ਲਾਲੂ ਖ਼ਿਲਾਫ਼ ਕੇਸ ਚਲਾਉਣ ਲਈ ਸੁਪਰੀਮ ਕੋਰਟ ਕੋਲ ਹੋਰ ‘ਚਾਰਾ’ ਨਹੀਂ

0
377

lalu-yadav
4 ਕੇਸਾਂ ਵਿਚ ਵੱਖੋ ਵੱਖਰੇ ਮੁਕੱਦਮੇ ਚਲਾਉਣ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸੁਪਰੀਮ ਕੋਰਟ ਨੇ ਚਾਰਾ ਘੁਟਾਲਾ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਤਕੜਾ ਝਟਕਾ ਦਿੰਦਿਆਂ ਇਸ ਮਾਮਲੇ ਨਾਲ ਸਬੰਧਤ ਚਾਰ ਕੇਸਾਂ ਵਿਚ ਵੱਖੋ-ਵੱਖਰੇ ਮੁਕੱਦਮੇ ਚਲਾਉਣ ਲਈ ਕਿਹਾ ਹੈ। ਸਿਖਰਲੀ ਅਦਾਲਤ ਨੇ ਝਾਰਖੰਡ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ਾਂ ਨੂੰ ਵਾਪਸ ਲੈ ਲਿਆ ਗਿਆ ਸੀ। ਬੈਂਚ ਵਿੱਚ ਸ਼ਾਮਲ ਜਸਟਿਸ ਅਰੁਣ ਮਿਸ਼ਰਾ ਤੇ ਅਮਿਤਵ ਰੌਇ ਦੇ ਬੈਂਚ ਨੇ ਟਰਾਇਲ ਕੋਰਟ ਨੂੰ ਹਦਾਇਤ ਕੀਤੀ ਹੈ ਕਿ ਉਹ 68 ਸਾਲਾ ਯਾਦਵ ਤੇ ਨੌਂ ਹੋਰਨਾਂ ਖਿਲਾਫ਼ ਚਾਰਾ ਘੁਟਾਲੇ ਨਾਲ ਸਬੰਧਤ ਕੇਸਾਂ ਦੀ ਕਾਰਵਾਈ ਨੌਂ ਮਹੀਨਿਆਂ ਵਿਚ ਮੁਕੰਮਲ ਕਰੇ। ਯਾਦ ਰਹੇ ਕਿ ਬਹੁਚਰਚਿਤ ਚਾਰਾ ਘੁਟਾਲੇ ਮੌਕੇ ਲਾਲੂ ਪ੍ਰਸਾਦ ਬਿਹਾਰ ਦੇ ਮੁੱਖ ਮੰਤਰੀ ਸਨ ਤੇ ਉਦੋਂ ਵੱਖ ਵੱਖ ਜ਼ਿਲ੍ਹਿਆਂ ਦੇ ਪਸ਼ੂ-ਪਾਲਨ ਵਿਭਾਗਾਂ ਵਿਚੋਂ ਧੋਖੇ ਨਾਲ 900 ਕਰੋੜ ਰੁਪਏ ਕਢਾਏ ਗਏ ਸਨ।
ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਝਾਰਖੰਡ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ 2014 ਵਿੱਚ ਚਾਰਾ ਘੁਟਾਲੇ ਨਾਲ ਸਬੰਧਤ ਇਕ ਮਾਮਲੇ ਵਿੱਚ ਯਾਦਵ ਖ਼ਿਲਾਫ਼ ਕੇਸ ਚਲਾਉਣ ‘ਤੇ ਲਾਈ ਰੋਕ ਨੂੰ ਰੱਦ ਕਰ ਦਿੱਤਾ। ਸਿਖਰਲੀ ਅਦਾਲਤ ਨੇ ਕਿਹਾ ਕਿ ਹਾਈ ਕੋਰਟ ਨੂੰ ਕੇਸ ਦੀ ਸੁਣਵਾਈ ਦੌਰਾਨ ਤੱਥਾਂ ਦੀ ਨਿਰਖ ਪਰਖ ਮੌਕੇ ਇਕਸੁਰ ਰਹਿੰਦਿਆਂ ਕੇਸ ਨਾਲ ਸਬੰਧਤ ਮੁਲਜ਼ਮਾਂ ਬਾਰੇ ਵੱਖੋ ਵੱਖਰਾ ਨਜ਼ਰੀਆ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਪਰੋਕਤ ਹੁਕਮਾਂ ਖ਼ਿਲਾਫ਼ ਅਪੀਲ ਪਾਉਣ ਵਿਚ ਕੀਤੀ ਬੇਲੋੜੀ ਦੇਰੀ ਲਈ ਸੀਬੀਆਈ ਦੀ ਵੀ ਖਿਚਾਈ ਕੀਤੀ। ਅਦਾਲਤ ਨੇ ਕਿਹਾ ਕਿ ਜਾਂਚ ਏਜੰਸੀ ਦੇ ਡਾਇਰੈਕਟਰ ਨੂੰ ਇਸ ਅਹਿਮ ਮੁੱਦੇ ‘ਤੇ ਨਜ਼ਰਸਾਨੀ ਕਰਦਿਆਂ ਕੇਸ ਦੀ ਅਗਲੇਰੀ ਪੈਰਵੀ ਲਈ ਇਕ ਅਧਿਕਾਰੀ ਨਿਯੁਕਤ ਕਰਨਾ ਚਾਹੀਦਾ ਸੀ। ਗੌਰਤਲਬ ਹੈ ਕਿ 14 ਨਵੰਬਰ, 2014 ਨੂੰ ਹਾਈ ਕੋਰਟ ਨੇ ਯਾਦਵ ਖਿਲਾਫ਼ ਦੋ ਵੱਖ ਵੱਖ ਧਾਰਾਵਾਂ ਤਹਿਤ ਟਰਾਇਲ ਕੋਰਟ ਵਿੱਚ ਕਾਰਵਾਈ ਜਾਰੀ ਰੱਖਣ ਦੀ ਸੀਬੀਆਈ ਦੀ ਅਪੀਲ ਨੂੰ ਮਨਜ਼ੂਰ ਕਰਦਿਆਂ ਯਾਦਵ ਖਿਲਾਫ਼ ਲੱਗੇ ਹੋਰਨਾਂ ਦੋਸ਼ਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਇਕ ਵਿਅਕਤੀ ਖ਼ਿਲਾਫ਼ ਉਸੇ ਅਪਰਾਧ ਲਈ ਦੋ ਵਾਰ ਕੇਸ ਨਹੀਂ ਚਲਾਇਆ ਜਾ ਸਕਦਾ।