ਸ਼੍ਰੋਮਣੀ ਕਮੇਟੀ ਵਲੋਂ ਮੁੱਖ ਸਕੱਤਰ ਦਾ ਅਹੁਦਾ ਖ਼ਤਮ

0
375

kirpal-singh-badungar-pun
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਸਕੱਤਰ ਦਾ ਅਹੁਦਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ਸਿੱਖ ਗੁਰਦੁਆਰਾ ਐਕਟ 1925 ਵਿੱਚ ਸ਼੍ਰੋਮਣੀ ਕਮੇਟੀ ਦੇ ਦਰਜ ਸੇਵਾ ਨਿਯਮਾਂ ਵਿੱਚ ਮੁੱਖ ਸਕੱਤਰ ਨਾਂ ਦਾ ਕੋਈ ਅਹੁਦਾ ਨਹੀਂ ਹੈ। ਸੰਵਿਧਾਨਕ ਤੌਰ ‘ਤੇ ਇਸ ਅਹੁਦੇ ਨੂੰ ਕੋਈ ਮਾਨਤਾ ਨਹੀਂ ਹੈ ਅਤੇ ਸਿੱਖ ਸੰਸਥਾ ਕਾਨੂੰਨ ਨੂੰ ਮੰਨਣ ਲਈ ਪਾਬੰਦ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨ ਦੀ ਉਲੰਘਣਾ ਕਰਕੇ ਕੋਈ ਨਵਾਂ ਅਹੁਦਾ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਵੇਲੇ ਮਨਜੀਤ ਸਿੰਘ ਕਲਕੱਤਾ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ ਅਤੇ ਹੁਣ 2015 ਵਿੱਚ ਹਰਚਰਨ ਸਿੰਘ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਹਰਚਰਨ ਸਿੰਘ ਦੇ ਅਸਤੀਫੇ ਤੋਂ ਬਾਅਦ ਇਸ ਅਹੁਦੇ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਸੰਵਿਧਾਨਕ ਤੌਰ ‘ਤੇ ਸੰਸਥਾ ਦਾ ਸਕੱਤਰ ਹੀ ਪ੍ਰਸ਼ਾਸਨਿਕ ਮੁਖੀ ਹੁੰਦਾ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਉੱਚ ਯੋਗਤਾ ਪ੍ਰਾਪਤ ਸਕੱਤਰ ਹਨ, ਜੋ ਸਿੱਖ ਸੰਸਥਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਸਮਰੱਥ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਚਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕਤਰ ਦੇ ਅੁਹਦੇ ਤੋਂ ਅਸਤੀਫਾ ਦੇ ਦਿੱਤਾ ਸੀ।