‘ਨਾਨਕ ਸ਼ਾਹ ਫ਼ਕੀਰ’ ਫਿਲਮ ਖ਼ਿਲਾਫ਼ ਸਿੱਖ ਜਥੇਬੰਦੀਆਂ ਮੈਦਾਨ ‘ਚ ਡਟੀਆਂ

0
435

punjab page;Sikh groups staged protest to ban forthcoming biopic "Nanak Shah Fakir" at heritage street in Amritsar on Saturday photo vishal kumar

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਕ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ

 ਅੰਮ੍ਰਿਤਸਰ/ਬਿਊਰੋ ਨਿਊਜ਼
ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਦਾ ਦਿਨ (ਵਿਸਾਖੀ ਦਿਹਾੜਾ) ਨੇੜੇ ਆਉਣ ‘ਤੇ ਇਸ ਖ਼ਿਲਾਫ਼ ਰੋਹ ਵੀ ਤੇਜ਼ ਹੋਣ ਲੱਗ ਪਿਆ ਹੈ। ਸਿੱਖ ਭਾਈਚਾਰੇ ਵੱਲੋਂ ਫਿਲਮ ਖ਼ਿਲਾਫ਼ ਐਤਵਾਰ ਨੂੰ ਇੱਥੇ ਵੱਡਾ ਰੋਸ ਵਿਖਾਵਾ ਕੀਤਾ ਅਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫਿਲਮ ਨੂੰ ਵਾਚਣ ਲਈ ਬਣਾਈ ਗਈ ਸਬ ਕਮੇਟੀ ਵਲੋਂ ਫਿਲਮ ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਨੂੰ ਇਥੇ ਸੱਦਿਆ ਗਿਆ ਸੀ ਪਰ ਉਨ੍ਹਾਂ ਦੇ ਨਾ ਆਉਣ ਮਗਰੋਂ ਸਿੱਖ ਸੰਸਥਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ‘ਤੇ ਰੋਕ ਲਾਈ ਜਾਵੇ।
ਫਿਲਮ ਦੇ ਨਿਰਦੇਸ਼ਕ ਵਲੋਂ ਇਸ ਫਿਲਮ ਨੂੰ 13 ਅਪਰੈਲ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਫਿਲਮ ‘ਤੇ ਰੋਕ ਲਾਈ ਜਾਵੇ। ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ ਵੱਖ ਮੰਤਰੀਆਂ ਨੂੰ ਇਸ ਸਬੰਧੀ ਪੱਤਰ ਵੀ ਭੇਜੇ ਗਏ ਹਨ। ਸਿੱਖ ਸੰਸਥਾ ਨੇ ਆਖਿਆ ਕਿ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਫਿਲਮ ਨੂੰ ਜਾਰੀ ਨਾ ਹੋਣ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਫਿਲਮ ਨੂੰ ਮੁੜ ਘੋਖਣ ਲਈ ਸਬ ਕਮੇਟੀ ਵਲੋਂ ਮੀਟਿੰਗ ਸੱਦੀ ਗਈ ਸੀ। ਸਬ ਕਮੇਟੀ ਵਲੋਂ ਇਸ ਸਬੰਧੀ ਫਿਲਮ ਦੇ ਨਿਰਦੇਸ਼ਕ ਨੂੰ ਵੀ ਸੱਦਿਆ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਰਦੇਸ਼ਕ ਫਿਲਮ ਨੂੰ 13 ਅਪਰੈਲ ਨੂੰ ਰਿਲੀਜ਼ ਕਰਨ ਲਈ ਬਜ਼ਿੱਦ ਹੈ ਅਤੇ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਿੱਖਾਂ ਵਿਚ ਰੋਹ ਵਧ ਸਕਦਾ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਵੇ।
ਇਥੇ ਦੱਸਣਯੋਗ ਹੈ ਕਿ ਇਹ ਫਿਲਮ ਪਹਿਲਾਂ 2015 ਵਿਚ ਵੀ ਰਿਲੀਜ਼ ਕੀਤੀ ਜਾਣੀ ਸੀ ਪਰ ਉਸ ਵੇਲੇ ਵੀ ਫਿਲਮ ਖ਼ਿਲਾਫ਼ ਰੋਸ ਕਾਰਨ ਇਹ ਜਾਰੀ ਨਹੀਂ ਹੋ ਸਕੀ ਸੀ। ਅੱਜ ਇਥੇ ਧਰਮ ਸਿੰਘ ਮਾਰਕੀਟ ਨੇੜੇ ਸਿੱਖ ਸੰਗਤ ਵਲੋਂ ਰੋਸ ਵਿਖਾਵਾ ਕੀਤਾ ਗਿਆ। ਰੋਸ ਵਿਖਾਵੇ ਵਿਚ ਬੀਬੀਆਂ ਅਤੇ ਮਰਦ ਵੀ ਸ਼ਾਮਲ ਸਨ। ਧਰਨੇ ਵਿਚ ਸ਼ਾਮਲ ਪਰਮਜੀਤ ਸਿੰਘ ਨੇ ਆਖਿਆ ਕਿ ਇਹ ਧਰਨਾ ਕਿਸੇ ਸਿੱਖ ਜਥੇਬੰਦੀ ਵਲੋਂ  ਨਹੀਂ ਸਗੋਂ ਸਿੱਖ ਸੰਗਤ ਵਲੋਂ ਹੈ। ਇਸ ਫਿਲਮ ਵਿਚ ਸਿੱਖ ਸਿਧਾਂਤ ਦੀ ਉਲੰਘਣਾ ਕਰ ਕੇ ਸਿੱਖ ਗੁਰੂਆਂ ਨੂੰ ਮਨੁੱਖੀ ਰੂਪ ਵਿਚ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਸਿੱਖ ਕਾਰਕੁਨਾਂ ਵਲੋਂ ਫਿਲਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ  ਸਕੱਤਰ ਸੁਖਦੇਵ ਸਿੰਘ ਭੌਰ ਨੇ ਫਿਲਮ ਦਾ ਵਿਰੋਧ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਵਲੋਂ ਪਹਿਲਾਂ ਫਿਲਮ ਦੀ ਪ੍ਰਸ਼ੰਸਾ ਕੀਤੀ ਗਈ ਸੀ, ਵਾਸਤੇ ਇਕ ਚੰਗਾ ਮੌਕਾ ਹੈ ਕਿ ਉਹ ਫਿਲਮ ‘ਤੇ ਰੋਕ ਲਵਾਉਣ ਲਈ  ਅੱਗੇ ਆਉਣ। ਉਨ੍ਹਾਂ ਆਖਿਆ ਕਿ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਫਿਲਮ ਨੂੰ ਰੁਕਵਾਉਣ ਲਈ ਆਪਣਾ ਅਸਰ ਰਸੂਖ ਵਰਤਣ। ਉਨ੍ਹਾਂ ਆਖਿਆ ਕਿ ਸਿੱਖ ਇਸ ਬਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਮੁਖ ਮੰਤਰੀ ਨੂੰ ਮੰਗ ਪੱਤਰ ਭੇਜਣ ਅਤੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣ ਲਈ ਫਿਲਮ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕਰਨ। ਸ਼੍ਰੋਮਣੀ ਕਮੇਟੀ ਵੀ ਸੈਂਸਰ ਬੋਰਡ ਕੋਲ ਪਹੁੰਚ ਕਰ ਕੇ ਫਿਲਮ ਨੂੰ ਰੁਕਵਾਉਣ ਲਈ ਪੰਥਕ ਫਰਜ਼ ਅਦਾ ਕਰੇ। ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਫਿਲਮ ਦੇ ਨਿਰਦੇਸ਼ਕ ਨੂੰ ਦਿੱਤਾ ਪ੍ਰਵਾਨਗੀ ਪੱਤਰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ।

