ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਗੀ ਵਾਪਸ ਲੈਣ ਨਾਲ ‘ਨਾਨਕਸ਼ਾਹ ਫਕੀਰ’ ਦਾ ਰਿਲੀਜ਼ ਹੋਣਾ ਸੰਕਟ ‘ਚ

0
284

pic-nanak-shah-fakir-poster

ਅੰਮ੍ਰਿਤਸਰ/ਬਿਊਰੋ ਨਿਊਜ਼:
ਵਾਦ ਵਿਵਾਦਾਂ ਵਿੱਚ ਘਿਰੀ ਫ਼ਿਲਮ ‘ਨਾਨਕਸ਼ਾਹ ਫਕੀਰ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਵਾਰ ਮੁੜ ਫ਼ਿਲਮ ਖ਼ਿਲਾਫ਼ ੳੁੱਠੇ ਇਤਰਾਜ਼ਾਂ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਨੂੰ ਦਿੱਤੇ ਸਮਰਥਨ ਤੋਂ ਮਜਬੂਰਨ ਆਪਣਾ ਹੱਥ ਵਾਪਸ ਖਿੱਚ ਲਿਆ ਹੈ। ਇਸ ਸਥਿੱਤੀ ਵਿੱਚ ਇਸ ਸਿੱਖ ਵਿਰੋਧੀ ਫਿਲਮ ਦਾ ਰਿਲੀਜ਼ ਹੋਣਾ ਸੰਕਟ ਵਿੱਚ ਪੈ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਫ਼ਿਲਮ ‘ਨਾਨਕਸ਼ਾਹ ਫਕੀਰ’ ਉਦੋਂ ਤੱਕ ਰਿਲੀਜ਼ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਇਸ ਫ਼ਿਲਮ ਸਬੰਧੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਇਤਰਾਜ਼ ਦੂਰ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਫ਼ਿਲਮ ਦੀ ਪ੍ਰਵਾਨਗੀ ਸਬੰਧੀ ਪਹਿਲਾਂ ਜਾਰੀ ਕੀਤੇ ਪ੍ਰਵਾਨਗੀ ਪੱਤਰਾਂ ‘ਤੇ ਅਮਲ ਕਰਨ ‘ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ 2016 ਵਿੱਚ ਉਸ ਵੇਲੇ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਇਹ ਪ੍ਰਵਾਨਗੀ ਪੱਤਰ ਜਾਰੀ ਕੀਤਾ ਸੀ ਪਰ ਹੁਣ ਫ਼ਿਲਮ ਦੇ ਵੱਖ ਵੱਖ ਚੈਨਲਾਂ ‘ਤੇ ਪ੍ਰੋਮੋ ਪ੍ਰਸਾਰਿਤ ਹੋਣ ਤੋਂ ਬਾਅਦ ਸੰਗਤ ਵੱਲੋਂ ਵੱਡੇ ਪੱਧਰ ‘ਤੇ ਇਤਰਾਜ਼ ਕੀਤੇ ਗਏ ਹਨ।
ਵਰਨਣਯੋਗ ਹੈ ਕਿ ਸਿੱਖਾਂ ਜਥੇਬੰਦੀਆਂ ਅਤੇ ਸੰਗਤ ਵੱਲੋਂ ਸੋਸ਼ਲ ਮੀਡੀਆ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਈਮੇਲ ਸੁਨੇਹੇ ਭੇਜ ਕੇ ਇਸ ‘ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਫ਼ਿਲਮ ਨੂੰ ਮਾਨਤਾ ਦੇਣ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਇਸ ਸਬੰਧੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ੲਿਸੇ ਦੌਰਾਨ ਸਿੱਖ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਐਲਾਨ ਕੀਤਾ ਕਿ ਜੇਕਰ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਨੂੰ ਰੋਕਣ ਦਾ ਹਰ ਹੀਲਾ ਵਸੀਲਾ ਕੀਤਾ ਜਾਵੇਗਾ।

ਫਿਲਮ ਵਿਸਾਖੀ ਮੌਕੇ ਰਿਲੀਜ਼ ਹੋਵੇਗੀ: ਸਿੱਕਾ
ਚੰਡੀਗੜ੍ਹ/ਬਿਊਰੋ ਨਿਊਜ਼ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਨਾਨਕਸ਼ਾਹ ਫਕੀਰ’ 13 ਅਪਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋਵੇਗੀ। ਇਹ ਦਾਅਵਾ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਵੀਰਵਾਰ ਨੂੰ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨ ਸਾਲਾਂ ਬਾਅਦ ਫ਼ਿਲਮ ਦੀ ਰਿਲੀਜ਼ ਦਾ ਰਾਹ ਪੱਧਰਾ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਦੋਂ 2015 ਵਿੱਚ ਫ਼ਿਲਮ ਬਣ ਕੇ ਤਿਆਰ ਹੋਈ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਿੱਚ ਕਾਫ਼ੀ ਖਾਮੀਆਂ ਨਜ਼ਰ ਆਈਆਂ ਸਨ, ਜਿਸ ਪਿੱਛੋਂ ਉਨ੍ਹਾਂ ਫ਼ਿਲਮ ਵਿੱਚ ਕਈ ਸੋਧਾਂ ਕੀਤੀਆਂ ਹਨ। ਪਹਿਲਾਂ ਇਹ ਫ਼ਿਲਮ 2015 ਵਿੱਚ ਰਿਲੀਜ਼ ਹੋਣੀ ਸੀ ਪਰ ਵਿਵਾਦ ਉੱਠਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਸ੍ਰੀ ਸਿੱਕਾ ਨੇ ਜਦੋਂ ਇਹ ਦਾਅਵਾ ਕੀਤਾ ਉਦੋਂ ਸ਼੍ਰੋਮਣੀ ਕਮੇਟੀ ਨੇ ਫਿਲਮ ਨੂੰ ਦਿੱਤੀ ਮਾਨਤਾ ਅਜੇ ਵਾਪਸ ਨਹੀਂ ਲਈ ਸੀ। ਪਰ ਸ਼੍ਰੋਮਣੀ ਕਮੇਟੀ ਦੇ ਫੈਸਲੇ ਬਾਅਦ ਹੁਣ ਫਿਲਮ ਦਾ ਵਿਸਾਖੀ ਮੌਕੇ ਰਿਲੀਜ਼ ਹੋਣਾ ਮੁਸ਼ਕਲ ਹੋਵੇਗਾ।