਾ ਹੈ ਕਿ ਅਜਿਹੇ ਮੁਲਕ ਵਿਚ ਰਹਿਣ ਦਾ ਕੀ ਮਤਲਬ, ਜਿਸ ਵਿਚ ਉਸ ਨੇ ਏਨੀ ਨਫ਼ਰਤ ਹੰਢਾਈ।
ਨਫ਼ਰਤ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਇਸ ਘਟਨਾ ਤੋਂ ਪਹਿਲਾਂ ਬਰਮਿੰਘਮ, ਅਲਬਾਮਾ, ਚਰਚ ਵਿਚ 1963 ਵਿਚ ਚਾਰ ਬੱਚੀਆਂ ਬੰਬ ਧਮਾਕੇ ਵਿਚ ਮਾਰੀਆਂ ਗਈਆਂ ਸਨ। ਚਾਰਲਸਟੋਨ, ਸਾਊਥ ਕੈਰੋਲੀਨਾ, ਚਰਚ ਵਿਚ 2015 ਨੂੰ 9 ਸਿਆਹਫਾਮ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਪ੍ਰਭਜੋਤ ਸਿੰਘ ਦੇ ਪਿਤਾ ਪ੍ਰਕਾਸ਼ ਸਿੰਘ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਕੋਲੋਂ ਇਸ ਗੁਰੂ ਘਰ ਬਾਰੇ ਸੁਣਿਆ ਸੀ। ਭਾਰਤ ਤੋਂ ਸਿੱਖ ਪਰਵਾਸੀਆਂ ਦਾ ਭਾਈਚਾਰਾ ਮਿਲਵਾਕੀ ਵਿਚ ਵੱਧ ਰਿਹਾ ਸੀ ਤੇ ਹੁਣ ਅੰਦਾਜ਼ਨ 2 ਤੋਂ 3 ਹਜ਼ਾਰ ਪਰਿਵਾਰ ਇੱਥੇ ਰਹਿ ਰਹੇ ਹਨ। ਇੱਥੇ 2 ਗੁਰੂ ਘਰ ਸਨ ਤੇ ਇਸ ਗੁਰੂ ਘਰ ਵਿਚ ਇਕ ਹੋਰ ਗ੍ਰੰਥੀ ਸਿੰਘ ਦੀ ਲੋੜ ਸੀ। ਪ੍ਰਕਾਸ਼ ਸਿੰਘ ਨੇ ਸਿੱਖ ਧਰਮ ਦੀ ਬਾਕਾਇਦਾ ਸਿਖਲਾਈ ਲਈ ਸੀ।
ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਅਤੇ ਉਸ ਦੀ ਪਤਨੀ ਰਵਿੰਦਰ ਨੇ, ਜੋ ਹਰਿਦੁਆਰ ਵਿਚ ਰਹਿੰਦੇ ਸਨ, ਅਮਰੀਕਾ ਆ ਕੇ ਵਸਣ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਪ੍ਰਕਾਸ਼ ਸਿੰਘ ਨੇ ਆ ਕੇ ਖ਼ੁਦ ਨੂੰ ਸਥਾਪਤ ਕੀਤਾ ਤੇ ਫੇਰ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਤੇ ਦੋ ਬੱਚਿਆਂ ਨੇ ਉਨ੍ਹਾਂ ਕੋਲ ਆ ਜਾਣਾ ਸੀ। ਇਸ ਦੌਰਾਨ ਪ੍ਰਕਾਸ਼ ਸਿੰਘ ਰੋਜ਼ ਰਾਤ ਨੂੰ ਆਪਣੇ ਬੱਚਿਆਂ ਨੂੰ ਫ਼ੋਨ ਕਰਦਾ ਸੀ। ਪ੍ਰਭਜੋਤ ਨੇ ਹਰਿਦੁਆਰ ਦੇ ਆਪਣੇ ਹਾਣੀਆਂ ਕੋਲ ਸ਼ੇਖੀ ਮਾਰੀ ਕਿ ਹੁਣ ਉਹ ਅਮਰੀਕਾ ਚਲਾ ਜਾਵੇਗਾ, ਜਿੱਥੇ ਬਿਹਤਰ ਜ਼ਿੰਦਗੀ ਉਡੀਕ ਰਹੀ ਹੈ, ਉਥੇ ਧੂੜ ਮਿੱਟੀ ਵੀ ਨਹੀਂ ਹੋਵੇਗੀ। ਪਰ ਮੈਨੂੰ ਕੀ ਪਤਾ ਸੀ ਕਿ ਉਥੇ ਜਾ ਕੇ ਜ਼ਿੰਦਗੀ ਕਿਵੇਂ ਬਦਲ ਜਾਵੇਗੀ। ਮੈਂ ਪਰਿਵਾਰ ਸਮੇਤ ਅਮਰੀਕਾ ਵਿਚ ਸੀ। ਕਈ ਤਰ੍ਹਾਂ ਦੇ ਸੁਪਨੇ ਅੱਖਾਂ ਵਿਚ ਪਲ ਰਹੇ ਸਨ। ਅਸੀਂ ਗੁਰੂ ਘਰ ਜਾਂਦੇ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਮੇਰੀ ਮਾਂ ਤੇ ਮੈਂ ਇਹ ਮੁਲਕ ਛੱਡਣ ਦਾ ਫ਼ੈਸਲਾ ਕਰ ਲਿਆ ਪਰ ਰਿਸ਼ਤੇਦਾਰਾਂ ਦੇ ਕਹਿਣ ‘ਤੇ ਅਸੀਂ ਮੁੜ ਆਪਣੀ ਜ਼ਿੰਦਗੀ ਸ਼ੁਰੂ ਕੀਤੀ।