ਵਿਧਾਨ ਸਭਾ ਚੋਣਾਂ ਵਿਚ ਹਾਰ ਮਗਰੋਂ ਪਹਿਲੀ ਵਾਰ ਪੰਜਾਬ ਆਏ ਕੇਜਰੀਵਾਲ

0
298

ਕਾਂਗਰਸ ‘ਤੇ ਚੋਣ ਵਾਅਦਿਆਂ ਤੋਂ ਭੱਜਣ ਦੇ ਲਾਏ ਦੋਸ਼
ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਮੌਕੇ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

kejriwal

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਫੇਰੀ ‘ਤੇ ਆਏ। ਇਸ ਮੌਕੇ ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੀ ਹੈ ਅਤੇ ਹੁਣ ਇਨ੍ਹਾਂ ਵਾਅਦਿਆਂ ਤੋਂ ਭੱਜਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਲੋਕਾਂ ਕੋਲੋਂ ਮੁਆਫ਼ੀ ਮੰਗਣ ਲਈ ਵੀ ਕਿਹਾ।
ਸ੍ਰੀ ਕੇਜਰੀਵਾਲ ਇਥੇ ਪੰਜਵੇਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਮੱਥਾ ਟੇਕਣ ਮਗਰੋਂ ਉਨ੍ਹਾਂ ਪਾਰਟੀ ਵਾਲੰਟੀਅਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਸਬੰਧਤ ਡਾਕਟਰਾਂ ਨੂੰ ਵੀ ਮਿਲੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਇਸ ਲਈ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਯੂ ਟਰਨ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ‘ਆਪ’ ਦੀਆਂ ਇੱਛਾਵਾਂ ਮੁਤਾਬਕ ਨਹੀਂ ਆਏ ਪਰ ਇਸ ਦੇ ਬਾਵਜੂਦ ਲੋਕਾਂ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਹੋਣ ਦਾ ਮਾਣ ਬਖਸ਼ਿਆ ਹੈ। ਆਮ ਆਦਮੀ ਪਾਰਟੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਏਗੀ ਤੇ ਲੋਕਾਂ ਦੇ ਹੱਕਾਂ ਲਈ ਵਿਧਾਨ ਸਭਾ ਵਿਚ ਆਵਾਜ਼ ਬੁਲੰਦ ਕਰੇਗੀ। ਪਾਰਟੀ ਦੇ ਜਥੇਬੰਦਕ ਢਾਂਚੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਢਾਂਚਾ ਜਲਦੀ ਮੁਕੰਮਲ ਹੋ ਜਾਵੇਗਾ ਅਤੇ ਨਵੇਂ ਢਾਂਚੇ ਵਿਚ ਬੂਥ ਪੱਧਰ ‘ਤੇ ਪ੍ਰਧਾਨਾਂ ਨੂੰ ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ।
ਸਮਾਗਮ ਨੂੰ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚਐਸ ਫੂਲਕਾ ਤੇ ‘ਆਪ’ ਵਿਧਾਇਕਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਸੁਖਜਿੰਦਰ ਸਿੰਘ ਖਹਿਰਾ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਕੁਲਤਾਰ ਸਿੰਘ ਸਿੱਧਵਾਂ ਵੀ ਹਾਜ਼ਰ ਸਨ।

ਦੋ ਥਾਵਾਂ ‘ਤੇ ਧੱਕਾ-ਮੁੱਕੀ, ਕਾਂਗਰਸੀਆਂ ਨੇ ਲਾਏ ‘ਗੋ ਬੈਕ’ ਦੇ ਨਾਅਰੇ :
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਸ ਵੇਲੇ ਔਕੜ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਮੀਡੀਆ ਨੁਮਾਇੰਦਿਆਂ ਵਿਚਾਲੇ ਤਕਰਾਰ ਹੋ ਗਈ। ਧੱਕਾ-ਮੁੱਕੀ ਵਿੱਚ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਛੇਹਰਟਾ ਬਾਈਪਾਸ ਨੇੜੇ ਕਾਂਗਰਸੀਆਂ ਨੇ ਸ੍ਰੀ ਕੇਜਰੀਵਾਲ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਅਤੇ ‘ਗੋ ਬੈਕ’ ਦੇ ਨਾਅਰੇ ਲਾਏ।
ਸ੍ਰੀ ਕੇਜਰੀਵਾਲ ਜਦੋਂ ਨਤਮਸਤਕ ਹੋਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਏ ਤਾਂ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਰੋਕਿਆ। ਗੱਲਬਾਤ ਸ਼ੁਰੂ ਹੀ ਹੋਈ ਸੀ ਕਿ ਧੱਕਾ-ਮੁੱਕੀ ਦੌਰਾਨ ਇਕ ਪੱਤਰਕਾਰ ਦਾ ਮਾਈਕ ਸ੍ਰੀ ਕੇਜਰੀਵਾਲ ਦੇ ਨੱਕ ਉਤੇ ਵੱਜਿਆ। ਇਸ ਨੂੰ ਦੇਖਦਿਆਂ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਗੁੱਸੇ ਹੋ ਗਏ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਦੂਰ ਹਟਾਉਣ ਦਾ ਯਤਨ ਸ਼ੁਰੂ ਕਰ ਦਿੱਤਾ। ਇਸ ਖਿੱਚ-ਧੂਹ ਵਿੱਚ ਕੁਝ ਪੱਤਰਕਾਰਾਂ ਦੇ ਕੈਮਰੇ ਤੇ ਹੋਰ ਸਾਮਾਨ ਵੀ ਡਿੱਗ ਗਿਆ। ਤਕਰਾਰ ਦੌਰਾਨ ਕੁਝ ਲੋਕਾਂ ਨੂੰ ਸੱਟ ਵੀ ਲੱਗੀ, ਜਿਨ੍ਹਾਂ ਵਿੱਚ ਆਪ ਆਗੂ ਜਸਵਿੰਦਰ ਸਿੰਘ ਐਡਵੋਕੇਟ, ਗਲਿਆਰਾ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਅਤੇ ਕੁਝ ਮੀਡੀਆ ਨੁਮਾਇੰਦੇ ਸ਼ਾਮਲ ਹਨ।
ਇਸ ਦੌਰੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਕੇਜਰੀਵਾਲ ਨੂੰ ਕੋਈ ਸਿਰੋਪਾਓ ਨਹੀਂ ਦਿੱਤਾ ਗਿਆ। ਇਸ ਦੀ ਜਾਣਕਾਰੀ ‘ਆਪ’ ਆਗੂਆਂ ਨੂੰ ਪਹਿਲਾਂ ਹੀ ਮਿਲ ਗਈ ਸੀ, ਇਸ ਲਈ ਉਹ ਸ੍ਰੀ ਕੇਜਰੀਵਾਲ ਨੂੰ ਸੂਚਨਾ ਕੇਂਦਰ ਵਿੱਚ ਲੈ ਕੇ ਨਹੀਂ ਗਏ। ਇਸ ਦੌਰਾਨ ਛੇਹਰਟਾ ਬਾਈਪਾਸ ਨੇੜੇ ਜਦੋਂ ਸ੍ਰੀ ਕੇਜਰੀਵਾਲ ਦਾ ਕਾਫ਼ਲਾ ਲੰਘ ਰਿਹਾ ਸੀ ਤਾਂ ਵਾਰਡ ਨੰਬਰ 2 ਤੋਂ ਕਾਂਗਰਸੀ ਕਾਰਕੁਨ ਰਾਜੂ ਦੀ ਅਗਵਾਈ ਹੇਠ ਕਾਂਗਰਸੀ ਸਮਰਥਕਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਉਨ੍ਹਾਂ ‘ਗੋ ਬੈਕ’ ਦੇ ਨਾਅਰੇ ਵੀ ਲਾਏ। ਇਸ ਦੌਰਾਨ ਪੁਲੀਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਆਪਸੀ ਧੱਕਾ-ਮੁੱਕੀ ਵੀ ਹੋਈ। ਕਾਂਗਰਸੀ ਸਮਰਥਕਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।