ਮਲਕੀਤ ਕੀਤੂ ਦੇ 6 ਕਾਤਲਾਂ ਨੂੰ ਉਮਰ ਕੈਦ

0
85

djhÂêßü çßÏæØ·¤ ×Ü·¤èÌ çâ¢ã ·¤èÌê ·¤è Ȥæ§Ü ȤôÅUôÐ

ਮੋਗਾ/ਬਿਊਰੋ ਨਿਊਜ਼ :
ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਵਿਧਾਨ ਸਭਾ ਹਲਕਾ, ਬਰਨਾਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਹੱਤਿਆ ਕੇਸ ਵਿੱਚ ਕੁੱਲ 7 ਮੁਲਜ਼ਮਾਂ ਵਿਚੋਂ 6 ਨੂੰ ਉਮਰ ਕੈਦ ਤੇ ਇੱਕ ਨੂੰ 3 ਸਾਲ ਦੀ ਕੈਦ ਤੇ 92 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਮਰ ਕੈਦ ਲਈ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਵਿਚੋਂ ਤਿੰਨ ਜਣੇ ਮ੍ਰਿਤਕ ਵਿਧਾਇਕ ਦੇ ਸਕੇ ਭਤੀਜੇ ਹਨ।
ਵਿਧਾਨ ਸਭਾ ਹਲਕਾ, ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੀ 29 ਅਕਤੂਬਰ 2012 ਨੂੰ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਉਨ੍ਹਾਂ ਦੇ ਜੱਦੀ ਪਿੰਡ ਬਿਲਾਸਪੁਰ ਵਿਖੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਇਸ ਹੱਤਿਆ ਕੇਸ ਵਿੱਚ ਮ੍ਰਿਤਕ ਅਕਾਲੀ ਵਿਧਾਇਕ ਕੀਤੂ ਦੇ ਤਿੰਨ ਸਕੇ ਭਤੀਜਿਆਂ ਹਰਪ੍ਰੀਤ ਸਿੰਘ (38) ਤੇ ਗੁਰਪ੍ਰੀਤ ਸਿੰਘ (37) (ਦੋਵੇਂ ਸਕੇ ਭਰਾ) ਤੋਂ ਇਲਾਵਾ ਜਸਪ੍ਰੀਤ ਸਿੰਘ ਜੱਸਾ, (33), ਹਰਪਾਲ ਸਿੰਘ (55), ਇਕਬਾਲ ਸਿੰਘ ਉਰਫ਼ ਰਾਜੂ, ਕੁਲਵੰਤ ਸਿੰਘ ਉਰਫ਼ ਲਾਡੀ ਸਾਰੇ ਵਾਸੀ ਬਿਲਾਸਪੁਰ ਅਤੇ ਅੰਗਰੇਜ਼ ਸਿੰਘ ਉਰਫ਼ ਕਾਲਾ (35) ਪਿੰਡ ਦੀਪਗੜ੍ਹ (ਬਰਨਾਲਾ) ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਸੀ। ਕੇਸ ਦੇ 51 ਸਫ਼ਿਆਂ ਦੇ ਫ਼ੈਸਲੇ ਮੁਤਾਬਕ ਮੁਲਜ਼ਮਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਹਨ ਅਤੇ ਉਨ੍ਹਾਂ ਦੇ ਬੱਚੇ ਨਿਆਣੇ ਹਨ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਉੱਤੇ ਹੀ ਨਿਰਭਰ ਹਨ, ਲਿਹਾਜ਼ਾ ਫ਼ੈਸਲਾ ਸੁਣਾਉਣ ਮੌਕੇ ਨਰਮੀ ਵਰਤੀ ਜਾਵੇ।
ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਕੇ. ਗਰਗ ਦੀ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਅਤੇ ਤੱਥਾਂ ਨੂੰ ਵਾਚਣ ਬਾਅਦ ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਜੱਸਾ ਨੂੰ ਉਮਰ ਕੈਦ ਤੇ 15-15 ਹਜ਼ਾਰ ਰੁਪਏ ਜੁਰਮਾਨਾ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਉਰਫ਼ ਰਾਜੂ, ਕੁਲਵੰਤ ਸਿੰਘ ਉਰਫ਼ ਲਾਡੀ ਅਤੇ ਅੰਗਰੇਜ਼ ਸਿੰਘ ਉਰਫ਼ ਕਾਲਾ ਨੂੰ ਉਮਰ ਕੈਦ ਤੇ 13-13 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਆਦੇਸ਼ ਸੁਣਾਇਆ ਹੈ। ਦੋਸ਼ੀਆਂ ਵੱਲੋਂ ਜੁਰਮਾਨਾ ਅਦਾ ਨਾ ਕਰਨ ਉੱਤੇ 6 ਮਹੀਨੇ ਹੋਰ ਵਾਧੂ ਕੈਦ ਕੱਟਣੀ ਪਵੇਗੀ। ਇਸ ਹੱਤਿਆ ਕੇਸ ਵਿੱਚ 7ਵੇਂ ਮੁਲਜ਼ਮ ਹਰਪਾਲ ਸਿੰਘ ਨੂੰ ਆਰਮਜ਼ ਐਕਟ ਤਹਿਤ 3 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ। ਦੋਸ਼ੀ ਵੱਲੋਂ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 3 ਮਹੀਨੇ ਹੋਰ ਵਾਧੂ ਕੈਦ ਕੱਟਣੀ ਹੋਵੇਗੀ।
ਵਧੀਕ ਡੀਜੀਪੀ ਦੀ ਨਿਗਰਾਨੀ ਹੇਠ ਸਿਟ ਨੇ ਕੀਤੀ ਮਾਮਲੇ ਦੀ ਜਾਂਚ
ਅਕਾਲੀ ਹਕੂਮਤ ਦੌਰਾਨ ਸਾਬਕਾ ਵਿਧਾਇਕ ਦੀ ਹੱਤਿਆ ਦੇ ਇਸ ਮਾਮਲੇ ਵਿੱਚ ਰਾਜ ਸਰਕਾਰ ਨੇ ਵਧੀਕ ਡਾਇਰੈਕਟਰ ਜਨਰਲ ਪੁਲੀਸ ਨਿਗਰਾਨੀ ਹੇਠ ਵਿਸੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਕੇਸ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ 22 ਅਤੇ ਬਚਾਅ ਪੱਖ ਵੱਲੋਂ 3 ਗਵਾਹ ਅਦਾਲਤ ਵਿੱਚ ਪੇਸ਼ ਹੋਏ ਸਨ।