ਸੰਘ ਦੇ ਚਹੇਤੇ ਫੌਜੀ ਮੇਜਰ ਗੋਗੋਈ ਦੇ ਕੋਰਟ ਆਫ਼ ਇਨਕੁਆਰੀ ਦੇ ਹੁਕਮ

0
197
major-latoi
ਸ੍ਰੀਨਗਰ/ਬਿਊਰੋ ਨਿਊਜ਼ :

ਫ਼ੌਜ ਨੇ ਮੇਜਰ ਨਿਤਿਨ ਲੀਤੁਲ ਗੋਗੋਈ ਖ਼ਿਲਾਫ਼ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੂੰ ਪਿਛਲੇ ਦਿਨੀਂ ਪੁਲੀਸ ਨੇ ਇਕ ਹੋਟਲ ਵਿੱਚ ਝਗੜਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਸੀ। ਇਹ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਮੇਜਰ ਗੋਗੋਈ ਇਕ 18 ਸਾਲਾ ਮੁਟਿਆਰ ਨੂੰ ਹੋਟਲ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਤੋਂ ਪਹਿਲਾਂ ਪਹਿਲਗਾਮ ਵਿੱਚ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਜੇ ਮੇਜਰ ਗੋਗੋਈ ‘ਕਿਸੇ ਜੁਰਮ ਵਿੱਚ’ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਫ਼ੌਰੀ ਬਾਅਦ ਉਨ੍ਹਾਂ ਖ਼ਿਲਾਫ਼ ਕੋਰਟ ਆਫ਼ ਇਨਕੁਆਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਕੋਈ ਵੀ ਕਾਰਵਾਈ ਜਾਂਚ ਰਿਪੋਰਟ ਦੇ ਆਧਾਰ ਉਤੇ ਕੀਤੀ ਜਾਵੇਗੀ।ਜੰਮੂ-ਕਸ਼ਮੀਰ ਪੁਲੀਸ ਵੱਲੋਂ ਵੀ 23 ਮਈ ਦੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਮੇਜਰ ਗੋਗੋਈ ਤੇ ਉਨ੍ਹਾਂ ਦੇ ਡਰਾਈਵਰ ਨੂੰ ਬਡਗਾਮ ਦੀ ਇਕ ਮੁਟਿਆਰ ਸਣੇ ਪੁਲੀਸ ਹਵਾਲੇ ਕੀਤਾ ਗਿਆ ਸੀ। ਹੋਟਲ ਦੇ ਸਟਾਫ਼ ਨੇ ਮੇਜਰ ਗੋਗੋਈ ਨੂੰ ਮੁਟਿਆਰ ਸਣੇ ਹੋਟਲ ਦੇ ਇਕ ਕਮਰੇ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ।
ਗ਼ੌਰਤਲਬ ਹੈ ਕਿ ਮੇਜਰ ਗੋਗੋਈ ਬੀਤੇ ਸਾਲ ਉਦੋਂ ਚਰਚਾ ਵਿੱਚ ਆਏ ਸਨ, ਜਦੋਂ ਉਨ੍ਹਾਂ ਆਪਣੀ ਫ਼ੌਜੀ ਜੀਪ ਨੂੰ ਪੱਥਰਬਾਜ਼ੀ ਤੋਂ ਬਚਾਉਣ ਲਈ ਇਕ ਮੁਕਾਮੀ ਨੌਜਵਾਨ ਨੂੰ ਮਨੁੱਖੀ ਢਾਲ ਵਜੋਂ ਜੀਪ ਦੇ ਬੋਨਟ ਨਾਲ ਬੰਨ੍ਹ ਲਿਆ ਸੀ। ਉਨ੍ਹਾਂ ਦੀ ਇਸ ਕਾਰਵਾਈ ਦੀ ਦੇਸ਼-ਵਿਦੇਸ਼ ਵਿੱਚ ਭਾਰੀ ਆਲੋਚਨਾ ਹੋਈ ਸੀ। ਉਦੋਂ ਆਰਐਸਐਸ ਅਤੇ ਕੱਟੜਵਾਦੀ ਹਿੰਦੂ ਜਥੇਬੰਦੀਆਂ ਨੇ ਮੇਜਰ ਦੀ ਕਾਰਵਾਈ ਦੀ ਜਮ ਕੇ ਸਰਾਹਨਾ ਕੀਤੀ ਸੀ।
ਜਨਰਲ ਰਾਵਤ ਨੇ ਪਹਿਲਗਾਮ ਵਿੱਚ ਆਰਮੀ ਗੁੱਡਵਿੱਲ ਸਕੂਲ ਦੇ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਜੇ ਭਾਰਤੀ ਫ਼ੌਜ ਦਾ ਕੋਈ ਵੀ ਅਫ਼ਸਰ ਕਿਸੇ ਜੁਰਮ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਅਸੀਂ ਸਖ਼ਤ ਤੋਂ ਸਖ਼ਤ ਸੰਭਵ ਕਾਰਵਾਈ ਕਰਾਂਗੇ।” ਉਨ੍ਹਾਂ ਨਾਲ ਹੀ ਕਿਹਾ, ”ਜੇ ਮੇਜਰ ਗੋਗੋਈ ਨੇ ਕੁਝ ਗ਼ਲਤ ਕੀਤਾ ਹੈ, ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇਗੀ… ਇਹ ਸਜ਼ਾ ਇਕ ਮਿਸਾਲ ਕਾਇਮ ਕਰਨ ਵਾਲੀ ਹੋਵੇਗੀ।”

ਉਧਰ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲ੍ਹਾ ਨੇ ਭਾਰਤੀ ਫ਼ੌਜ ਦੇ ਮੇਜਰ ਨਿਤਿਨ ਲੀਤੁਲ ਗੋਗੋਈ ਨਾਲ ਇਕ ਹੋਟਲ ‘ਚੋਂ ਫੜੀ ਗਈ ਕਸ਼ਮੀਰੀ ਕੁੜੀ ਨੂੰ 1.30 ਲੱਖ ਰੁਪਏ ਦੀ ਸਹਾਇਤਾ ਮਨਜ਼ੂਰ ਕੀਤੀ ਹੈ। ਸ੍ਰੀ ਅਬਦੁੱਲ੍ਹਾ ਦੇ ਸਿਆਸੀ ਸਕੱਤਰ ਤਨਵੀਰ ਸਾਦਿਕ ਨੇ ਟਵਿਟਰ ‘ਤੇ ਦੱਸਿਆ ਕਿ ਲੜਕੀ ਦਾ ਪਰਿਵਾਰ ਬੇਹੱਦ ਗਰੀਬ ਹੈ ਜਿਸ ਨੂੰ ਘਰ ਬਣਾਉਣ ਲਈ ਇਹ ਸਹਾਇਤਾ ਦਿੱਤੀ ਗਈ ਹੈ।