ਆੜ੍ਹਤੀਏ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪੁੱਤਰ ਨੇ ਵੀ ਕੀਤੀ ਖ਼ੁਦਕੁਸ਼ੀ

0
177

kisan-sucide
ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਪਿੰਡ ਚਨਾਰਥਲ ਖ਼ੁਰਦ ਵਿੱਚ ਆੜ੍ਹਤੀਏ ਤੋਂ ਦੁਖੀ ਕਿਸਾਨ ਦਵਿੰਦਰ ਸਿੰਘ (35) ਪੁੱਤਰ ਮਰਹੂਮ ਗੁਰਲਾਭ ਸਿੰਘ ਵੱਲੋਂ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਆੜ੍ਹਤੀਏ ਉੱਤੇ ਕਿਸਾਨ ਦੀ ਜ਼ਮੀਨ ਧੋਖੇ ਨਾਲ ਵਿਕਾਉਣ ਅਤੇ ਪੈਸੇ ਹੜੱਪਣ ਦਾ ਦੋਸ਼ ਹੈ। ਆੜ੍ਹਤੀਏ ਤੋਂ ਮਿਲੇ ਧੋਖੇ ਦਾ ਇਨਸਾਫ਼ ਲੈਣ ਲਈ ਕਿਸਾਨ ਦੇ ਪਿਤਾ ਵੱਲੋਂ ਵੀ ਬੀਤੇ ਸਾਲ ਪਟਿਆਲਾ ਵਿੱਚ ਧਰਨੇ ਦੌਰਾਨ ਖ਼ੁਦਕੁਸ਼ੀ ਕਰ ਲਈ ਗਈ ਸੀ। ਪਰਿਵਾਰ ਵਿੱਚ ਕੇਵਲ ਬਿਰਧ ਮਾਤਾ ਜਸਪਾਲ ਕੌਰ, ਪਤਨੀ ਰਾਜਬੀਰ ਕੌਰ ਅਤੇ ਮ੍ਰਿਤਕ ਦੀ ਸੱਤ ਸਾਲਾਂ ਦੀ ਧੀ ਹੀ ਰਹਿ ਗਏ ਹਨ। ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਕਿਸਾਨ ਪਰਿਵਾਰ ਦਾ ਮਾਮਲਾ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹੈ ਅਤੇ ਉੱਥੇ ਹੀ ਕੇਸ ਦਰਜ ਹੈ। ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ ਸਬੰਧੀ ਪਰਿਵਾਰ ਜੋ ਬਿਆਨ ਦਰਜ ਕਰਵਾਏਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਆੜ੍ਹਤੀ ਹਰਜੀਤ ਸਿੰਘ ਅਤੇ ਸੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆੜ੍ਹਤ ਦੀ ਦੁਕਾਨ ਬੰਦ ਕੀਤਿਆਂ ਕਾਫ਼ੀ ਸਾਲ ਹੋ ਗਏ ਹਨ। ਗੁਰਲਾਭ ਸਿੰਘ ਸਿੰਘ ਨੇ ਉਨ੍ਹਾਂ ਤੋਂ ਕਰਜ਼ਾ ਲਿਆ ਹੋਇਆ ਸੀ। ਕਰਜ਼ਾ ਉਤਾਰਨ ਲਈ ਉਸ ਦੇ ਕਹਿਣ ‘ਤੇ ਉਨ੍ਹਾਂ ਉਸ ਦੀ ਚਾਰ ਕਿਲੇ ਜ਼ਮੀਨ ਵਿਕਵਾਈ ਸੀ। ਉਨ੍ਹਾਂ ਆਪਣੇ ਪੈਸੇ ਕੱਟ ਲਏ ਸਨ ਜਦਕਿ ਇੱਕ ਕਿਲੇ ਦੇ ਪੈਸੇ ਪਾਰਟੀ ਤੋਂ ਲੈਣੇ ਬਾਕੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਦੀ ਮੌਤ ਦਾ ਕਾਰਨ ਕਰਜ਼ਾ ਨਹੀਂ ਬਲਕਿ ਪਤਨੀ ਨਾਲ ਰਹਿੰਦਾ ਕਥਿਤ ਘਰੇਲੂ ਕਲੇਸ਼ ਹੈ।