ਭਾਰਤ-ਰੂਸ ਮਿਜ਼ਾਈਲ ਸਮਝੌਤਾ, ਅਮਰੀਕਾ ਹੋ ਸਕਦਾ ਹੈ ਖਫਾ

0
80

modi_putin

ਨਵੀਂ ਦਿੱਲੀ/ਬਿਊਰੋ ਨਿਊਜ਼ :

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਦੁਵੱਲੇ ਸੰਮੇਲਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਦੋ ਦਿਨਾ ਦੌਰੇ ਤਹਿਤ ਭਾਰਤ ਵਿਚ ਹਨ। ਪੁਤਿਨ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਭਾਰਤ ਆਇਆ ਹੈ। ਭਾਰਤ ਅਤੇ ਰੂਸ ਵਿਚਾਲੇ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਸੌਦੇ ‘ਤੇ ਦਸਤਖਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤੀਨ ਨੇ ਇਸ ਸੌਦੇ ਨੂੰ ਅਮਲੀ ਜਾਮਾ ਪਹਿਨਾਇਆ। ਪੁਤਿਨ ਦੇ ਦੌਰੇ ਦੌਰਾਨ ਐਸ-400 ਟ੍ਰਿੰਫ਼ ਹਵਾ ਰੱਖਿਆ ਮਿਜ਼ਾਈਲ ਪ੍ਰਣਾਲੀ ਸਮਝੌਤੇ ‘ਤੇ ਸਭ ਦੀ ਨਜ਼ਰ ਸੀ ਕਿਉਂਕਿ ਕ੍ਰੇਮਲਿਨ (ਰੂਸੀ ਸਰਕਾਰ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਪੁਤਿਨ ਭਾਰਤ ਨਾਲ 5 ਅਰਬ ਅਮਰੀਕੀ ਡਾਲਰ ਵਾਲੇ ਇਸ ਸੌਦੇ ‘ਤੇ ਦਸਤਖ਼ਤ ਕਰ ਸਕਦੇ ਹਨ।
ਉਧਰ ਰੂਸ ਨਾਲ ਐਸ-400 ਮਿਜ਼ਾਈਲ ਸਮਝੌਤਾ ਹੋਣ ‘ਤੇ ਭਾਰਤ ‘ਤੇ ਅਮਰੀਕਾ ਪਾਬੰਦੀਆਂ ਲਗਾ ਸਕਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖ਼ਰੀਦ ਨਾਲ ਉਸ ਦੀ ਕਾਊਂਟਰਿੰਗ ਅਮਰੀਕਾ ਐਡਵਾਈਜ਼ਰੀ ਥਰੂ ਸੈਂਕਸ਼ਨਜ਼ ਐਕਟ (ਸੀਏਏਟੀਐਸਏ.) ਦਾ ਉਲੰਘਣ ਹੋਵੇਗਾ। ਅਮਰੀਕਾ ਦੇ ਇਸ ਘਰੇਲੂ ਕਾਨੂੰਨ ਮੁਤਾਬਿਕ ਜੇਕਰ ਕੋਈ ਦੇਸ਼ ਈਰਾਨ, ਉੱਤਰੀ ਕੋਰੀਆ ਜਾਂ ਰੂਸ ਨਾਲ ਅਹਿਮ ਲੈਣ-ਦੇਣ ਦਾ ਸਬੰਧ ਰੱਖਦਾ ਹੈ ਤਾਂ ਉਹ ਅਮਰੀਕੀ ਪਾਬੰਦੀਆਂ ਦਾ ਸ਼ਿਕਾਰ ਹੋਵੇਗਾ। ਹਾਲਾਂਕਿ ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਅਮਰੀਕਾ ਇਸ ‘ਚ ਭਾਰਤ ਨੂੰ ਰਾਹਤ ਦੇ ਸਕਦਾ ਹੈ। ਰੱਖਿਆ ਜਾਣਕਾਰਾਂ ਮੁਤਾਬਿਕ ਅਮਰੀਕਾ ਚਾਹੁੰਦਾ ਹੈ ਕਿ ਭਾਰਤ, ਰੂਸ ਤੋਂ ਇਹ ਰੱਖਿਆ ਪ੍ਰਣਾਲੀ ਨਾ ਖ਼ਰੀਦੇ। ਅਮਰੀਕਾ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਐਸ-400 ਦਾ ਇਸਤੇਮਾਲ ਅਮਰੀਕੀ ਲੜਾਕੂ ਜਹਾਜ਼ਾਂ ਦੀ ਗੁਪਤ ਸਮਰੱਥਾ ਨੂੰ ਟੈਸਟ ਕਰਨ ਲਈ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਇਸ ਪ੍ਰਣਾਲੀ ਨਾਲ ਭਾਰਤ ਨੂੰ ਅਮਰੀਕੀ ਜਹਾਜ਼ਾਂ ਦਾ ਡਾਟਾ ਮਿਲ ਸਕਦਾ ਹੈ। ਅਮਰੀਕਾ ਨੂੰ ਇਹ ਡਰ ਵੀ ਸਤਾ ਰਿਹਾ ਹੈ ਕਿ ਇਹ ਡਾਟਾ ਰੂਸ ਜਾਂ ਦੁਸ਼ਮਣ ਦੇਸ਼ ਨੂੰ ਲੀਕ ਕੀਤਾ ਜਾ ਸਕਦਾ ਹੈ। ਉਹ ਇਸ ਗੱਲ ਨੂੰ ਵੀ ਲੈ ਕੇ ਫ਼ਿਕਰਮੰਦ ਹੈ ਕਿ ਭਾਰਤ ਹੀ ਨਹੀਂ, ਕਈ ਹੋਰ ਦੇਸ਼ ਐਸ-400 ਪ੍ਰਣਾਲੀ ਨੂੰ ਖ਼ਰੀਦਣ ਦੀ ਇੱਛਾ ਜਤਾ ਰਹੇ ਹਨ।
ਬੁਲਾਰੇ ਅਨੂਸਾਰ 19-ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਦੁਵੱਲੇ ਰੱਖਿਆ ਸਹਿਯੋਗ ਦੀ ਸਮੀਖ਼ਿਆ ਵੀ ਕੀਤੀ ਹੈ। ਦੋਵੇ ਨੇਤਾਵਾਂ ਨੇ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ‘ਤੇ ਅਮਰੀਕੀ ਪਾਬੰਦੀਆਂ ਸਮੇਤ ਕਈ ਪ੍ਰਮੁੱਖ ਖ਼ੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਚਰਚਾ ਕੀਤੇ।
ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਰਾਤ ਦੇ ਖ਼ਾਣੇ ਦੀ ਦਾਅਵਤ ਵੀ ਦਿੱਤੀ ਹੋਈ ਹੈ। ਇਸ ਤੋਂ ਪਹਿਲਾਂ ਮੋਦੀ ਨੇ ਆਪਣੀ 7 ਲੋਕ ਕਲਿਆਣ ਮਾਰਗ ਰਿਹਾਇਸ਼ ‘ਤੇ ਪੁੱਜਣ ਮੌਕੇ ਪੁਤਿਨ ਦਾ ਸਵਾਗਤ ਕੀਤਾ ਸੀ।