ਪੰਥਕ ਧਿਰਾਂ ਵੱਲੋਂ ਬਰਗਾੜੀ ਮੋਰਚਾ ਖਤਮ ਕਰਨ ਦੇ ਸੰਕੇਤ

0
194

main-mann
ਬਠਿੰਡਾ/ਬਿਊਰੋ ਨਿਊਜ਼ :
ਬਰਗਾੜੀ ਇਨਸਾਫ਼ ਮੋਰਚਾ ਖਤਮ ਕਰ ਦੇਣ ਬਾਰੇ ਪੰਥਕ ਧਿਰਾਂ ਵਿਚ ਸਹਿਮਤੀ ਬਣਨ ਦੀਆਂ ਖਬਰਾਂ ਹਨ। ਪਹਿਲੀ ਜੂਨ 2018 ਤੋਂ ਸ਼ੁਰੂ ਹੋਇਆ ਇਨਸਾਫ਼ ਮੋਰਚਾ ਪੂਰੇ ਸੌ ਦਿਨਾਂ ਨੂੰ ਪਾਰ ਕਰ ਚੁੱਕਾ ਹੈ। ਸੂਤਰਾਂ ਮੁਤਾਬਕ ਹੁਣ ਪੰਥਕ ਆਗੂਆਂ ਨੇ ਇਸ ਨੂੰ ਸਮਾਪਤ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਕਰਕੇ ਛੇਤੀ ਹੀ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਐਲਾਨ ਹੋ ਸਕਦਾ ਹੈ। ਇਸ ਸਬੰਧੀ ਪੰਥਕ ਆਗੂਆਂ ਨੇ ਬਰਗਾੜੀ ਵਿੱਚ ਮੋਰਚਾ ਸਮਾਪਤ ਕਰਨ ਲਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨਾਲ ਲੰਮੀ ਮੁਲਾਕਾਤ ਕੀਤੀ ਦੱਸੀ ਜਾਂਦੀ ਹੈ।
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਮਾਨ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਬਾਲਿਆਂ ਵਾਲੀ ਨੇ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਬਰਗਾੜੀ ਮੋਰਚੇ ਨੂੰ ਖਤਮ ਕਰਨ ਦੇ ਸੰਕੇਤ ਦਿੱਤੇ ਹਨ । ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਰਗਾੜੀ ਮੋਰਚਾ ਜਿਹੜੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਉਹ ਤਕਰੀਬਨ ਪੂਰੀਆਂ ਹੋ ਗਈਆਂ ਹਨ, ਜਿਸ ਕਰਕੇ ਸਭ ਪੰਥਕ ਆਗੂ ਹੁਣ ਧਿਆਨ ਸਿੰਘ ਮੰਡ ਨੂੰ ਮੋਰਚਾ ਸਮਾਪਤ ਕਰਨ ਦੀ ਅਪੀਲ ਕਰਨਗੇ। ਸਿਮਰਨਜੀਤ ਮਾਨ ਨੇ ਦੱਸਿਆ ਕਿ ਬਰਗਾੜੀ ਕਾਂਡ ਦੇ ਸਭ ਮੁਲਜ਼ਮ ਫੜੇ ਜਾ ਚੁੱਕੇ ਹਨ ਅਤੇ ਗੋਲੀ ਕਾਂਡ ਦੇ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਸਿੱਖ ਬੰਦੀਆਂ ਦੀ ਰਿਹਾਈ ਲਈ ਰਾਜਪਾਲ ਅਤੇ ਰਾਸ਼ਟਰਪਤੀ ਨੂੰ ਧਾਰਾ 161 ਤਹਿਤ ਮੁਆਫ਼ੀ ਲਈ ਅਪੀਲ ਕੀਤੀ ਜਾਵੇਗੀ। ਰਾਜ ਸਰਕਾਰਾਂ ਨੂੰ ਇਹ ਮੁਆਫ਼ੀ ਦਾ ਕੇਸ ਬਣਾ ਕੇ ਭੇਜਣ ਲਈ ਆਖਿਆ ਜਾਵੇਗਾ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਗਰ ਧਾਰਾ 161 ਸੰਭਵ ਨਾ ਹੋ ਸਕਿਆ, ਤਾਂ ਉਹ ਪੈਰੋਲ ‘ਤੇ ਰਿਹਾਈ ਦੀ ਮੰਗ ਕਰਨਗੇ। ਆਗੂਆਂ ਨੇ ਇਹ ਵੀ ਦੱਸਿਆ ਕਿ ਜਦੋਂ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ, ਤਾਂ ਮੋਰਚਾ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਥਕ ਆਗੂਆਂ ਦੇ ਫ਼ੈਸਲੇ ਤੋਂ ਇਨਸਾਫ਼ ਮੋਰਚਾ ਲਾਉਣ ਵਾਲੇ ਧਿਆਨ ਸਿੰਘ ਮੰਡ ਨੂੰ ਜਾਣੂ ਕਰਾਉਣਗੇ ਅਤੇ ਮੋਰਚਾ ਸਮਾਪਤ ਕੀਤੇ ਜਾਣ ਦੀ ਅਪੀਲ ਕੀਤੀ ਜਾਵੇਗੀ।
ਪੰਥਕ ਆਗੂ ਆਖਦੇ ਹਨ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਸਿੱਖ ਮਸਲੇ ਹੱਲ ਹੋਏ ਹਨ।