ਮਾਲਦੀਵ ਵਿਚਲਾ ਰਾਜਸੀ ਸੰਕਟ ਹੋਰ ਗੰਭੀਰ

0
162

mohamed_nasheed
ਭਾਰਤ ਫ਼ੌਜੀ ਦਖ਼ਲ ਦੇਵੇ- ਸਾਬਕਾ ਰਾਸ਼ਟਰਪਤੀ ਨਾਸ਼ੀਦ

ਕੋਲੰਬੋ,ਮਾਲੇ/ਬਿਊਰੋ ਨਿਊਜ਼
ਮਾਲਦੀਵਜ਼ ‘ਚ ਰਾਸ਼ਟਰਪਤੀ ਅਬਦੁੱਲਾ ਯਾਮੀਨ ਵੱਲੋਂ ਐਮਰਜੈਂਸੀ ਲਾਏ ਜਾਣ ਅਤੇ ਚੀਫ਼ ਜਸਟਿਸ ਅਬਦੁੱਲਾ ਸਈਦ ਤੇ ਇਕ ਹੋਰ ਜੱਜ ਅਲੀ ਹਮੀਦ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜਲਾਵਤਨ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਭਾਰਤ ਤੋਂ ਸਿਆਸੀ ਸੰਕਟ ਦੇ ਹੱਲ ਲਈ ਕੂਟਨੀਤਕ ਤੇ ਫ਼ੌਜੀ ਪੱਧਰ ‘ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਕ ਹੋਰ ਸਾਬਕਾ ਰਾਸ਼ਟਰਪਤੀ ਮੈਮੂਨ ਅਬਦੁੱਲ ਗਯੂਮ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਨਾਸ਼ੀਦ, ਜਿਨ੍ਹਾਂ ਦੀ ਮਾਲਦੀਵਿਅਨ ਡੈਮੋਕਰੇਟਿਕ ਪਾਰਟੀ (ਐਮਡੀਪੀ) ਕੋਲੰਬੋ ਤੋਂ ਕੰਮਕਾਰ ਕਰਦੀ ਹੈ, ਨੇ ਭਾਰਤ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। ਐਮਡੀਪੀ ਵੱਲੋਂ ਕੋਲੰਬੋ ਤੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਭਾਰਤ ਸਰਕਾਰ ਮਾਲਦੀਵ ‘ਚ ਫ਼ੌਜ ਦੇ ਨਾਲ ਸਫ਼ੀਰ ਨੂੰ ਭੇਜੇ ਤਾਂ ਜੋ ਜੱਜਾਂ ਅਤੇ ਸਿਆਸੀ ਬੰਦੀਆਂ ਨੂੰ ਰਿਹਾਅ ਕੀਤਾ ਜਾ ਸਕੇ। ਨਾਸ਼ੀਦ ਮੁਤਾਬਕ ਯਾਮੀਨ ਨੇ ਗ਼ੈਰ-ਕਾਨੂੰਨੀ ਢੰਗ ਨਾਲ ਮਾਰਸ਼ਲ ਲਾਅ ਐਲਾਨਿਆ ਹੈ। ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਉਨ੍ਹਾਂ ਉਚੇਚੇ ਤੌਰ ‘ਤੇ ਬੇਨਤੀ ਕੀਤੀ ਹੈ ਕਿ ਯਾਮੀਨ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ।

ਕਾਨੂੰਨ ਦਾ ਸਨਮਾਨ ਕੀਤਾ ਜਾਵੇ- ਲਈ ਕਿਹਾ
ਵਾਸ਼ਿੰਗਟਨ/ਪੇਈਚਿੰਗ: ਮਾਲਦੀਵਜ਼ ‘ਚ ਐਮਰਜੈਂਸੀ ਮਗਰੋਂ ਅਮਰੀਕਾ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੇ ਫ਼ੈਸਲੇ ਤੋਂ ਨਿਰਾਸ਼ ਹੈ। ਅਮਰੀਕਾ ਨੇ ਯਾਮੀਨ ਨੂੰ ਕਾਨੂੰਨ ਦਾ ਸਨਮਾਨ ਕਰਨ ਲਈ ਕਿਹਾ ਹੈ। ਉਧਰ ਚੀਨ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਮਾਲਦੀਵਜ਼ ‘ਚ ਜਾਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਹਾਲ ਦੀ ਘੜੀ ਟਾਲ ਦੇਣ।

ਭਾਰਤ ਨੂੰ ਐਮਰਜੈਂਸੀ ਤੋਂ ਪ੍ਰੇਸ਼ਾਨੀ
ਨਵੀਂ ਦਿੱਲੀ: ਮਾਲਦੀਵ ‘ਚ ਸਿਆਸੀ ਉਥਲ-ਪੁਥਲ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਰਤ ਨੇ ਕਿਹਾ ਕਿ ਉਹ ਉਥੋਂ ਦੀ ਸਰਕਾਰ ਵੱਲੋਂ ਐਮਰਜੈਂਸੀ ਦੇ ਕੀਤੇ ਗਏ ਐਲਾਨ ਤੋਂ ਪਰੇਸ਼ਾਨ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਮਾਲਦੀਵ ਦੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਸਿਆਸੀ ਹਸਤੀਆਂ ਦੀ ਗ੍ਰਿਫ਼ਤਾਰੀ ‘ਤੇ ਚਿੰਤਾ ਪ੍ਰਗਟਾਈ ਗਈ ਹੈ। ਭਾਰਤ ਨੇ ਕੱਲ ਆਪਣੇ ਨਾਗਰਿਕਾਂ ਨੂੰ ਕਿਹਾ ਸੀ ਕਿ ਉਹ ਮਾਲਦੀਵਜ਼ ਦੀ ਯਾਤਰਾ ਤੋਂ ਬਚਣ।