‘ਨਾਨਕਸ਼ਾਹ ਫਕੀਰ’ ਉਤੇ ਰੋਕ ਲਾਉਣ ਵਾਸਤੇ
ਮੁਤਵਾਜ਼ੀ ਜਥੇਦਾਰਾਂ ਵੱਲੋਂ ਹੁਕਮਨਾਮਾ ਜਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼:
ਮੁਤਵਾਜ਼ੀ ਜਥੇਦਾਰਾਂ ਨੇ ਮੁੜ ਪਹਿਲ ਕਰਦਿਆਂ ਵਿਵਾਦਤ ਫ਼ਿਲਮ ‘ਨਾਨਕਸ਼ਾਹ ਫਕੀਰ’ ਨੂੰ ਰਿਲੀਜ਼ ਕਰਨ ‘ਤੇ ਰੋਕ ਲਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਹੁਕਮਨਾਮਾ ਐਤਵਾਰ ਨੂੰ ਇੱਥੇ ਹਰਿਮੰਦਰ ਸਾਹਿਬ ਦੇ ਬਾਹਰ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਗੁਰਸੇਵਕ ਸਿੰਘ, ਜਗਮੀਤ ਸਿੰਘ ਤੇ ਹਰਵਿੰਦਰ ਸਿੰਘ ਵੱਲੋਂ ਪੰਚ ਪ੍ਰਧਾਨੀ ਪ੍ਰਥਾ ਤਹਿਤ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ ਤੇ ਮਗਰੋਂ ਬਾਹਰ ਆ ਕੇ ਇਹ ਆਦੇਸ਼ ਜਾਰੀ ਕੀਤਾ। ਆਦੇਸ਼ ਜਾਰੀ ਕਰਨ ਸਮੇਂ ਮੁਤਵਾਜ਼ੀ ਜਥੇਦਾਰਾਂ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਸ਼ਾਮਲ ਨਹੀਂ ਸਨ, ਉਹ ਆਪਣੀਆਂ ਸੇਵਾਵਾਂ ਛੱਡ ਚੁੱਕੇ ਹਨ।
‘ਨਾਨਕਸ਼ਾਹ ਫਕੀਰ’ ਉਤੇ ਪੂਰਨ ਪਾਬੰਦੀ ਦਾ ਹੁਕਮ ਜਾਰੀ ਕਰਦਿਆਂ ਮੁਤਵਾਜ਼ੀ ਜਥੇਦਾਰਾਂ ਨੇ ਆਖਿਆ ਕਿ ਇਸ ਫ਼ਿਲਮ ਵਿੱਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਅਤੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਆਮ ਮਨੁੱਖਾਂ ਵੱਲੋਂ ਨਿਭਾਏ ਗਏ ਹਨ, ਜੋ ਸਿੱਖ ਸਿਧਾਂਤ ਦੇ ਉਲਟ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਆਖਿਆ ਕਿ ਫ਼ਿਲਮ ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਖ਼ਿਲਾਫ਼ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਿਰੁੱਧ ਕਾਨੂੰਨੀ ਕਾਰਵਾਈ ਵਾਸਤੇ ਚਾਰਾਜੋਈ ਕੀਤੀ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਜਾਰੀ ਕੀਤਾ ਕਿ ਫ਼ਿਲਮ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕੁਝ ਵਿਦਵਾਨ ਸਿੱਖਾਂ ਦਾ ਇਕ ਸਿੱਖ ਸੈਂਸਰ ਬੋਰਡ ਬਣਾਇਆ ਜਾਵੇ, ਜੋ ਸਿੱਖਾਂ ਨਾਲ ਸਬੰਧਤ ਹਰ ਫ਼ਿਲਮ ਨੂੰ ਸਿੱਖ ਸਿਧਾਂਤ ਦੀ ਰੌਸ਼ਨੀ ਵਿੱਚ ਪਰਖਣ ਮਗਰੋਂ ਮਨਜ਼ੂਰੀ ਦੇਣ। ਭਾਈ ਅਮਰੀਕ ਸਿੰਘ ਅਜਨਾਲਾ ਦੀ ਗ਼ੈਰਹਾਜ਼ਰੀ ਬਾਰੇ ਉਨ੍ਹਾਂ ਆਖਿਆ ਕਿ ਉਹ ਉਨ੍ਹਾਂ ਦੇ ਨਾਲ ਹਨ, ਪਰ ਕੁਝ ਰੁਝੇਵਿਆਂ ਕਾਰਨ ਨਹੀਂ ਆ ਸਕੇ। ਉਨ੍ਹਾਂ ਆਖਿਆ ਕਿ ਸਿੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਵਿਖੇ ਵੱਡਾ ਸਿੱਖ ਸੰਮੇਲਨ ਕੀਤਾ ਜਾਵੇਗਾ। ਇਸ ਦੌਰਾਨ ਬੀਤੇ ਕੱਲ੍ਹ ਸਿੱਖ ਭਾਈਚਾਰੇ ਵੱਲੋਂ ਫ਼ਿਲਮ ਖ਼ਿਲਾਫ਼ ਸ਼ੁਰੂ ਕੀਤਾ

