ਸਮਾਣਾ ਦੇ ਪਿੰਡ ਮਰੋੜ ‘ਚ ਗਰਮ ਖਿਆਲੀ ਆਗੂਆਂ ਵਲੋਂ ਨਾਮ ਚਰਚਾ ਕਰ ਰਹੇ ਪ੍ਰੇਮੀਆਂ ‘ਤੇ ਹਮਲਾ

0
268

naam-charcha
ਕੈਪਸ਼ਨ-ਮਵੀ ਪੁਲੀਸ ਚੌਕੀ ਦੇ ਬਾਹਰ ਡੇਰਾ ਸਿਰਸਾ ਪ੍ਰੇਮੀਆਂ ਦਾ ਇਕੱਠ।
ਸਮਾਣਾ/ਬਿਊਰੋ ਨਿਊਜ਼ :
ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਪਿੰਡ ਮਰੋੜੀ ਵਿਚ ਕੀਤੀ ਜਾ ਰਹੀ ਨਾਮ ਚਰਚਾ ਦੌਰਾਨ ਦੋ ਦਰਜਨ ਦੇ ਕਰੀਬ ਗਰਮ ਖ਼ਿਆਲੀ ਆਗੂਆਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਤਲਵਾਰਾਂ, ਰਾਡਾਂ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਿਸੇ ਨੂੰ ਕੋਈ ਵੀ ਸੱਟ ਤਾਂ ਨਹੀਂ ਲੱਗੀ ਪ੍ਰੰਤੂ ਹਮਲਾਵਰਾਂ ਵੱਲੋਂ ਪ੍ਰੇਮੀਆਂ ਦੇ ਗ੍ਰੰਥ ਅਤੇ ਡੇਰਾ ਮੁਖੀ ਦੇ ਸਰੂਪ ਫਾੜ ਦਿੱਤੇ ਗਏ। ਮਵੀ ਪੁਲੀਸ ਨੇ ਬਲਵੀਰ ਸਿੰਘ ਦੀ ਸ਼ਿਕਾਇਤ ‘ਤੇ ਅਮਰਜੀਤ ਸਿੰਘ, ਗੁਰਮੁਖ ਸਿੰਘ, ਬਿੱਟੂ ਸਿੰਘ ਮਰੋੜੀ, ਹੈਪੀ ਸਿੰਘ ਰਾਈਮਾਜਰਾ, ਕਰਮ ਸਿੰਘ ਅਤੇ ਦਰਬਾਰਾ ਸਿੰਘ ਸੌਂਧੇਵਾਲ ਸਣੇ 14 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੌਕੇ ‘ਤੇ ਪੁੱਜੇ ਡੇਰੇ ਦੀ ਪੰਜਾਬ ਇਕਾਈ ਦੇ ਮੈਂਬਰ ਹਰਪਾਲ ਸਿੰਘ ਨੇ ਪੁਲੀਸ ਦੀ ਸ਼ਹਿ ‘ਤੇ ਕੀਤਾ ਗਿਆ ਹਮਲਾ ਕਰਾਰ ਦਿੰਦਿਆਂ ਪੁਲੀਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ 24 ਘੰਟੇ ਅੰਦਰ ਹਮਲਾਵਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਮਵੀ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ।
ਬਲਵੀਰ ਸਿੰਘ ਨੇ ਦੱਸਿਆ ਕਿ ਅੱਧੀ ਦਰਜਨ ਪਿੰਡਾਂ ਦੀ ਨਾਮ ਚਰਚਾ ਪਿੰਡ ਮਰੋੜੀ ਦੇ ਸਕੂਲ ਵਿਚ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਦੋ ਦਰਜਨ ਦੇ ਕਰੀਬ ਵਿਅਕਤੀ ਉਥੇ ਪੁੱਜੇ ਅਤੇ ਉਨ੍ਹਾਂ ਦੇ ਪਵਿੱਤਰ ਗ੍ਰੰਥ ਸਣੇ ਡੇਰਾ ਮੁਖੀ ਦੇ ਸਰੂਪਾਂ ‘ਤੇ ਤਲਵਾਰਾਂ ਮਾਰੀਆਂ ਤੇ ਉਨ੍ਹਾਂ ਨੂੰ ਖੰਡਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ‘ਤੇ ਵੀ ਤਲਵਾਰ ਨਾਲ  ਹਮਲਾ ਕੀਤਾ ਪਰ ਉਹ ਵਾਲ ਵਾਲ ਬਚ ਗਏ। ਇਸ ਦੌਰਾਨ ਉਨ੍ਹਾਂ ਦਾ ਮੋਬਾਈਲ ਵੀ ਟੁੱਟ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉਥੋਂ ਚਲੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਗੇਟ ‘ਤੇ ਦੋ ਪੁਲੀਸ ਮੁਲਾਜ਼ਮ ਤਾਇਨਾਤ ਸਨ ਪਰ ਉਨ੍ਹਾਂ ਹਮਲਾਵਰਾਂ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਮੁਤਾਬਕ ਮਵੀ ਪੁਲੀਸ ਮੁਖੀ ਸਿਵਲ ਵਰਦੀ ਵਿੱਚ ਹਮਲਾਵਰਾਂ ਨਾਲ ਜੱਫੀ ਪਾ ਕੇ ਉਨ੍ਹਾਂ ਨਾਲ ਆਏ ਸਨ। ਡੇਰਾ ਸਿਰਸਾ ਦੇ ਕਈ ਮੈਂਬਰ ਵੀ ਮੌਕੇ ‘ਤੇ ਪੁੱਜ ਗਏ।
ਘੱਗਾ ਥਾਣਾ ਮੁਖੀ ਰਾਜਵਿੰਦਰ ਕੌਰ ਨੇ ਉਨ੍ਹਾਂ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ। ਪਟਿਆਲਾ ਦੇ ਐਸਐਸਪੀ ਐਸ ਭੂਪਤੀ ਨੇ ਪੁਲੀਸ ਦੇ ਹਮਲਾਵਰਾਂ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
‘ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ’
ਸਿੱਖ ਜਥੇਬੰਦੀ ਦੇ ਆਗੂ ਬਗੀਚਾ ਸਿੰਘ ਵੜੈਚ ਨੇ ਦੱਸਿਆ ਕਿ ਟਕਰਾਅ ਦੌਰਾਨ ਉਨ੍ਹਾਂ ਦਾ ਇੱਕ ਵਿਅਕਤੀ ਕਰਮਜੀਤ ਸਿੰਘ ਸਮਾਣਾ ਜ਼ਖ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਆਗੂ ਅਮਰਜੀਤ ਸਿੰਘ ਮਰੋੜੀ ਦੇ ਜੀਜੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਡੇਰਾ ਸੱਚਾ ਸੌਦਾ ਪ੍ਰਤੀ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ।