ਨਵਾਜ਼ ਦੀ ਪਤਨੀ ਕੁਲਸੂਮ ਨਵਾਜ਼ ਨੇ ਜਿੱਤੀ ਸੰਸਦੀ ਜ਼ਿਮਨੀ ਚੋਣ

0
404

nawaz-wife
ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਕੈਂਸਰ ਪੀੜਤ ਪਤਨੀ ਕੁਲਸੂਮ ਨਵਾਜ਼ ਨੇ ਲਾਹੌਰ ਸੰਸਦੀ ਜ਼ਿਮਨੀ ਚੋਣ ਵਿਚ ਜਿੱਤ ਪ੍ਰਾਪਤ ਕਰ ਲਈ ਹੈ। ਬੇਗਮ ਕੁਲਸੂਮ ਨਵਾਜ਼ ਨੇ ਨੈਸ਼ਨਲ ਅਸੰਬਲੀ ਦੀ ਸੰਸਦੀ ਸੀਟ ਐਨ ਏ-120 ਦੀ ਚੋਣ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਯਾਸਮਿਨ ਰਸ਼ੀਦ ਨੂੰ ਬਹੁਤ ਹੀ ਕਰੀਬੀ ਅੰਤਰ ਨਾਲ ਹਰਾ ਕੇ ਜਿੱਤੀ। ਇਸ ਸੀਟ ਨੂੰ ਨਵਾਜ਼ ਸ਼ਰੀਫ ਪਰਿਵਾਰ ਲਈ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਇਹ ਸੀਟ ਪਾਕਿ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਈ ਸੀ ਤੇ ਇਸ ਨੂੰ ਸ਼ਰੀਫ ਪਰਿਵਾਰ ਲਈ ਲੋਕਾਂ ਦੇ ਸਮਰਥਨ ਦੀ ਪ੍ਰੀਖਿਆ ਮੰਨਿਆ ਜਾ ਰਿਹਾ ਸੀ। ਇਸ ਚੋਣ ਵਿਚ ਕੁਲਸੂਮ ਨੂੰ ਕੁੱਲ 59413 ਵੋਟਾਂ ਪ੍ਰਾਪਤ ਹੋਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਰਸ਼ੀਦ ਨੂੰ 46145 ਵੋਟਾਂ ਪ੍ਰਾਪਤ ਹੋਈਆਂ। ਜ਼ਿਕਰਯੋਗ ਹੈ ਕਿ ਕੈਂਸਰ ਪੀੜਤ ਕੁਲਸੂਮ ਨਵਾਜ਼ ਫਿਲਹਾਲ ਲੰਡਨ ਵਿਚ ਆਪਣਾ ਇਲਾਜ਼ ਕਰਵਾ ਰਹੀ ਹੈ ਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਨੇ ਹੀ ਮਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸੰਭਾਲਿਆ ਹੋਇਆ ਸੀ।