ਦੂਜੇ ਦਿਨ ਵੀ ਧਰਨਾ
ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਵੱਲੋਂ ਵੀ ਫਿਲਮ ਦਾ ਵਿਰੋਧ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਬਲਵੰਤ ਸਿੰਘ ਗੋਪਾਲਾ ਨੇ ਐਲਾਨ ਕੀਤਾ ਹੈ ਕਿ ਜੇਕਰ ਫ਼ਿਲਮ ਰਿਲੀਜ਼ ਹੋਈ ਤਾਂ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਫ਼ਿਲਮ ਕਿਸੇ ਵੀ ਸੂਰਤ ਵਿੱਚ ਸਿਨਮਾ ਘਰਾਂ ਵਿੱਚ ਚੱਲਣ ਨਹੀਂ ਦਿੱਤੀ ਜਾਵੇਗੀ।

ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਲੋਂ
ਵਿਵਾਦਿਤ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਵਿਰੋਧ
ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਸਿੱਖਾਂ ਦਾ ਰੋਸ ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿਚ ਵੀ ਨਜ਼ਰ ਆ ਰਿਹਾ ਹੈ ਤੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਹ ਸਿੱਖੀ ਦੇ ਮੂਲ ਸਿਧਾਂਤਾਂ ‘ਤੇ ਹੋ ਰਹੇ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਫਿਲਮ ਖਿਲਾਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਮੁੱਚੇ ਸਿੱਖ ਪੰਥ ਵੱਲੋਂ ਨਕਾਰੀ ਜਾ ਚੁੱਕੀ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਵਿਰੋਧ ਵਜੋਂ ਆਪਣਾ ਰੋਸ ਪ੍ਰਗਟਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਇੱਕ ਸੰਕੇਤਕ ਰੋਸ ਮੁਜ਼ਾਹਰਾ 6 ਅਪ੍ਰੈਲ ਨੂੰ ਸਵੇਰੇ 7:30 ਵਜੇ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਸਾਹਮਣੇ ਕੀਤਾ ਗਿਆ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀ ਵਿਚਾਰ ਚਰਚਾ ਸੰਗਠਨ ‘ਸੱਥ’ ਵਲੋਂ ਰੋਸ ਪ੍ਰਦਰਸ਼ਨ 9 ਅਪ੍ਰੈਲ ਨੂੰ ਸ਼ਾਮ 5:00 ਵਜੇ ਉਲੀਕਿਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੇ ਯੂਨੀਵਰਸਿਟੀ ਸਟੂਡੈਂਟਸ ਸੈਂਟਰ ਤੋਂ ਸੈਕਟਰ 14 ਮਾਰਕੀਟ ਤਕ ਰੋਸ ਮਾਰਚ ਵੀ ਕੀਤਾ।