ਹਜੂਮੀ ਕਤਲਾਂ ਲਈ ਵਿਰੋਧੀ ਧਿਰ ਨੇ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

0
256

ਲੋਕ ਸਭਾ ਵਿੱਚ 1984 ਦੇ ਕਤਲੇਆਮ ਦਾ ਮੁੱਦਾ ਵੀ ਉਠਿਆ

New Delhi: Congress leader Mallikarjun Kharge speaks in the Lok Sabha of Parliament in New Delhi on Monday. PTI Photo / TV GRAB(PTI7_31_2017_000017A)
ਕੈਪਸ਼ਨ-ਕਾਂਗਰਸ ਆਗੂ ਮਲਿਕਾਰਜੁਨ ਖੜਗੇ ਲੋਕ ਸਭਾ ਵਿਚ ਹਜੂਮੀ ਕਤਲਾਂ ਸਬੰਧੀ ਹੋਈ ਬਹਿਸ ਵਿੱਚ ਹਿੱਸਾ ਲੈਂਦੇ ਹੋਏ। 

ਨਵੀਂ ਦਿੱਤੀ/ਬਿਊਰੋ ਨਿਊਜ਼ :
ਹਜੂਮੀ ਕਤਲਾਂ ਦੇ ਮੁੱਦੇ ‘ਤੇ ਲੋਕ ਸਭਾ ਵਿਚ ਵਿਰੋਧੀ ਧਿਰ ਅਤੇ ਸਰਕਾਰ ਆਹਮੋ ਸਾਹਮਣੇ ਆ ਗਏ। ਵਿਰੋਧੀ ਪਾਰਟੀਆਂ ਨੇ ਹਜੂਮੀ ਕਤਲਾਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਹਾਕਮ ਧਿਰ ਨੇ ਕਿਹਾ ਕਿ ਅਜਿਹੇ ਅਪਰਾਧਾਂ ਨਾਲ ਸਿੱਝਣ ਲਈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸਦਨ ਵਿਚ ਜਦੋਂ ਹਜੂਮੀ ਕਤਲਾਂ ਦੇ ਮੁੱਦੇ ‘ਤੇ ਬਹਿਸ ਸ਼ੁਰੂ ਹੋਈ ਤਾਂ ਸਾਰੀਆਂ ਪਾਰਟੀਆਂ ਨੇ ਗਊ ਦੇ ਨਾਮ ‘ਤੇ ਕਤਲਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਕਾਂਗਰਸ ਅਤੇ ਤ੍ਰਿਣਾਮੂਲ ਕਾਂਗਰਸ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਹਿੰਸਾ ਲਈ ਜ਼ਿੰਮੇਵਾਰ ਗਊ ਰੱਖਿਅਕਾਂ ਨੂੰ ਸ਼ਹਿ ਦੇ ਰਹੀ ਹੈ। ਹਾਕਮ ਧਿਰ ਨੇ ਰਮਾਇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਰਾਖ਼ਸ਼ਾਂ ਨੇ ਪਵਿੱਤਰਤਾ ਦਾ ਚੋਲਾ ਪਾ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਫੜ ਲਿਆ ਹੈ ਅਤੇ ਹਿੰਸਾ ‘ਤੇ ਕਾਬੂ ਪਾਉਣਾ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ। ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ‘ਹਿੰਦੁਸਤਾਨ’ ਨੂੰ ਹਜੂਮੀ ਕਤਲਾਂ ਦਾ ਮੁਲਕ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਘੱਟ ਗਿਣਤੀਆਂ, ਦਲਿਤਾਂ ਅਤੇ ਮਹਿਲਾਵਾਂ ਖ਼ਿਲਾਫ਼ ਹੈ ਅਤੇ ਇਨ੍ਹਾਂ ਵਰਗਾਂ ਨੂੰ ਹਜੂਮੀ ਹਿੰਸਾ ਦਾ ਸਭ ਤੋਂ ਵਧ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹੀ ਹਿੰਸਾ ਦੀ ਖ਼ਿਲਾਫ਼ਤ ਕੀਤੀ ਹੈ ਪਰ ਕਾਰਵਾਈ ਕੁਝ ਨਹੀਂ ਕੀਤੀ। ਉਨ੍ਹਾਂ ਵੀਐਚਪੀ ਅਤੇ ਬਜਰੰਗ ਦਲ ਵਰਗੀਆਂ ਜਥੇਬੰਦੀਆਂ ‘ਤੇ ਦੋਸ਼ ਲਾਇਆ ਕਿ ਉਹ ਹਜੂਮੀ ਹਿੰਸਾ ਵਿਚ ਸ਼ਾਮਲ ਹਨ। ਭਾਜਪਾ ਹਕੂਮਤ ਵਾਲੇ ਝਾਰਖੰਡ ਅਤੇ ਮੱਧ ਪ੍ਰਦੇਸ਼ ਨੂੰ ਹਜੂਮੀ ਕਤਲਾਂ ਦਾ ਕੇਂਦਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਸ਼ ਦੀ ਏਕਤਾ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਈਆਂ ਹਨ। ਸੂਬਿਆਂ ਦੇ ਮਾਮਲੇ ਅਦਾਲਤਾਂ ਵਿਚ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੰਦਿਆਂ ਭਾਜਪਾ ਨੇ ਰੌਲਾ ਪਾਇਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ ਦਾ ਹਵਾਲਾ ਦੇਣ ‘ਤੇ ਵੀ ਇਤਰਾਜ਼ ਕੀਤਾ ਅਤੇ ਕਿਹਾ ਕਿ ਇਹ ਨਿਯਮਾਂ ਵਿਰੁੱਧ ਹੈ। ਸ੍ਰੀ ਖੜਗੇ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਜਪਾ ਮੈਂਬਰ ਹੁਕਮਦੇਵ ਨਰਾਇਣ ਯਾਦਵ ਨੇ ਸਦਨ ਦਾ ਧਿਆਨ 1984 ਦੇ ਸਿੱਖ ਵਿਰੋਧੀ ਦੰਗਿਆਂ ਵਲ ਦਿਵਾਇਆ ਅਤੇ ਕੇਰਲਾ ਵਿਚ ਆਰਐਸਐਸ ਵਰਕਰ ਦੇ ਕਤਲ ਦਾ ਮੁੱਦਾ ਉਠਾਇਆ। ਤ੍ਰਿਣਮੂਲ ਕਾਂਗਰਸ ਦੇ ਸੌਗਾਤਾ ਰਾਏ ਨੇ ਰਸਾਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ 2010 ਤੋਂ 2017 ਦਰਮਿਆਨ ਗਊ ਰੱਖਿਆ ਦੇ ਨਾਮ ‘ਤੇ 63 ਹਿੰਸਕ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ‘ਮਾਨਵ ਸੁਰੱਕਸ਼ਾ ਕਾਨੂੰਨ’ ਬਣਾਉਣ ਦੀ ਮੰਗ ਕੀਤੀ। ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ਦੀਆਂ ਟਿੱਪਣੀਆਂ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਸਦਨ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਭਾਜਪਾ ਦੇ ਐਸ ਐਸ ਆਹਲੂਵਾਲੀਆ ਅਤੇ ਹੋਰ ਮੈਂਬਰਾਂ ਤੇ ਕਲਿਆਣ ਬੈਨਰਜੀ ਤੇ ਟੀਐਮਸੀ ਮੈਂਬਰਾਂ ਵਿਚਕਾਰ ਗਰਮਾ ਗਰਮ ਬਹਿਸ ਹੋਈ। ਸੌਗਾਤਾ ਰਾਏ ਨੇ ਮੁਹੰਮਦ ਅਖ਼ਲਾਕ, ਪਹਿਲੂ ਖ਼ਾਨ ਅਤੇ ਜੁਨੈਦ ਖ਼ਾਨ ਦੇ ਕਤਲਾਂ ਦਾ ਜ਼ਿਕਰ ਕੀਤਾ। ਲੋਕ ਜਨਸ਼ਕਤੀ ਪਾਰਟੀ ਆਗੂ ਅਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਸ੍ਰੀ ਮੋਦੀ ਨੇ ਹਜੂਮੀ ਕਤਲਾਂ ਦੀ ਨਿਖੇਧੀ ਕੀਤੀ ਹੈ ਪਰ ਤਤਕਾਲੀ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਨੇ ਤਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਵੇਲੇ ਇਹ ਟਿੱਪਣੀ ਕੀਤੀ ਸੀ ਕਿ ਜਦੋਂ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਉਂਜ ਪਾਸਵਾਨ ਨੇ ਸੁਝਾਅ ਦਿੱਤਾ ਕਿ ਬਹਿਸ ਤੋਂ ਬਾਅਦ ਸਦਨ ਹਜੂਮੀ ਕਤਲਾਂ ਦੀ ਨਿਖੇਧੀ ਕਰੇ ਅਤੇ ਸਾਰੀਆਂ ਪਾਰਟੀਆਂ ਤੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਜਾਵੇ ਕਿ ਅਜਿਹੇ ਮਾਮਲਿਆਂ ਦੀ ਜਾਂਚ 24 ਘੰਟਿਆਂ ਵਿਚ ਕੀਤੀ ਜਾਵੇ। ਸ੍ਰੀ ਖੜਗੇ ਨੇ ਕਿਹਾ ਕਿ ਬਹਿਸ ਮੌਜੂਦਾ ਸਰਕਾਰ ਸਮੇਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਹੋ ਰਹੀ ਹੈ ਅਤੇ ਉਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ 1984 ਦਾ ਮੁੱਦਾ ਉਠਾਇਆ ਜਾਣਾ ਚਾਹੀਦਾ ਹੈ ਜਿਸ ‘ਤੇ ਸਦਨ ਵਿਚ ਬਹਿਸ ਹੋ ਚੁੱਕੀ ਹੈ।

