ਮੋਦੀ ਨੇ ਦਲਿਤਾਂ ਬਾਰੇ ਕਿਉਂ ਪਾਈਆਂ ਨੇ ਮੂੰਹ ‘ਚ ਘੁਗਣੀਆਂ: ਮੇਵਾਨੀ

0
224

Dalit leader and Gujarat MLA Jignesh Mevani addressing a press conference in New Delhi on Friday.Tribune Photo. Mukesh Aggarwal

ਦਿੱਲੀ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦਲਿਤ ਆਗੂ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ।
ਨਵੀਂ ਦਿੱਲੀ/ਬਿਊਰੋ ਨਿਊਜ਼
ਦਲਿਤ ਆਗੂ ਅਤੇ ਗੁਜਰਾਤ ‘ਚ ਨਵੇਂ ਚੁਣੇ ਗਏ ਵਿਧਾਇਕ ਜਿਗਨੇਸ਼ ਮੇਵਾਨੀ ਨੇ ਭੜਕਾਊ ਭਾਸ਼ਣ ਦੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਲਿਤਾਂ ‘ਤੇ ਹੋਏ ਹਮਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਮੋਸ਼ੀ ਤੋੜਨ ਲਈ ਕਿਹਾ ਹੈ। ਪੁਣੇ ਪੁਲੀਸ ਵੱਲੋਂ ਮੇਵਾਨੀ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਐਫਆਈਆਰ ਦਰਜ ਕੀਤੇ ਜਾਣ ਦੇ ਇਕ ਦਿਨ ਬਾਅਦ ਮੇਵਾਨੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਹਾਕਮ ਪਾਰਟੀ ਅਤੇ ਸੰਘ ਪਰਿਵਾਰ ਜਾਣ-ਬੁੱਝ ਕੇ ਉਸ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਸ ਨੇ ਕਿਹਾ ਕਿ ਗੁਜਰਾਤ ‘ਚ ਉਨ੍ਹਾਂ ਦੀਆਂ ਸੀਟਾਂ 115 ਤੋਂ ਘੱਟ ਕੇ 99 ‘ਤੇ ਪਹੁੰਚ ਗਈਆਂ ਹਨ ਅਤੇ ਉਹ ਨਿਰਾਸ਼ ਹਨ।  ਭੀਮਾ-ਕੋਰੇਗਾਓਂ ਨਾ ਜਾਣ ਅਤੇ ਨਾ ਹੀ ਮਹਾਰਾਸ਼ਟਰ ਬੰਦ ‘ਚ ਕੋਈ ਸ਼ਮੂਲੀਅਤ ਕਰਨ ਦਾ ਉਨ੍ਹਾਂ ਦਾਅਵਾ ਕੀਤਾ ਹੈ। ਉਸ ਨੇ ਕਿਹਾ,”ਮੈਂ ਚੁਣਿਆ ਹੋਇਆ ਨੁਮਾਇੰਦਾ ਅਤੇ ਵਕੀਲ ਹਾਂ। ਮੇਰਾ ਭਾਸ਼ਣ ਆਨਲਾਈਨ ਪਿਆ ਹੈ ਅਤੇ ਇਸ ‘ਚ ਇਕ ਵੀ ਸ਼ਬਦ ਭੜਕਾਊ ਨਹੀਂ ਹੈ। ਜੇਕਰ ਵਿਧਾਇਕ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ।” ਮੇਵਾਨੀ ਨੇ ਕਿਹਾ ਕਿ 9 ਜਨਵਰੀ ਨੂੰ ਦਿੱਲੀ ‘ਚ ‘ਯੂਥ ਪ੍ਰਾਈਡ ਮਾਰਚ’ ਦਾ ਐਲਾਨ ਕੀਤਾ ਹੈ ਜਿਸ ‘ਚ ਸਮਾਜਿਕ ਨਿਆਂ ਦੇ ਮੁੱਦੇ ਉਠਾਏ ਜਾਣਗੇ। ਉਸ ਨੇ ਕਿਹਾ ਕਿ ਰੈਲੀ ਦੇ ਅਖੀਰ ‘ਚ ਉਹ ਇਕ ਹੱਥ ‘ਚ ਸੰਵਿਧਾਨ ਅਤੇ ਦੂਜੇ ‘ਚ ਮਨੂਸਮ੍ਰਿਤੀ ਰੱਖ ਕੇ ਪ੍ਰਧਾਨ ਮੰਤਰੀ ਦਫ਼ਤਰ ਜਾਣਗੇ ਜਿਥੇ ਪ੍ਰਧਾਨ ਮੰਤਰੀ ਤੋਂ ਦੋਹਾਂ ‘ਚੋਂ ਇਕ ਦੀ ਚੋਣ ਕਰਨ ਨੂੰ ਆਖਣਗੇ।