ਨਾਮਧਾਰੀ ਸੰਪਰਦਾ ਵਲੋਂ ਹਵਨ ਕਰਕੇ ਅੰਮ੍ਰਿਤ ਸੰਚਾਰ ਕਰਨ ਬਾਰੇ ਜਾਂਚ ਰਹੀ ਬੇਸਿੱਟਾ

0
338

ਹੁਣ ਮਾਮਲਾ ਅੱਠ ਮੈਂਬਰੀ ਨਿਰਣਾ ਕਮੇਟੀ ਹਵਾਲੇ
ਦੇਸ਼-ਵਿਦੇਸ਼ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ‘ਦਸਵੰਧ’ ਦੇਣ ਦੀ ਹਦਾਇਤ

punjab page; Five Sikh  High Priests meeting at Akal Takht Secretariat in Amritsar on Friday photo vishal kumar
ਕੈਪਸ਼ਨ-ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਏ ਪੰਜ ਸਿੰਘ ਸਾਹਿਬਾਨ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠਲੇ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰ ਕੇ ਅੰਮ੍ਰਿਤ ਸੰਚਾਰ ਕਰਨ ਦੇ ਮਾਮਲੇ ਵਿੱਚ ਧਰਮ ਪ੍ਰਚਾਰ ਕਮੇਟੀ ਦੀ ਜਾਂਚ ਬੇਸਿੱਟਾ ਰਹਿਣ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਇਹ ਮਾਮਲਾ ਫਿਲਹਾਲ ਅਗਾਂਹ ਪਾ ਦਿੱਤਾ। ਇਸ ਸਬੰਧੀ 8 ਮੈਂਬਰੀ ਨਿਰਣਾ ਕਮੇਟੀ ਬਣਾਈ ਗਈ ਹੈ, ਜੋ ਇੱਕ ਮਹੀਨੇ ਵਿੱਚ ਇਸ ਮਸਲੇ ਦੀ ਪੜਤਾਲ ਕਰ ਕੇ ਆਪਣੀ ਰਿਪੋਰਟ ਦੇਵੇਗੀ। ਇਸ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਹੋਵੇਗੀ। ਇਸ ਦੌਰਾਨ ਪੰਜ ਸਿੰਘ ਸਾਹਿਬਾਨ ਵੱਲੋਂ ਦੇਸ਼-ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਗੁਰਦੁਆਰੇ ਵਿੱਚ ਇਕੱਠੀ ਹੁੰਦੀ ਚੜ੍ਹਤ (ਮਾਇਆ) ਵਿੱਚੋਂ 10 ਫ਼ੀਸਦੀ ਹਿੱਸਾ  (ਦਸਵੰਧ) ਬੱਚਿਆਂ ਦੀ ਪੜ੍ਹਾਈ ‘ਤੇ ਹੀ ਖ਼ਰਚ ਕੀਤਾ ਜਾਵੇ ਅਤੇ ਗੁਰਦੁਆਰਿਆਂ ਵਿੱਚ ਮਾਂ ਬੋਲੀ ਪੰਜਾਬੀ ਦਾ ਗਿਆਨ ਦੇਣ ਲਈ ਕਲਾਸਾਂ ਲਾਈਆਂ ਜਾਣ। ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜਥੇਦਾਰ ਗਿਆਨੀ ਮੱਲ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਨੇ ਬੈਠਕ ਕਰ ਕੇ ਨਾਮਧਾਰੀ ਸੰਪਰਦਾ ਵੱਲੋਂ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਵਿਚਾਰਿਆ। ਇਸ ਤੋਂ ਪਹਿਲਾਂ ਸਿੰਘ ਸਾਹਿਬਾਨ ਨੇ ਵੱਖ-ਵੱਖ ਸਿੱਖ ਵਿਦਵਾਨਾਂ ਦੀ ਵੀ ਰਾਏ ਲਈ। ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਕਮੇਟੀ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਦਮਦਮੀ ਟਕਸਾਲ ਦਾ ਨੁਮਾਇੰਦਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਭਾਈ ਪ੍ਰਤਾਪ ਸਿੰਘ, ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਤੋਂ ਕਥਾਵਾਚਕ ਗਿਆਨੀ ਰੇਸ਼ਮ ਸਿੰਘ, ਨਿਰਮਲ ਸੰਪਰਦਾ ਤੋਂ ਸੰਤ ਤੇਜਾ ਸਿੰਘ ਖੁੱਡਾ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਧਰਮ  ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਵਰਿਆਮ ਸਿੰਘ ਅਤੇ ਕਮੇਟੀ ਦੇ ਕੋਆਰਡੀਨੇਟਰ ਵਜੋਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਸ਼ਾਮਲ ਹਨ। ਇਹ ਕਮੇਟੀ ਇੱਕ ਮਹੀਨੇ ਵਿਚ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਸੌਂਪੇਗੀ। ਇਸ ਮਾਮਲੇ ਵਿੱਚ ਸਿੱਖ ਵਿਦਵਾਨ ਇੱਕ ਮਤ ਨਹੀਂ ਹਨ। ਇਕੱਤਰਤਾ ਸਮੇਂ ਆਪਣੇ ਸੁਝਾਅ ਦੇਣ ਲਈ ਪੁੱਜੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਉਹ ਇਸ ਗੱਲ ਦੇ ਹਾਮੀ ਹਨ ਕਿ ਸਮੂਹ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਪ੍ਰਵਾਨਿਤ ਇੱਕ ਮਰਿਆਦਾ ਹੀ ਲਾਗੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵੱਲੋਂ ਅੰਮ੍ਰਿਤ ਸੰਚਾਰ ਕੀਤੇ ਜਾਣ ‘ਤੇ ਇਤਰਾਜ਼ ਕਰਨਾ ਜਾਇਜ਼ ਨਹੀਂ ਹੈ। ਉਂਜ ਵੀ ਨਾਮਧਾਰੀ ਸੰਪਰਦਾ ਅਤੇ ਸਿੱਖ ਸਮਾਜ ਵਿੱਚ ਸਿਧਾਂਤਕ ਵਖਰੇਵੇਂ ਬਰਕਰਾਰ ਹਨ,  ਜਿਨ੍ਹਾਂ ਨੂੰ ਪਹਿਲਾਂ ਦੂਰ ਕੀਤਾ ਜਾਣਾ ਚਾਹੀਦਾ ਹੈ।
ਮੀਟਿੰਗ ਵਿੱਚ ਸਿੰਘ ਸਾਹਿਬਾਨ ਨੇ ਦੇਸ਼-ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਕੀਤੀ ਹੈ ਕਿ ਗੁਰਦੁਆਰੇ ਵਿੱਚ ਹਰ ਮਹੀਨੇ ਇਕੱਠੀ ਹੋਣ ਵਾਲੀ ਮਾਇਆ ਵਿੱਚੋਂ 10 ਫ਼ੀਸਦ ਬੱਚਿਆਂ ਦੀ ਪੜ੍ਹਾਈ ਲਈ ਖ਼ਰਚ ਕੀਤਾ ਜਾਵੇ ਅਤੇ ਹਰੇਕ ਗੁਰਦੁਆਰੇ ਵਿੱਚ ਪੰਜਾਬੀ ਦੀਆਂ ਕਲਾਸਾਂ ਲਾਈਆਂ ਜਾਣ। ਬੱਚਿਆਂ ਨੂੰ ਸਮਾਜਿਕ ਵਿਦਿਆ ਦੇ ਨਾਲ-ਨਾਲ ਕਥਾ-ਕੀਰਤਨ, ਪ੍ਰਚਾਰ ਅਤੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਬੱਚੇ ਸਿੱਖੀ ਸਰੂਪ ਵਿੱਚ ਉਚ ਵਿਦਿਆ ਪ੍ਰਾਪਤ ਕਰ ਕੇ ਸਨਮਾਨ ਯੋਗ ਅਹੁਦੇ ਪ੍ਰਾਪਤ ਕਰ ਸਕਣ। ਇਹ ਵੀ ਸਖ਼ਤ ਹਦਾਇਤ ਕੀਤੀ ਗਈ ਕਿ ਪ੍ਰਬੰਧਕ ਕਮੇਟੀਆਂ ਗੁਰਦੁਆਰਿਆਂ ਦੇ ਮਸਲਿਆਂ ਨੂੰ ਅਦਾਲਤਾਂ ਵਿੱਚ ਨਾ ਲੈ ਕੇ ਜਾਣ ਸਗੋਂ ਇਸ ਨੂੰ ਆਪਸੀ ਸਲਾਹ ਮਸ਼ਵਰੇ ਨਾਲ ਹੱਲ ਕਰਨ।
ਉਨ੍ਹਾਂ ਮੋਬਾਈਲ ਫੋਨ ਦੀ ਮਦਦ ਰਾਹੀਂ ਕਥਾ-ਕੀਰਤਨ ਅਤੇ ਪਾਠ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਕਥਾ ਕੀਰਤਨ ਅਤੇ ਗੁਰਬਾਣੀ ਨੂੰ ਕੰਠ ਕਰ ਕੇ ਹੀ ਕੀਤਾ ਜਾਵੇ। ਇਕੱਤਰਤਾ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ਼ਾਮਲ ਹੋਏ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ‘ਤੇ ਬਾਕੀ ਜਥੇਦਾਰਾਂ ਵੱਲੋਂ ਸਿਰੋਪਾਓ ਦਿੱਤਾ ਗਿਆ।