ਗੁਜਰਾਤ ਦੇ ਕਾਂਗਰਸੀ ਵਿਧਾਇਕਾਂ ਦੇ ਮਾਮਲੇ ‘ਤੇ ਵੀ ਹੰਗਾਮਾ :
ਗੁਜਰਾਤ ਵਿਚ ਕਾਂਗਰਸ ਵਿਧਾਇਕਾਂ ਨੂੰ ਰਾਜ ਸਭਾ ਚੋਣਾਂ ਲਈ ਭਾਜਪਾ ਉਮੀਦਵਾਰ ਦੇ ਹੱਕ ਵਿਚ ਭੁਗਤਣ ਦਾ ਮਾਮਲਾ ਲੋਕ ਸਭਾ ਅਤੇ ਰਾਜ ਸਭਾ ਵਿਚ ਗੂੰਜਿਆ। ਕਾਂਗਰਸ ਨੇ ਦੋਵੇਂ ਸਦਨਾਂ ਵਿਚ ਦੋਸ਼ ਲਾਇਆ ਕਿ ਭਾਜਪਾ ਵੱਲੋਂ ਕਾਂਗਰਸ ਵਿਧਾਇਕਾਂ ਨੂੰ ਤੋੜਨ ਲਈ 15-15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਲੋਕ ਸਭਾ ਵਿਚ ਇਹ ਮਾਮਲਾ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਉਠਾਇਆ ਅਤੇ ਦੋਸ਼ ਲਾਇਆ ਕਿ ਕਾਂਗਰਸ ਵਿਧਾਇਕਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ। ਸ੍ਰੀ ਖੜਗੇ ਅਤੇ ਕਾਂਗਰਸ ਚੀਫ਼ ਵ੍ਹਿਪ ਜੋਤੀਰਾਦਿਤਿਆ ਸਿੰਧੀਆ ਨੇ ਸਦਨ ਵਿਚ ਇਸ ਮੁੱਦੇ ‘ਤੇ ਬਹਿਸ ਮੰਗੀ ਪਰ ਸਪੀਕਰ ਸੁਮਿੱਤਰਾ ਮਹਾਜਨ ਨੇ ਸੂਬੇ ਦਾ ਮਾਮਲਾ ਹੋਣ ਕਰ ਕੇ ਸਦਨ ਵਿਚ ਬਹਿਸ ਕਰਾਉਣ ਤੋਂ ਇਨਕਾਰ ਕਰ ਦਿੱਤਾ। ਉਧਰ ਰਾਜ ਸਭਾ ਵਿਚ ਕਾਂਗਰਸ ਅਤੇ ਭਾਜਪਾ ਮੈਂਬਰ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਹੰਗਾਮਾ ਹੁੰਦਿਆਂ ਦੇਖ ਕੇ ਉਪ ਸਭਾਪਤੀ ਪੀ ਜੇ ਕੁਰੀਅਨ ਨੇ ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀ ਕਰ ਦਿੱਤੀ।