ਮਾਇਆਵਤੀ ਦੀ ਰੈਲੀ ਵਿਚ ਭਗਦੜ ਮੱਚਣ ਕਾਰਨ 3 ਜਣਿਆਂ ਦੀ ਮੌਤ

0
574

Lucknow: A view of the Kanshiram Smarak Sthal where several supporters of BSP were injured during Mayawati's rally on the death anniversary of Kanshi Ram, in Lucknow on Sunday. PTI Photo by Nand Kumar(PTI10_9_2016_000191A)
ਲਖਨਊ/ਬਿਊਰੋ ਨਿਊਜ਼ :
ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੀ 10ਵੀਂ ਬਰਸੀ ਮੌਕੇ ਮੁਖੀ ਮਾਇਆਵਤੀ ਵੱਲੋਂ ਕੀਤੀ ਗਈ ਵੱਡੀ ਰੈਲੀ ਤੋਂ ਬਾਅਦ ਭੀੜ ਵਿਚ ਭਗਦੜ ਮਚਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜਣੇ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਦੋ ਗੇਟਾਂ ਵਿਚੋਂ ਇਕ ਗੇਟ ਦੀਆਂ ਪੌੜੀਆਂ ‘ਤੇ ਤਵਾਜ਼ਨ ਗੁਆਉਣ ਕਰ ਕੇ ਲੋਕ ਇਕ-ਦੂਜੇ ਉਪਰ ਡਿੱਗ ਗਏ। ਅਚਾਨਕ ਮੱਚੀ ਭਗਦੜ ਕਾਰਨ ਬਿਜਨੌਰ ਦੀ ਸ਼ਾਂਤੀ ਦੇਵੀ (68) ਅਤੇ ਇਕ ਅਣਪਛਾਤੀ ਮਹਿਲਾ ਦੀ ਦਮ ਘੁੱਟਣ ਕਰ ਕੇ ਮੌਤ ਹੋ ਗਈ। ਬਾਅਦ ਵਿਚ ਇਕ ਹੋਰ ਜ਼ਖਮੀ ਵਿਅਕਤੀ ਨੇ ਦਮ ਤੋੜ ਦਿੱਤਾ। ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਨਾਲ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਮੁਸਲਮਾਨਾਂ ਨੂੰ ਸੁਚੇਤ ਕੀਤਾ ਕਿ ਉਹ ਕਿਸੇ ਹੋਰ ਪਾਰਟੀ ਦੇ ਹੱਕ ਵਿਚ ਭੁਗਤ ਕੇ ਆਪਣੀ ਵੋਟ ਬੇਕਾਰ ਨਾ ਕਰ ਦੇਣ।
ਬਸਪਾ ਦੇ ਤਰਜਮਾਨ ਨੇ ਕਿਹਾ ਕਿ ਰੈਲੀ ਤੋਂ ਬਾਅਦ ਬਿਜਲੀ ਦੀ ਨੰਗੀ ਤਾਰ ਤੋਂ ਕਰੰਟ ਲੱਗਣ ਦੀ ਅਫ਼ਵਾਹ ਫੈਲਣ ਕਾਰਨ ਭਗਦੜ ਮੱਚੀ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਉਸ ਨੇ ਕਿਹਾ ਕਿ ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਟਰੌਮਾ ਸੈਂਟਰ ਵਿਚ ਦਾਖ਼ਲ ਕਰਾਇਆ ਗਿਆ ਹੈ। ਉਧਰ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਰਾਮ ਅਚਲ ਰਾਜਭਰ ਨੇ ਕਿਹਾ ਕਿ ਮਹਿਲਾ ਦੀ ਮੌਤ ਹੁੰਮਸ ਅਤੇ ਗਰਮੀ ਲੱਗਣ ਕਾਰਨ ਹੋਈ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ ਵਧੀਆ ਇਲਾਜ ਦੇਣ ਦੇ ਉਨ੍ਹਾਂ ਨਿਰਦੇਸ਼ ਦਿੱਤੇ ਹਨ। ਬਸਪਾ ਨੇ ਵੀ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਘਟਨਾ ਬਾਰੇ ਪੁੱਛਣ ‘ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਪੁਲੀਸ ਰੈਲੀ ਲਈ ਢੁੱਕਵੇਂ ਪ੍ਰਬੰਧ ਕਰਨ ਵਿਚ ਨਾਕਾਮ ਰਹੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਭੀੜ ਦਾ ਧਿਆਨ ਰੱਖਣ ਅਤੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ 2002 ਵਿਚ ਵੀ ਬਸਪਾ ਦੀ ਰੈਲੀ ਤੋਂ ਬਾਅਦ ਚਾਰਬਾਗ਼ ਰੇਲਵੇ ਸਟੇਸ਼ਨ ‘ਤੇ ਭਗਦੜ ਮਚਣ ਕਾਰਨ 12 ਪਾਰਟੀ ਵਰਕਰ ਮਾਰੇ ਗਏ ਸਨ ਅਤੇ 22 ਹੋਰ ਜਣੇ ਜ਼ਖ਼ਮੀ ਹੋਏ ਸਨ।