ਤੀਹਰਾ ਤਲਾਕ ਔਰਤਾਂ ‘ਤੇ ਵੱਡਾ ਜ਼ੁਲਮ : ਹਾਈ ਕੋਰਟ

0
526

ਅਲਾਹਾਬਾਦ/ਬਿਊਰੋ ਨਿਊਜ਼ :
ਅਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਤੀਹਰਾ ਤਲਾਕ ਔਰਤਾਂ ‘ਤੇ ਵੱਡਾ ਜ਼ੁਲਮ ਹੈ। ਅਦਾਲਤ ਨੇ ਸੁਆਲ ਕੀਤਾ ਕਿ ਕੀ ਮੁਸਲਮਾਨ ਔਰਤਾਂ ਦੇ ਦੁੱਖਾਂ ਨੂੰ ਖ਼ਤਮ ਕਰਨ ਲਈ ਮੁਸਲਿਮ ਪਰਸਨਲ ਲਾਅ ਵਿਚ ਸੋਧ ਕੀਤੀ ਜਾ ਸਕਦੀ ਹੈ। ਤੀਹਰੇ ਤਲਾਕ ਦੀ ਪ੍ਰਥਾ ‘ਤੇ ਜ਼ੋਰਦਾਰ ਹਮਲਾ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਨਾਲ ‘ਫ਼ੌਰੀ ਤਲਾਕ’ ਦੇਣਾ ‘ਸਭ ਤੋਂ ਵੱਧ ਅਪਮਾਨਜਨਕ’ ਹੈ ਜੋ ਭਾਰਤ ਨੂੰ ਇਕ ਰਾਸ਼ਟਰ ਬਣਾਉਣ ਵਿਚ ਅੜਿੱਕਾ ਅਤੇ ਪਿੱਛੇ ਧੱਕਣ ਵਾਲੀ ਹੈ।
ਜਸਟਿਸ ਸੁਨੀਤ ਕੁਮਾਰ ਦੇ ਇਕਹਿਰੇ ਬੈਂਚ ਨੇ ਪਿਛਲੇ ਮਹੀਨੇ ਆਪਣੇ ਫ਼ੈਸਲੇ ਵਿਚ ਕਿਹਾ, ”ਜਿਹੜਾ ਸਵਾਲ ਅਦਾਲਤ ਨੂੰ ਪਰੇਸ਼ਾਨ ਕਰਦਾ ਹੈ, ਉਹ ਇਹ ਹੈ ਕਿ ਕੀ ਮੁਸਲਮਾਨ ਪਤਨੀਆਂ ਨੂੰ ਹਮੇਸ਼ਾ ਅਜਿਹੇ ਜ਼ੁਲਮ ਤੋਂ ਪੀੜਤ ਰਹਿਣਾ ਚਾਹੀਦਾ ਹੈ? ਕੀ ਉਨ੍ਹਾਂ ਦਾ ਪਰਸਨਲ ਲਾਅ ਅਜਿਹੀਆਂ ਮੰਦਭਾਗੀਆਂ ਪਤਨੀਆਂ ਪ੍ਰਤੀ ਇੰਨਾ ਸਖ਼ਤ ਰਹਿਣਾ ਚਾਹੀਦਾ ਹੈ? ਕੀ ਇਨ੍ਹਾਂ ਜ਼ੁਲਮਾਂ ਨੂੰ ਖ਼ਤਮ ਕਰਨ ਲਈ ਪਰਸਨਲ ਲਾਅ ਵਿਚ ਢੁੱਕਵੀਂ ਸੋਧ ਨਹੀਂ ਹੋਣੀ ਚਾਹੀਦੀ? ਨਿਆਂਇਕ ਜ਼ਮੀਰ ਇਸ ਕਰੂਰਤਾ ਤੋਂ ਪਰੇਸ਼ਾਨ ਹੈ।”
ਉਨ੍ਹਾਂ ਕਿਹਾ ਕਿ ਭਾਰਤ ਵਿਚ ਮੁਸਲਿਮ ਕਾਨੂੰਨ ਪੈਗ਼ੰਬਰ ਜਾਂ ਪਵਿੱਤਰ ਕੁਰਾਨ ਦੀ ਭਾਵਨਾ ਦੇ ਉਲਟ ਹੈ ਅਤੇ ਇਹੋ ਧਾਰਨਾ ਪਤਨੀ ਨੂੰ ਤਲਾਕ ਦੇਣ ਦੇ ਕਾਨੂੰਨ ਨੂੰ ਖੋਰਾ ਲਾਉਂਦੀ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਆਧੁਨਿਕ, ਧਰਮ ਨਿਰਪੱਖ ਮੁਲਕ ਵਿਚ ਕਾਨੂੰਨ ਦਾ ਉਦੇਸ਼ ਸਮਾਜਿਕ ਬਦਲਾਅ ਲਿਆਉਣਾ ਹੈ। ਭਾਰਤੀ ਆਬਾਦੀ ਦਾ ਵੱਡਾ ਹਿੱਸਾ ਮੁਸਲਮਾਨ ਭਾਈਚਾਰਾ ਹੈ। ਇਸ ਲਈ ਨਾਗਰਿਕਾਂ ਦਾ ਵੱਡਾ ਹਿੱਸਾ ਅਤੇ ਖ਼ਾਸ ਕਰ ਕੇ ਔਰਤਾਂ ਨੂੰ ਪਰਸਨਲ ਲਾਅ ਦੀ ਆੜ ਵਿਚ ਪੁਰਾਣੀਆਂ ਰੀਤੀਆਂ ਅਤੇ ਸਮਾਜਿਕ ਪ੍ਰਥਾਵਾਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਇਸਲਾਮ ਵਿਚ ਤਲਾਕ ਹੰਗਾਮੀ ਹਾਲਤ ਵਿਚ ਹੀ ਦਿੱਤਾ ਜਾਂਦਾ ਹੈ। ਜਦੋਂ ਸੁਲ੍ਹਾ-ਸਫ਼ਾਈ ਦੇ ਸਾਰੇ ਰਾਹ ਬੰਦ ਹੋ ਜਾਂਦੇ ਹਨ ਤਾਂ ਦੋਵੇਂ ਧਿਰਾਂ ਤਲਾਕ ਜਾਂ ਖੁਲਾ ਰਾਹੀਂ ਨਿਕਾਹ ਰੱਦ ਕਰ ਸਕਦੀਆਂ ਹਨ।
ਅਦਾਲਤ ਨੇ 23 ਵਰ੍ਹਿਆਂ ਦੀ ਹਿਨਾ ਅਤੇ ਉਸ ਦੇ ਪਤੀ, ਜੋ ਉਸ ਦੀ ਉਮਰ ਤੋਂ 30 ਸਾਲ ਵੱਡਾ ਹੈ, ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਮਰਦ ਨੇ ਆਪਣੀ ਪਹਿਲੀ ਪਤਨੀ ਨੂੰ ਤੀਹਰਾ ਤਲਾਕ ਦੇ ਕੇ ਹਿਨਾ ਨਾਲ ਨਿਕਾਹ ਪੜ੍ਹਿਆ ਸੀ।
ਭਾਜਪਾ ਵਲੋਂ ਸਵਾਗਤ :
ਨਵੀਂ ਦਿੱਲੀ : ਕੇਂਦਰ ਸਰਕਾਰ ਅਤੇ ਆਲ ਇੰਡੀਆ ਮੁਸਲਿਮ ਵਿਮੈੱਨ ਪਰਸਨਲ ਲਾਅ ਬੋਰਡ ਨੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਅੰਤਮ ਫ਼ੈਸਲਾ ਸੁਣਾਏਗੀ। ਭਾਜਪਾ ਨੇ ਕਿਹਾ ਕਿ ਅਦਾਲਤ ਨੇ ਤੀਹਰੇ ਤਲਾਕ ਦੇ ਮੁੱਦੇ ‘ਤੇ ਉਨ੍ਹਾਂ ਦੇ ਸਟੈਂਡ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪ੍ਰਥਾ ਦੀ ਹਮਾਇਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਧਰਮ ਦੇ ਨਾਮ ‘ਤੇ ਸਮਾਜ ਨੂੰ ਵੰਡਣ ਦੇ ਅਮਲ ਤੋਂ ਦੂਰ ਰਹਿਣ ਲਈ ਆਖਿਆ ਹੈ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਚਿਤਾਵਨੀ ਦਿੱਤੀ ਕਿ ਤੀਹਰੇ ਤਲਾਕ ਦਾ ਮੁੱਦਾ ਸ਼ਾਹ ਬਾਨੋ ਕੇਸ ਦੇ ਰਾਹ ‘ਤੇ ਨਹੀਂ ਪੈਣਾ ਚਾਹੀਦਾ।