ਅਮਰੀਕਾ ਦੀ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ

0
372

mayor-yuba-city-preet-didwal-2
ਪ੍ਰੀਤ ਡਿਡਬਾਲ ਨੇ ਯੂਬਾ ਸਿਟੀ ਤੇ ਭਾਈਚਾਰੇ ਦਾ ਨਾਂ ਕੀਤਾ ਰੌਸ਼ਨ
ਯੂਬਾ ਸਿਟੀ/ਹੁਸਨ ਲੜੋਆ ਬੰਗਾ:
ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਅਤੇ ਵਿਸ਼ਵ ਪੱਧਰ ‘ਤੇ ਮਹਾਨ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾ ਸਿਟੀ ਨੂੰ 5 ਦਸੰਬਰ ਮੰਗਲਵਾਰ ਵਾਲੇ ਦਿਨ ਇਕ ਹੋਰ ਮਾਣ ਮਿਲਿਆ ਜਦੋਂ ਇੱਥੋਂ ਦੀ ਪ੍ਰੀਤ ਡਿਡਬਾਲ ਨੂੰ ਅਮਰੀਕਾ ਦੀ ਪਹਿਲੀ ਸਿੱਖ ਔਰਤ ਮੇਅਰ ਵਜੋਂ ਸਹੁੰ ਚੁਕਾਈ ਗਈ। ਇਸ ਮੌਕੇ ਅਮਰੀਕਨ ਸਥਾਨਕ ਸਰਕਾਰਾਂ ਦੇ ਅਫਸਰ ਅਤੇ ਸਿਟੀ ਕਾਊਂਟੀ ਨਾਲ ਸਬੰਧਤ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਅਫਸਰ ਵੀ ਹਾਜ਼ਰ ਸਨ। ਸਹੁੰ ਚੁੱਕ ਸਮਾਗਮ ਦਾ ਆਗਾਜ਼ ਅਮਰੀਕਨ ਰਾਸ਼ਟਰੀ ਗੀਤ ਨਾਲ ਹੋਇਆ ਅਤੇ ਬਾਅਦ ਵਿਚ ਅਰਦਾਸ ਕੀਤੀ ਗਈ। ਇਸ ਦੌਰਾਨ ਕੌਂਸਲ ਮੈਂਬਰਾਂ ਨੇ ਮੇਅਰ ਲਈ ਸੁਪਰਵਾਈਜ਼ਰ ਅਤੇ ਕੌਂਸਲ ਮੈਂਬਰਾਂ ਨੇ ਮਤੇ ਰਾਹੀਂ ਮੇਅਰ ਦੇ ਨਾਂ ਦੀ ਤਾਈਦ ਕੀਤੀ।
ਸਿੱਖ ਭਾਈਚਾਰੇ ਦੇ ਮੋਹਤਬਰਾਂ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਵਿਚ ਨਵੀਂ ਬਣੀ ਮੇਅਰ ਪ੍ਰੀਤ ਡਿਡਵਾਲ ਦੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਨੂੰ ਅਮਰੀਕੀ ਮੀਡੀਆ ਨੇ ਸਿੱਖ ਭਾਈਚਾਰੇ ਨੂੰ ਮੇਅਰ ਨਾਲ ਜੋੜ ਕੇ ਸਿੱਖਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਅਮਰੀਕੀ ਸਮਾਜ ‘ਚ ਯੋਗਦਾਨ ਨੂੰ ਵਧੀਆ ਢੰਗ ਨਾਲ ਲਾਈਵ ਪੇਸ਼ ਕੀਤਾ।
ਇਸ ਸਹੁੰ ਚੁੱਕ ਸਮਾਗਮ ਮੌਕੇ ਹਾਜ਼ਰ ਸਖ਼ਸ਼ੀਅਤਾਂ ‘ਚ ਸਿੱਖ ਭਾਈਚਾਰੇ ਦੇ ਸਥਾਨਕ ਆਗੂ ਸਰਬਜੀਤ ਸਿੰਘ ਥਿਆੜਾ, ਗੁਰਨਾਮ ਪੰਮਾ, ਗੁਰਮੇਜ ਗਿੱਲ, ਹਰਬੰਸ ਪੰਮਾ, ਜਸਬੀਰ ਸਿੰਘ ਕੰਗ, ਦਿਲਵੀਰ ਸਿੰਘ ਗਿੱਲ, ਚਰਨਜੀਤ ਸਿੰਘ ਬਾਠ, ਅਵਤਾਰ ਸਿੰਘ ਗਿੱਲ, ਸਰਬਜੀਤ ਸਿੰਘ ਸਾਬ੍ਹੀ, ਨਾਹਰ ਹੀਰ, ਸੁਖਵਿੰਦਰ ਸਿੰਘ ਸੈਣੀ, ਤੇਜਿੰਦਰ ਮਾਨ, ਬਲਰਾਜ ਸਿੰਘ ਢਿਲੋਂ, ਕਲੋਟੀਆ, ਸਾਗਰ ਸ਼ੇਰਗਿੱਲ ਅਟਾਰਨੀ ਤੇ ਤਰਲੋਚਨ ਸਿੰਘ ਸ਼ਾਮਲ ਸਨ।
ਵਰਨਣਯੋਗ ਹੈ ਕਿ ਪ੍ਰੀਤ ਡਿਡਵਾਲ ਸੀਨੀਆਰਟੀ ਦੇ ਅਧਾਰ ‘ਤੇ ਮੇਅਰ ਨਾਮਜ਼ਦ ਕੀਤੀ ਗਈ ਹੈ। ਪ੍ਰੀਤ ਡਿਡਵਾਲ ਦੇ ਮੇਅਰ ਬਣਨ ਨਾਲ ਜਿਥੇ ਸਥਾਨਕ ਭਾਈਚਾਰਾ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ ਉਥੇ ਹੁਣ ਸਥਾਨਕ ਪੰਜਾਬੀ ਭਾਈਚਾਰੇ ਨੂੰ ਸਥਾਨਕ ਸਰਕਾਰੀ ਦਫ਼ਤਰਾਂ ਵਿਚ ਮਾਣ ਮਿਲਣਾ ਸੁਭਾਵਕ ਹੋ ਗਿਆ ਹੈ।