ਪਰਮਾਣੂ ਬਟਨ ਹਮੇਸ਼ਾਂ ਕਿਮ ਜੌਂਗ ਉਨ ਦੀ ਮੁੱਠੀ ‘ਚ

0
245

kim-jong-un
ਚੋਪੇਸਿਓਲ/ਬਿਊਰੋ ਨਿਊਜ਼:
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਨਵੇਂ ਸਾਲ ਦੇ ਆਪਣੇ ਸੁਨੇਹੇ ਵਿੱਚ ਮੁਲਕ ਨੂੰ ਵੱਡੇ ਪੱਧਰ ‘ਤੇ ਪਰਮਾਣੂ ਜੰਗੀ ਹਥਿਆਰ ਤੇ ਮਿਜ਼ਾਈਲ ਤਿਆਰ ਕਰਨ ਦੀ ਅਪੀਲ ਕੀਤੀ ਹੈ। ਕਿਮ ਨੇ ਕਿਹਾ ਕਿ ਪਰਮਾਣੂ ਹਥਿਆਰ ਚਲਾਉਣ ਵਾਲਾ ਬਟਨ ਹਮੇਸ਼ਾਂ ਉਸ ਦੀ ਮੇਜ਼ ‘ਤੇ (ਮੁੱਠੀ ‘ਚ) ਹੁੰਦਾ ਹੈ ਤੇ ਉਹ ਆਪਣੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ, ਜਿਸ ਨੇ ਕੌਮਾਂਤਰੀ ਭਾਈਚਾਰੇ ਨੂੰ ਵਖ਼ਤ ਪਾਇਆ ਹੋਇਆ ਹੈ, ਨੂੰ ਜਾਰੀ ਰੱਖੇਗਾ। ਯਾਦ ਰਹੇ ਕਿ ਪਿਓਂਗਯਾਂਗ ਨੇ ਬੀਤੇ ਸਾਲ ਵਿੱਚ ਕੌਮਾਂਤਰੀ ਪਾਬੰਦੀਆਂ ਤੇ ਅਮਰੀਕਾ ਦੇ ਤਿੱਖੇ ਤੇਵਰਾਂ ਦੇ ਬਾਵਜੂਦ ਪਰਮਾਣੂ ਸ਼ਕਤੀ ਬਣਨ ਲਈ ਵਿੱਢੇ ਯਤਨਾਂ ਨੂੰ ਮੱਠਾ ਨਹੀਂ ਪੈਣ ਦਿੱਤਾ।
ਨਵੇਂ ਸਾਲ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਮ ਨੇ ਕਿਹਾ, ‘ਸਾਨੂੰ ਵੱਡੇ ਪੱਧਰ ‘ਤੇ ਪਰਮਾਣੂ ਜੰਗੀ ਹਥਿਆਰ ਤੇ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਦੇ ਨਾਲ ਨਾਲ ਇਨ੍ਹਾਂ ਨੂੰ ਤੇਜ਼ੀ ਨਾਲ ਬੀੜਨਾ ਵੀ ਹੋਵੇਗਾ।’ ਕਿਮ ਨੇ ਮੁੜ ਦੁਹਰਾਇਆ ਕਿ ਉੱਤਰੀ ਕੋਰੀਆ ਨੇ ਪਰਮਾਣੂ ਸ਼ਕਤੀ ਸੰਪੰਨ ਮੁਲਕ ਬਣਨ ਦੇ ਆਪਣੇ ਟੀਚੇ ਨੂੰ ਪੂਰਾ ਕਰ ਲਿਆ ਹੈ। ਆਗੂ ਨੇ ਕਿਹਾ ਕਿ ਉਨ੍ਹਾਂ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਉਹ ਅਮਰੀਕੀ ਧਰਤੀ ਨੂੰ ਨਿਸ਼ਾਨਾ ਬਣਾਉਣ ਦੇ ਯੋਗ ਹੋ ਸਕੇ। ਕਿਮ ਨੇ ਕਿਹਾ, ‘ਉੱਤਰੀ ਕੋਰੀਆ ਅਮਰੀਕਾ ਦੀ ਕਿਸੇ ਵੀ ਪਰਮਾਣੂ ਧਮਕੀ ਦਾ ਮੁਕਾਬਲਾ ਕਰ ਸਕਦਾ ਹੈ ਤੇ ਸਾਡੇ ਕੋਲ ਇੰਨੇ ਕੁ ਪਰਮਾਣੂ ਜੰਗੀ ਹਥਿਆਰ ਮੌਜੂਦ ਹਨ, ਜੋ ਅਮਰੀਕਾ ਨੂੰ ਅੱਗ ਨਾਲ ਖੇਡਣ ਤੋਂ ਵਰਜ ਸਕਦੇ ਹਨ।’ ਆਗੂ ਨੇ ਕਿਹਾ ਕਿ ਪਰਮਾਣੂ ਬਟਨ ਹਮੇਸ਼ਾਂ ਉਸ ਦੀ ਮੇਜ਼ ‘ਤੇ ਹੁੰਦਾ ਹੈ ਤੇ ਅਮਰੀਕਾ ਇਸ ਗੱਲ ਨੂੰ ਭਲੀਭਾਂਤ ਸਮਝ ਲਏ ਕਿ ਇਹ ਕੋਈ ਧਮਕੀ ਨਹੀਂ ਬਲਕਿ ਸੱਚਾਈ ਹੈ।