ਜਨਮੇਜਾ ਸਿੰਘ ਸੇਖੋਂ ਨੂੰ ਲਾਈ ਤਨਖਾਹ :

punjab page; SAD leader Janmeja Singh (sky blue turban) appear before the Akal Takht in Amritsar on Friday.photo vishal kumarਕੈਪਸ਼ਨ-ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਅਕਾਲ ਤਖ਼ਤ ‘ਤੇ ਪੇਸ਼ ਹੁੰਦੇ ਹੋਏ।
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਖਾਤਰ ਡੇਰਾ ਸਿਰਸਾ ਜਾ ਕੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹ ਲਾਈ ਗਈ ਹੈ, ਜਿਸ ਤਹਿਤ ਉਨ੍ਹਾਂ ਦੀ ਤਿੰਨ ਦਿਨ ਫਿਰੋਜ਼ਪੁਰ ਦੇ ਗੁਰਦੁਆਰੇ ਅਤੇ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਚ ਸੇਵਾ ਲਾਈ ਗਈ ਹੈ। ਅਕਾਲ ਤਖ਼ਤ ਦੀ ਫਸੀਲ ਤੋਂ ਇਹ ਤਨਖਾਹ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੁਣਾਈ ਗਈ। ਇਸ ਮੌਕੇ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਵੀ ਅਕਾਲ ਤਖ਼ਤ ਸਾਹਿਬ ਸਾਹਮਣੇ ਹਾਜ਼ਰ ਸਨ।
ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਫਿਰੋਜ਼ਪੁਰ ਸਥਿਤ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਤਿੰਨ ਦਿਨ ਰੋਜ਼ਾਨਾ ਇਕ ਘੰਟਾ ਜੋੜੇ ਸਾਫ਼ ਕਰਨ, ਇਕ ਘੰਟਾ ਲੰਗਰ ਘਰ ਵਿੱਚ ਭਾਂਡੇ ਮਾਂਜਣ ਤੇ ਪਰਿਕਰਮਾ ਵਿੱਚ ਝਾੜੂ ਫੇਰਨ ਦੀ ਸੇਵਾ ਕਰਨਗੇ। ਇਹ ਸੇਵਾ ਮੁਕੰਮਲ ਕਰਨ ਮਗਰੋਂ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਇਕ ਘੰਟਾ ਜੋੜੇ ਸਾਫ਼ ਕਰਨ, ਇਕ ਘੰਟਾ ਛਬੀਲ ‘ਤੇ ਜਲ ਦੀ ਸੇਵਾ ਕਰਨ ਤੇ ਇਕ ਘੰਟਾ ਗੁਰਬਾਣੀ ਦਾ ਕੀਰਤਨ ਸੁਣਨ ਦੀ ਸੇਵਾ ਲਾਈ ਗਈ ਹੈ। ਇਸ ਤੋਂ ਇਲਾਵਾ 501 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਅਤੇ 5100 ਰੁਪਏ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਲਈ ਆਖਿਆ ਗਿਆ ਹੈ। ਸ੍ਰੀ ਸੇਖੋਂ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖਾਹ ਸਿਰ ਮੱਥੇ ਪ੍ਰਵਾਨ ਹੈ ਤੇ ਭਵਿੱਖ ਵਿੱਚ ਹੁਕਮਨਾਮੇ ਅਨੁਸਾਰ ਹੀ ਚੱਲਣਗੇ।
ਇਸ ਦੌਰਾਨ ਬਾਕੀ ਰਹਿ ਗਏ ਤਿੰਨ ਕਾਂਗਰਸੀ ਆਗੂ ਫੇਰ ਗ਼ੈਰ-ਹਾਜ਼ਰ ਸਨ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਅਜਾਇਬ ਸਿੰਘ ਭੱਟੀ ਅਤੇ ਅਰਜਨ ਸਿੰਘ ਬਾਦਲ ਸ਼ਾਮਲ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਵਿਦੇਸ਼ ਵਿੱਚ ਹਨ ਤੇ ਕੁਝ ਸਿਹਤਯਾਬ ਨਹੀਂ ਹਨ।