ਵਿਕਟੋਰੀਆ ਵੈਸਟ ਪਾਰਕ ਦਾ ਨਾਂ ਬਦਲ ਕੇ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ

0
594

jaswant-khalra

ਉਮੀਦ ਹੈ ਇਸ ਪਾਰਕ ਦੇ ਅਰਥ ਵੀ ਹੁਣ ਵੱਖਰੇ ਹੋਣਗੇ : ਨਵਕਿਰਨ ਕੌਰ ਖਾਲੜਾ

ਫਰਿਜ਼ਨੋ/ਬਿਊਰੋ ਨਿਊਜ਼ :
ਸਿੱਖ ਭਾਈਚਾਰੇ ਲਈ ਇਹ ਪਲ ਬੇਹੱਦ ਖ਼ਾਸ ਰਹੇ ਜਦੋਂ ਵਿਕਟੋਰੀਆ ਵੈਸਟ ਪਾਰਕ ਦਾ ਨਾਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਗਿਆ। ਵੈਸਟ ਸੈਂਟਰਲ ਫਰਿਜ਼ਨੋ ਵਿਚਲਾ ਪਾਰਕ ਕਈ ਵਰ੍ਹਿਆਂ ਤੋਂ ਵਿਕਟੋਰੀਆ ਵੈਸਟ ਪਾਰਕ ਵਜੋਂ ਜਾਣਿਆ ਜਾਂਦਾ ਸੀ। ਸ਼ਹਿਰ ਦੇ ਸਿਟੀ ਕੌਂਸਲਰਾਂ ਤੇ ਮੇਅਰ ਨੇ ਮਤਾ ਪਾਸ ਕਰਦਿਆਂ ਪਾਰਕ ਦਾ ਨਾਂ ਬਦਲ ਕੇ ‘ਸ਼ਹੀਦ ਜਸਵੰਤ ਸਿੰਘ ਖਾਲੜਾ’ ਦੇ ਨਾਂ ‘ਤੇ ਰੱਖ ਦਿੱਤਾ ਹੈ। ਇਹ ਪਾਰਕ ਕਲਿੰਟਨ ਤੇ ਬਰਾਲੀ ਸਟਰੀਟ ਦੇ ਖੂੰਜੇ ਵਿਚ ਸਥਿਤ ਹੈ। ਇਹ ਕੰਮ ਸਿੱਖ ਆਗੂਆਂ ਦੀ ਅਣਥੱਕ ਮਿਹਨਤ ਸਦਕਾ ਸਿਰੇ ਚੜ੍ਹਿਆ ਹੈ। ਖ਼ਾਸ ਤੌਰ ‘ਤੇ ‘ਜਕਾਰਾ ਮੂਵਮੈਂਟ’ ਦਾ ਅਹਿਮ ਯੋਗਦਾਨ ਰਿਹਾ। ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਵਿਚ ਦੀਪ ਸਿੰਘ, ਸਿਮਰਨ ਸਿੰਘ, ਕਮਲਜੀਤ ਕੌਰ, ਬਿੱਲ ਨਿੱਝਰ ਦਾ ਵਿਸ਼ੇਸ਼ ਯੋਗਦਾਨ ਹੈ।
ਇਸ ਮੌਕੇ ਸਿਟੀ ਹਾਲ ‘ਚ ਹੋਈ ਇਕਤੱਰਤਾ ਦੌਰਾਨ ਸ. ਜਸਵੰਤ ਸਿੰਘ ਖਾਲੜਾ ਦੀ ਧੀ ਨਵਕਿਰਨ ਕੌਰ ਖਾਲੜਾ ਵਿਸ਼ੇਸ਼ ਤੌਰ ‘ਤੇ ਪੁੱਜੀ। ਉਸ ਨੇ ਸਿਟੀ ਅਧਿਕਾਰੀਆਂ ਤੇ ਕੌਂਸਲ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਅਸੀਂ ਕਿਸੇ ਨੂੰ ਆਪਣੀਆਂ ਕਹਾਣੀਆਂ ਨਹੀਂ ਸੁਣਾਈਆਂ, ਅਸੀਂ ਕਦੇ ਆਪਣੀ ਵਿਰਾਸਤ ਸਾਂਝੀ ਨਹੀਂ ਕੀਤੀ।’
