ਸਰੀ ਵਿੱਚ ਪੰਜਾਬੀ ਨੌਜਵਾਨ ਕਰਨਪ੍ਰਤਾਪ ਸਿੰਘ ਦਾ ਕਤਲ

0
503

karanpartap-waraich-shot-dead
ਵੈਨਕੂਵਰ/ਬਿਊਰੋ ਨਿਊਜ਼ :
ਸਰੀ ਵਿੱਚ 22 ਸਾਲਾ ਪੰਜਾਬੀ ਨੌਜਵਾਨ ਕਰਨਪ੍ਰਤਾਪ ਸਿੰਘ ਵੜੈਚ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪੁਲੀਸ ਵੱਲੋਂ ਜਾਰੀ ਸੂਚਨਾ ਅਨੁਸਾਰ ਕਰਨ ਦਾ ਅਪਰਾਧਕ ਰਿਕਾਰਡ ਸੀ ਤੇ ਮੁੱਢਲੇ ਸੰਕੇਤਾਂ ਅਨੁਸਾਰ ਇਹ ਕਾਰਾ ਉਸ ਦੇ ਵਿਰੋਧੀਆਂ ਵੱਲੋਂ ਗਿਣ ਮਿੱਥ ਕੇ ਕੀਤਾ ਹੋ ਸਕਦਾ ਹੈ। ਕਤਲਾਂ ਦੀ ਜਾਂਚ ਵਾਲੀ ਪੁਲੀਸ ਟੀਮ ਦੇ ਬੁਲਾਰੇ ਸਟਾਫ ਸਾਰਜੈਂਟ ਜੈਨੀਫਰ ਪੌਂਡ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਕਿਸੇ ਨੇ 129 ਸਟਰੀਟ ਅਤੇ 96 ਐਵੇਨਿਊ ਸਥਿਤ ਮੈਕਡੌਨਲਡ ਪਲਾਜ਼ੇ ਵਿੱਚ ਗੋਲੀਆਂ ਚੱਲਣ ਬਾਰੇ ਸੂਚਨਾ ਦਿੱਤੀ ਤਾਂ ਮੌਕੇ ‘ਤੇ ਪਹੁੰਚੇ ਪੁਲੀਸ ਅਫ਼ਸਰਾਂ ਨੇ ਵੇਖਿਆ ਕਿ ਕਾਰ ਵਿੱਚ ਪਏ ਨੌਜਵਾਨ ਨੂੰ ਗੋਲੀਆਂ ਨਾਲ ਵਿੰਨ੍ਹਿਆ ਹੋਇਆ ਸੀ। ਮੌਕੇ ‘ਤੇ ਪਹੁੰਚੀ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਸਬੂਤ ਇਕੱਠੇ ਕੀਤੇ ਗਏ ਹਨ। ਪੁਲੀਸ ਨੇ ਜਾਂਚ ਵਿੱਚ ਲੋਕਾਂ ਤੋਂ ਸਹਿਯੋਗ ਮੰਗਿਆ। ਪੁਲੀਸ ਦਾ ਕਹਿਣਾ ਹੈ ਕਿ ਅਜੇ ਉਹ ਕਤਲ ਨੂੰ ਗੈਂਗਵਾਰ ਦਾ ਨਤੀਜਾ ਨਹੀਂ ਕਹਿ ਸਕਦੇ ਪਰ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਪੁਲੀਸ ਇਸ ਘਟਨਾ ਨੂੰ ਕੁਝ ਘੰਟੇ ਪਹਿਲਾਂ ਟੋਰਾਂਟੋ ਵਿੱਚ ਪੰਜਾਬੀ ਨੌਜਵਾਨ ਦਿਲਾਨ ਗਿੱਲ (24) ਦੇ ਇਸੇ ਢੰਗ ਨਾਲ ਹੋਏ ਕਤਲ ਨਾਲ ਵੀ ਜੋੜ ਕੇ ਵੇਖ ਰਹੀ ਹੈ।