ਭਾਰਤ ਤੇ ਇਜ਼ਰਾਈਲ ਵਿਚਾਲੇ ਬਣ ਗਿਐ ਤਕੜਾ ਗੱਠਜੋੜ

0
387

modi-israel-visit
ਤਲ ਅਵੀਵ ਪੁੱਜਣ ‘ਤੇ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ
ਸਾਡੇ ਰਿਸ਼ਤੇ ਆਸਮਾਨ ਤੋਂ ਵੀ ਉੱਚੇ, ਵਰ੍ਹਿਆਂ ਲੰਮੀ ਉਡੀਕ..: ਨੇਤਨਯਾਹੂ
ਤਲ ਅਵੀਵ/ਬਿਊਰੋ ਨਿਊਜ਼ :
ਵਿਸ਼ਵ ਭਰ ਵਿੱਚ ਨਵੀਂ ਰਾਜਸੀ ਸਫ਼ਬੰਦੀਆਂ ਦੌਰਾਨ ਭਾਰਤ ਤੇ ਇਜ਼ਰਾਈਲ ਵਿਚਾਲੇ ਤਕੜਾ ਗੱਠਜੋੜ ਬਣ ਗਿਐ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਲ ਅਵੀਵ ਉੱਤੇ ਪੁੱਜਣ ਕੀਤੇ ਭਰਵੇਂ ਸਵਾਗਤ ਤੋਂ ਸਪੱਸ਼ਟ ਸਾਹਮਣੇ ਆਉਂਦਾ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੀ ਧਰਤੀ ‘ਤੇ ਕਦਮ ਰੱਖਦਿਆਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਜਦੋਂ ਹਿੰਦੀ ‘ਚ ਕਿਹਾ, ”ਤੁਹਾਡਾ ਸਵਾਗਤ ਹੈ ਮੇਰੇ ਦੋਸਤ’, ਉਦੋਂ ਸਿਆਸੀ ਮਾਹਰਾਂ ਵਲੋਂ ਅੰਦਾਜ਼ਾ ਲਗਾਇਆ ਗਿਆ ਕਿ ਕਿਵੇਂ ਯਹੂਦੀਆਂ ਦਾ ਇਹ ਦੇਸ਼ ਚਾਵਾਂ ਨਾਲ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ 70 ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ। ਬੇਨ ਗੁਰਿਅਨ ਏਅਰਪੋਰਟ ‘ਤੇ ਇਜ਼ਰਾਈਲ ਮੰਤਰੀ ਮੰਡਲ ਦੇ ਸਾਰੇ 11 ਮੰਤਰੀ ਮੋਦੀ ਦੇ ਸਵਾਗਤ ਲਈ ਖੜ੍ਹੇ ਸਨ, ਜਦਕਿ ਨੇਤਨਯਾਹੂ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਆਸਮਾਨ ਤੋਂ ਵੀ ਉੱਚਾ ਕਰਾਰ ਦਿੱਤਾ।
ਤਿੰਨ ਦਿਨਾਂ ਦੌਰੇ ‘ਤੇ ਇਜ਼ਰਾਈਲ ਪੁੱਜੇ ਮੋਦੀ ਦਾ ਜਹਾਜ਼ ਉਤਰਦਿਆਂ ਹੀ ਨੇਤਨਯਾਹੂ ਨੇ ਗਰਮਜੋਸ਼ੀ ਨਾਲ ਉਨ੍ਹਾਂ ਨੂੰ ਗਲੇ ਲਗਾ ਲਿਆ। ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਨੇ ਮੋਦੀ ਨੂੰ ਭਾਰਤ ਅਤੇ ਦੁਨੀਆ ਦਾ ਮਹਾਨ ਨੇਤਾ ਦੱਸਦਿਆਂ ਕਿਹਾ ਕਿ ਇਸ ਸਮੇਂ ਦਾ ਸਾਨੂੰ 70 ਸਾਲਾਂ ਤੋਂ ਇੰਤਜਾਰ ਸੀ। ਦੋਵੇਂ ਇਕ-ਦੂਜੇ ਨੂੰ ਤਿੰਨ ਵਾਰ ਗਲੇ ਮਿਲੇ। ਪ੍ਰੋਟੋਕਾਲ ਤੋੜਦਿਆਂ ਹੀ ਨੇਤਨਯਾਹੂ ਖੁਦ ਏਅਰਪੋਰਟ ‘ਤੇ ਮੋਦੀ ਦੀ ਅਗਵਾਈ ਕਰਨ ਪੁੱਜੇ। ਅਜਿਹਾ ਸਨਮਾਨ ਇੱਥੇ ਅਮਰੀਕੀ ਰਾਸ਼ਟਰਪਤੀ ਤੇ ਪੋਪ ਨੂੰ ਹੀ ਦਿੱਤਾ ਜਾਂਦਾ ਹੈ। ਦੋਨਾਂ ਨੇਤਾਵਾਂ ਨੇ ਸਾਰੇ ਖੇਤਰਾਂ ‘ਚ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਤਿਵਾਦ ਜਿਹੇ ਖਤਰਿਆਂ ਨਾਲ ਮਿਲ ਕੇ ਨਜਿੱਠਣ ਦਾ ਵਾਅਦਾ ਕੀਤਾ। ਇਜ਼ਰਾਈਲੀ ਮਿਲਟਰੀ ਬੈਂਡ ਨੇ ਦੋਨਾਂ ਦੇਸ਼ਾਂ ਦੇ ਰਾਸ਼ਟਰ ਗੀਤ ਦੀ ਧੁਨ ਵਜਾਈ। ਇਸ ਤੋਂ ਬਾਅਦ ਮੋਦੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੱਫ਼ੀ ਦਾ ਟਰੇਡ ਮਾਰਕ ਇਥੇ ਮੁੜ ਦੇਖਣ ਨੂੰ ਮਿਲਿਆ ਜਦੋਂ ਦੋਵੇਂ ਪ੍ਰਧਾਨ ਮੰਤਰੀਆਂ ਨੇ ਤਿੰਨ ਵਾਰ ਇਕ ਦੂਜੇ ਨੂੰ ਗਲਵੱਕੜੀ ਪਾਈ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਇਕ ਦੂਜੇ ਨੂੰ ”ਮੇਰੇ ਦੋਸਤ” ਕਿਹਾ। ਇਥੇ  ਦੋਵਾਂ ਨੇਤਾਵਾਂ ਨੇ ਆਪਣੇ ਸੰਖੇਪ ਭਾਸ਼ਨ ਵਿਚ ਹਰ ਖੇਤਰ ਵਿਚ ਦੁਪਾਸੜ ਸਬੰਧਾਂ ਅਤੇ ਅਤਿਵਾਦ ਵਰਗੀਆਂ ਚੁਣੌਤੀਆਂ ‘ਤੇ ਸਾਂਝੇ ਸਮਝੌਤਿਆਂ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ। ਨੇਤਨਯਾਹੂ ਦੀ ਪੂਰੀ ਕੈਬਨਿਟ ਹਵਾਈ ਅੱਡੇ ‘ਤੇ ਸ੍ਰੀ ਮੋਦੀ ਦੇ ਸਵਾਗਤ ਲਈ ਪੁੱਜੀ ਹੋਈ ਸੀ, ਜਿਨ੍ਹਾਂ ਨੇ ਕ੍ਰੀਮ ਰੰਗ ਦਾ , ” ਬੰਦ ਗਲਾ’ ਕੋਟ, ਜਿਸ ਦੀ ਜੇਬ ਵਿਚ ਗੂੜ੍ਹੇ ਨੀਲੇ ਰੰਗ ਦਾ ਰੁਮਾਲ ਸੀ, ਪਹਿਨਿਆ ਹੋਇਆ ਸੀ। ਇਜ਼ਰਾਈਲ ਦੇ ਸ੍ਰੀ ਨੇਤਨਯਾਹੂ ਨੇ ਸ੍ਰੀ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਪਹਿਲੀ ਮੀਟਿੰਗ ਵਿਚ ਕਿਹਾ ਸੀ- ਜਦੋਂ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਸੀਮਾ ਅਸਮਾਨ ਤਕ ਹੈ। ਪਰ ਹੁਣ ਉਹ ਇਸ ਵਿਚ ਵਾਧਾ ਕਰਨਾ ਚਾਹੁੰਦੇ ਹਨ ਇਹ ਸਬੰਧ ਬਹੁਤ ਅੱਗੇ ਤਕ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੁਲਾੜ ਵਿੱਚ ਵੀ ਸਹਿਯੋਗ ਦੇ ਰਹੇ ਹਨ। ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਅਸੀਂ ਬਹੁਤ ਕੁਝ ਕਰਾਂਗੇ, ਮਿਲ ਕੇ ਬਿਹਤਰ ਕਰਾਂਗੇ।”
ਸ੍ਰੀ ਮੋਦੀ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਭਰਾ ਦੀ ਸ਼ਹਾਦਤ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਅੱਜ ਦੇ ਦਿਨ ਹੀ 41 ਵਰ•ੇ ਪਹਿਲਾਂ ਉਨ੍ਹਾਂ ਦੇ ਦੋਸਤ ਨੇ ਆਪਣਾ ਭਰਾ ਗੁਆ ਦਿੱਤਾ ਸੀ ਜਿਸ ਨੂੰ ਯੁਗਾਂਡਾ ਵਿੱਚ ਇਜ਼ਰਾਇਲੀ ਬੰਧਕਾਂ ਨੂੰ ਬਚਾਉਂਦਿਆਂ ਮਾਰ ਦਿੱਤਾ ਗਿਆ ਸੀ।