ਗਰਮੀਆਂ ਦੀ ਤਿੱਖੀ ਧੁੱਪ ਵਿਚ ਬੱਚੇ ਇਸ ਪਾਰਕ ਵਿਚ ਦਰਖ਼ਤਾਂ ਦੀ ਠੰਢੀ ਛਾਂ ਮਾਣਦੇ ਹਨ ਤੇ ਨਵਕਿਰਨ ਨੂੰ ਉਮੀਦ ਹੈ ਕਿ ਹੁਣ ਇਸ ਪਾਰਕ ਦੇ ਅਰਥ ਵੀ ਵੱਖਰੇ ਹੋਣਗੇ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਪੁਲੀਸ ਨੇ 1995 ਵਿਚ ਕਤਲ ਕਰ ਦਿੱਤਾ ਸੀ। ਉਦੋਂ ਨਵਕਿਰਨ ਕੌਰ ਮਹਿਜ਼ 10 ਵਰ੍ਹਿਆਂ ਦੀ ਸੀ।
ਨਵਕਿਰਨ ਨੇ ਦੱਸਿਆ, ‘ਮੇਰੇ ਕੋਲ ਉਨ੍ਹਾਂ ਦੀਆਂ ਬਹੁਤ ਘੱਟ ਯਾਦਾਂ ਹਨ, ਜੋ ਕੁਝ ਵੀ ਮੈਂ ਜਾਣਦੀ ਹਾਂ, ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਸੁਣਿਆ ਹੈ।’ ਹੁਣ ਕਰੀਬ 20 ਵਰ੍ਹਿਆਂ ਬਾਅਦ ਨਵਕਿਰਨ ਆਪਣੇ ਪਿਤਾ ਦੀ ਯਾਦ ਨੂੰ ਸੈਂਟਰਲ ਵੈਲੀ ਵਿਚ ਸਾਕਾਰ ਹੁੰਦਾ ਦੇਖ ਰਹੀ ਹੈ। ਨਵਕਿਰਨ ਤੇ ਸਿੱਖ ਜਥੇਬੰਦੀ ‘ਜਕਾਰਾ ਮੂਵਮੈਂਟ’ ਨੇ ਫਰਿਜ਼ਨੋ ਸਿਟੀ ਕੌਂਸਲ ਦੇ ਅਧਿਕਾਰੀਆਂ ਨਾਲ ਪਾਰਕ ਦਾ ਨਾਂ ਬਦਲਣ ਸਬੰਧੀ ਮੀਟਿੰਗ ਕੀਤੀ ਸੀ। ਕੌਂਸਲ ਮੈਂਬਰ ਓਲੀਵਰ ਬੇਨੀਸ ਇਕ ਸਾਲ ਤੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਪੂਰਾ ਸਹਿਯੋਗ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਸਵੰਤ ਖਾਲੜਾ ਪੰਜਾਬ ਸਿੱਖ ਭਾਈਚਾਰੇ ਲਈ ਉਸੇ ਤਰ੍ਹਾਂ ਹੈ, ਜਿਵੇਂ ਮੇਰੇ ਭਾਈਚਾਰੇ ਲਈ ਮਾਰਟਿਨ ਲੂਥਰ ਕਿੰਗ ਜੂਨੀਅਰ।
ਇਸ ਅਹਿਮ ਮੌਕੇ ‘ਤੇ ਹੋਏ ਸਮਾਰੋਹ ਦੌਰਾਨ ਨਵਕਿਰਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਹ ਸ਼ਾਇਦ ਬਿਆਨ ਨਹੀਂ ਕਰ ਸਕਦੀ ਕਿ ਇਹ ਪਲ ਉਸ ਲਈ ਕਿੰਨੇ ਖਾਸ ਹਨ। ਪਾਰਕ ਦਾ ਨਾਂ ਜਸਵੰਤ ਸਿੰਘ ਖਾਲੜਾ ਬਦਲਣ ਦੇ ਇਤਿਹਾਸਕ ਪਲਾਂ ਨੂੰ 100 ਦੇ ਕਰੀਬ ਸਿੱਖਾਂ ਨੇ ਮਹਿਸੂਸ ਕੀਤਾ।