ਸੀਬੀਆਈ ਦੇ ਵਿਸ਼ੇਸ਼ ਜੱਜ ਬੀ ਐਚ ਲੋਯਾ ਦੀ ਸ਼ੱਕੀ ਮੌਤ ਸਬੰਧੀ ਸਵਾਲਾਂ ਦੀਆਂ ਗੁੰਝਲਾਂ ਸੁਲਝਾਏਗਾ ਸੁਪਰੀਮ ਕੋਰਟ

0
261

justice-loya
ਨਵੀਂ ਦਿੱਲੀ/ਬਿਊਰੋ ਨਿਊਜ਼:
ਸੀਬੀਆਈ ਦੇ ਵਿਸ਼ੇਸ਼ ਜੱਜ ਬੀ ਐਚ ਲੋਯਾ ਦੀ ਮੌਤ ਨਾਲ ਸਬੰਧਤ ਪਟੀਸ਼ਨਾਂ ‘ਚ ਉਠਾਏ ਗਏ ਤੌਖ਼ਲਿਆਂ ਨੂੰ ਸੁਪਰੀਮ ਕੋਰਟ ਨੇ ਗੰਭੀਰ ਕਰਾਰ ਦਿੱਤਾ ਹੈ ਪਰ ਸੀਨੀਅਰ ਵਕੀਲ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਨਾਮ ਕੇਸ ‘ਚ ਘੜੀਸੇ ਜਾਣ ‘ਤੇ ਉਸ ਨੂੰ ਤਾੜਨਾ ਕੀਤੀ।
ਸੁਪਰੀਮ ਕੋਰਟ, ਜਿਸ ਨੇ ਸ੍ਰੀ ਲੋਯਾ ਦੀ ਮੌਤ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਗੰਭੀਰਤਾ ਨਾਲ ਘੋਖਣ ਦਾ ਫ਼ੈਸਲਾ ਲਿਆ ਹੈ, ਨੇ ਸੀਨੀਅਰ ਵਕੀਲ ਇੰਦਰਾ ਜੈਸਿੰਘ ‘ਤੇ ਨਾਰਾਜ਼ਗੀ ਵੀ ਦਿਖਾਈ ਜਿਨ੍ਹਾਂ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਭਵਿੱਖ ‘ਚ ਸਿਖਰਲੀ ਅਦਾਲਤ ਵੱਲੋਂ ਕੇਸ ਦੇ ਸਬੰਧ ‘ਚ ਮੀਡੀਆ ਦੀ ਸੰਘੀ ਘੁੱਟੀ ਜਾ ਸਕਦੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ, ਜੋ ਲੋਯਾ ਦੀ 2014 ‘ਚ ਹੋਈ ਮੌਤ ਦੇ ਮਾਮਲੇ ‘ਚ ਦੋ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਹੈ, ਨੇ ਬੰਬੇ ਹਾਈ ਕੋਰਟ ਦੀਆਂ ਨਾਗਪੁਰ ਅਤੇ ਮੁੰਬਈ ਬੈਂਚਾਂ ‘ਚ ਬਕਾਇਆ ਪਈਆਂ ਦੋ ਹੋਰ ਪਟੀਸ਼ਨਾਂ ਵੀ ਆਪਣੇ ਕੋਲ ਤਬਦੀਲ ਕਰ ਲਈਆਂ ਹਨ। ਬੈਂਚ ਨੇ ਮੁਲਕ ਦੀਆਂ ਸਾਰੀਆਂ ਹਾਈ ਕੋਰਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਯਾ ਦੀ ਮੌਤ ਦੇ ਮਾਮਲੇ ਨਾਲ ਸਬੰਧਤ ਪਟੀਸ਼ਨਾਂ ਸਵੀਕਾਰ ਨਾ ਕਰਨ। ਸ੍ਰੀ ਲੋਯਾ, ਜੋ ਸੋਹਰਾਬੂਦੀਨ ਸ਼ੇਖ਼ ਫਰਜ਼ੀ ਮੁਕਾਬਲਾ ਕੇਸ ਦੀ ਸੁਣਵਾਈ ਕਰ ਰਹੇ ਸਨ, ਦੀ ਨਾਗਪੁਰ ‘ਚ ਪਹਿਲੀ ਦਸੰਬਰ 2014 ਨੂੰ ਭੇਤ ਭਰੀ ਹਾਲਤ ‘ਚ ਮੌਤ ਹੋ ਗਈ ਸੀ।  ਉਂਜ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਸੀ। ਉਸ ਸਮੇਂ ਉਹ ਆਪਣੇ ਸਾਥੀ ਦੀ ਧੀ ਦੇ ਵਿਆਹ ਸਮਾਗਮ ‘ਚ ਹਿੱਸਾ ਲੈਣ ਲਈ ਗਏ ਹੋਏ ਸਨ। ਬੈਂਚ ਨੇ ਸਾਰੀਆਂ ਧਿਰਾਂ ਨੂੰ ਲੋਯਾ ਦੀ ਮੌਤ ਨਾਲ ਸਬੰਧਤ ਉਨ੍ਹਾਂ ਦਸਤਾਵੇਜ਼ਾਂ ਨੂੰ ਸੂਚੀਬੱਧ ਕਰਕੇ 2 ਫਰਵਰੀ ਨੂੰ ਕੇਸ ਦੀ ਅਗਲੀ ਸੁਣਵਾਈ ਦੌਰਾਨ ਜਮਾਂ ਕਰਾਉਣ ਲਈ ਕਿਹਾ ਹੈ, ਜਿਹੜੇ ਅਜੇ ਤਕ ਦਾਖ਼ਲ ਨਹੀਂ ਕੀਤੇ ਗਏ ਹਨ।
ਉਨ੍ਹਾਂ ਕਿਹਾ,”ਸਾਨੂੰ ਪੂਰੀ ਗੰਭੀਰਤਾ ਨਾਲ ਸਾਰੇ ਦਸਤਾਵੇਜ਼ ਘੋਖਣ ਦੀ ਲੋੜ ਹੈ।” ਬੈਂਚ ਉਸ ਸਮੇਂ ਤੈਸ਼ ‘ਚ ਆ ਗਿਆ ਜਦੋਂ ਬੰਬੇ ਵਕੀਲਾਂ ਦੀ ਜਥੇਬੰਦੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਸੁਣਵਾਈ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਨਾਮ ਲਿਆ ਅਤੇ ਦੋਸ਼ ਲਾਇਆ ਕਿ ਉਨ੍ਹਾਂ (ਅਮਿਤ ਸ਼ਾਹ) ਨੂੰ ਬਚਾਉਣ ਦਾ ਹਰਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਹਰੀਸ਼ ਸਾਲਵੇ ਵੱਲੋਂ ਤਿੱਖਾ ਵਿਰੋਧ ਜਤਾਏ ਜਾਣ ਮਗਰੋਂ ਬੈਂਚ ਨੇ ਕਿਹਾ,”ਅੱਜ ਤਕ ਤਾਂ ਇਹ ਕੁਦਰਤੀ ਮੌਤ ਜਾਪਦੀ ਹੈ। ਤੁਸੀਂ ਇਲਜ਼ਾਮਤਰਾਸ਼ੀ ਨਾ ਕਰੋ।” ਸੁਣਵਾਈ ਦੌਰਾਨ ਚੀਫ਼ ਜਸਟਿਸ ਉਸ ਸਮੇਂ ਗੁੱਸੇ ‘ਚ ਆ ਗਏ ਜਦੋਂ ਵਕੀਲ ਇੰਦਰਾ ਜੈਸਿੰਘ ਨੇ ਦਲੀਲ ਦਿੱਤੀ ਕਿ ਭਵਿੱਖ ‘ਚ ਸਿਖਰਲੀ ਅਦਾਲਤ ਵੱਲੋਂ ਕੇਸ ‘ਚ ਮੀਡੀਆ ਦੀ ਆਵਾਜ਼ ਦਬਾਈ ਜਾ ਸਕਦੀ ਹੈ। ਉਨ੍ਹਾਂ ਕਿਹਾ,”ਇਹ ਠੀਕ ਨਹੀਂ ਹੈ। ਤੁਸੀਂ ਮੇਰੇ ਨਾਲ ਇੰਜ ਨਹੀਂ ਕਰ ਸਕਦੇ।” ਜੈਸਿੰਘ ਨੇ ਤੁਰੰਤ ਆਪਣੇ ਬਿਆਨ ਤੋਂ ਪਾਸਾ ਵੱਟਿਆ ਅਤੇ ਬਿਆਨ ਲਈ ਮੁਆਫ਼ੀ ਮੰਗੀ। ਇਸ ਤੋਂ ਪਹਿਲਾਂ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਹੇਠਲਾ ਬੈਂਚ, ਕਾਂਗਰਸ ਆਗੂ ਤਹਿਸੀਨ ਪੂਨਾਵਾਲਾ ਅਤੇ ਮਹਾਰਾਸ਼ਟਰ ਦੇ ਪੱਤਰਕਾਰ ਬੀ ਐਸ ਲੋਨੇ ਵੱਲੋਂ ਦਾਖ਼ਲ ਕੀਤੀਆਂ ਦੋ ਪਟੀਸ਼ਨਾਂ ਦੀ ਸੁਣਵਾਈ ਤੋਂ ਲਾਂਭੇ ਹੋ ਗਿਆ ਸੀ ਅਤੇ ਕਿਹਾ ਸੀ ਕਿ ਢੁਕਵੇਂ ਬੈਂਚ ਮੂਹਰੇ ਇਹ ਮਾਮਲਾ ਉਠਾਇਆ ਜਾਣਾ ਚਾਹੀਦਾ ਹੈ। ਇਸ ਮਗਰੋਂ ਇਨ੍ਹਾਂ ਦੋ ਕੇਸਾਂ ਨੂੰ ਅੱਜ ਚੀਫ਼ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਮੂਹਰੇ ਸੂਚੀਬੱਧ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਜਸਟਿਸ ਜੇ ਚੇਲਾਮੇਸ਼ਵਰ, ਰੰਜਨ ਗੋਗੋਈ, ਐਮ ਬੀ ਲੋਕੁਰ ਅਤੇ ਕੁਰੀਅਨ ਜੋਜ਼ੇਫ਼ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਲੋਯਾ ਦੀ ਮੌਤ ਸਬੰਧੀ ਕੇਸ ਸਮੇਤ ਹੋਰ ਸੰਜੀਦਾ ਕੇਸਾਂ ਦੀ ਵੰਡ ਬਾਰੇ ਸਵਾਲ ਉਠਾਏ ਸਨ।