ਫੁੱਲ ਦਾ ਨਾਂ ‘ਮੋਦੀ’ ਰੱਖਿਆ :
ਇਜ਼ਰਾਈਲ ‘ਚ ਤੇਜ਼ੀ ਨਾਲ ਵਧਣ ਵਾਲੇ ਗੁਲਦਾਊਦੀ ਨੂੰ ਮੋਦੀ ਦਾ ਨਾਂ ਦਿੱਤਾ ਗਿਆ ਹੈ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਇਸ ਯਹੂਦੀ ਰਾਸ਼ਟਰ ਦੀ ਪਹਿਲੀ ਯਾਤਰਾ ਦੇ ਮੌਕੇ ‘ਤੇ ਇਜ਼ਰਾਈਲ ਵੱਲੋਂ ਇਹ ਸਨਮਾਨ ਦਿੱਤਾ ਗਿਆ।

ਦੋਵਾਂ ਆਗੂਆਂ ਦੇ ਖ਼ਾਸ ਫਿਕਰੇ :
ਤੁਹਾਡਾ ਸਵਾਗਤ ਹੈ, ਮੇਰੇ ਦੋਸਤ…
ਸਵਾਗਤ ਹੈ, ਮੇਰੇ ਦੋਸਤ… ਇਹ ਦੌਰਾ ਬਹੁਤ ਇਤਿਹਾਸਕ ਹੈ। ਅਸੀਂ ਭਾਰਤ ਨਾਲ ਬਹੁਤ ਪਿਆਰ ਕਰਦੇ ਹਾਂ। ਤੁਸੀਂ ਦੁਨੀਆਂ ਦਾ ਮਹਾਨ ਲੀਡਰ ਹੋ। ਮੈਨੂੰ ਯਾਦ ਹੈ ਕਿ ਸਾਡੀ  ਪਹਿਲੀ ਮੁਲਾਕਾਤ ‘ਚ ਤੁਸੀਂ ਕਿਹਾ ਸੀ ਕਿ ਭਾਰਤ-ਇਜ਼ਰਾਇਲ ਦੇ ਰਿਸ਼ਤੇ ਆਸਮਾਨ ਦੀ ਉੱਚਾਈ ਜਿੰਨੇ ਮਜ਼ਬੂਤ ਹਨ। ਪਰ ਅੱਜ ਮੈਂ ਕਹਿੰਦਾ ਹਾਂ ਕਿ ਇਹ ਰਿਸ਼ਤਾ ਆਸਮਾਨ ਤੋਂ ਵੀ ਉੱਚਾ ਹੈ। ਅਸੀਂ ਪੁਲਾੜ ਤਕ ਸਾਂਝੇਦਾਰੀ ਕਰ ਰਹੇ ਹਾਂ।
– ਬੇਂਜਾਮਿਨ ਨੇਤਨਯਾਹੂ, ਇਜ਼ਰਾਈਲੀ ਪ੍ਰਧਾਨ ਮੰਤਰੀ

ਮੇਰੀ ਖੁਸ਼ਕਿਸਮਤੀ ਹੈ …
ਮੈਨੂੰ ਇੱਥੇ ਆਉਣ ‘ਤੇ ਖੁਸ਼ੀ ਹੈ। ਮੈਂ ਏਅਰਪੋਰਟ ‘ਤੇ ਅਗਵਾਈ ਕਰਨ ਆਏ ਆਪਣੇ ਦੋਸਤ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਧੰਨਵਾਦੀ ਹਾਂ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਇਜ਼ਰਾਈਲ ਦੀ ਯਾਤਰਾ ਕਰਨ ਵਾਲਾ ਮੈਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਹਾਂ। ਸਾਨੂੰ ਅਤਿਵਾਦ ਦੇ ਸਾਂਝੇ ਖਤਰਿਆਂ ਤੋਂ ਆਪਣੇ ਸਮਾਜ ਨੂੰ ਸੁਰੱਖਿਅਤ ਕਰਨਾ ਹੋਵੇਗਾ। ਸਾਡੀ ਸਭਿਅਤਾ ਪੁਰਾਣੀ ਹੈ, ਪਰ ਦੇਸ਼ ਨੌਜਵਾਨ ਹੈ। ਸਾਡੇ ਕੋਲ ਹੋਣਹਾਰ ਅਤੇ ਯੋਗ ਨੌਜਵਾਨ ਹਨ, ਜੋ ਸਾਡੀ ਮੁੱਖ ਤਾਕਤ ਹਨ। ਇਸ ਲਈ ਇਕੱਠਿਆਂ ਚਲਣ ਦਾ ਇਹ ਸਫ਼ਰ ਸਾਰੇ ਹਿੱਤ ‘ਚ ਹੋਵੇਗਾ।
– ਨਰਿੰਦਰ ਮੋਦੀ, ਭਾਰਤੀ ਪ੍ਰਧਾਨ ਮੰਤਰੀ