ਜੰਮੂ-ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਤੇ ਮੀਂਹ ਨਾਲ ਹੜ੍ਹ ਵਰਗੇ ਹਾਲਾਤ

0
411

jammu-kashmir-ch-meenh
ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਰਿਹਾ ਬੰਦ
ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਵਾਦੀ ਵਿਚ ਪਿਛਲੇ 72 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਕਾਰਨ ਜੇਹਲਮ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਹੜ੍ਹ ਅਤੇ ਖੇਤੀਬਾੜੀ ਵਿਭਾਗ ਨੇ ਦੱਖਣੀ ਅਤੇ ਕੇਂਦਰੀ ਕਸ਼ਮੀਰ ਵਿਚ ਹੜ੍ਹਾਂ ਦੀ ਚਿਤਾਵਨੀ ਜਾਰੀ ਕਰਦਿਆਂ ਜੇਹਲਮ ਦਰਿਆ ਦੇ ਕਿਨਾਰੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਵਾਦੀ ਵਿਚ ਭਾਰੀ ਮੀਂਹ ਅਤੇ ਗੁਲਮਰਗ, ਸੋਨਮਰਗ, ਪਹਿਲਗਾਮ, ਕੁਪਵਾੜਾ, ਬਾਂਦੀਪੋਰਾ, ਸ਼ੋਪੀਆ, ਬਨਿਹਾਲ ਦੇ ਪਹਾੜੀ ਖੇਤਰਾਂ ਵਿਚ ਤਾਜ਼ਾ ਬਰਫਬਾਰੀ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਅਤੇ ਕਈ ਇਲਾਕੇ ਜ਼ਿਲ੍ਹਾ ਹੈੱਡਕੁਆਰਟਰਾਂ ਨਾਲੋਂ ਕਟ ਕੇ ਰਹਿ ਗਏ ਹਨ। ਵਿਭਾਗ ਅਨੁਸਾਰ 5 ਵਜੇ ਜੇਹਲਮ ਦਰਿਆ ਦਾ ਪੱਧਰ ਅਵੰਤੀਪੁਰਾ (ਸੰਗਮ) ਨੇੜੇ 19.70 ਫੁੱਟ , ਸ੍ਰੀਨਗਰ (ਰਾਮਮੁਸ਼ੀਭਾਗ) ਨੇੜੇ 17.70 ਜਦਕਿ ਅਸ਼ਣ ਨੇੜੇ 10.0 ਫੁੱਟ ਮਾਪਿਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 72 ਘੰਟਿਆਂ ਦੌਰਾਨ ਸ੍ਰੀਨਗਰ ਵਿਚ 98.0 ਮਿਲੀਮੀਟਰ, ਪਹਿਲਗਾਮ ਵਿਚ 87 ਐਮ. ਐਮ., ਕਾਜ਼ੀਗੁੰਡ ਵਿਚ 74 ਐਮ.ਐਮ. , ਬਨਿਹਾਲ ਵਿਚ 147, ਜੰਮੂ ਵਿਚ 28 ਤੇ ਭੱਦਰਵਾਹ ਵਿਚ 80 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਮਿੱਟੀ ਦੀਆਂ ਢਿੱਗਾਂ ਅਤੇ ਮੀਂਹ ਕਾਰਨ ਕਈ ਮਕਾਨਾਂ ਤੇ ਪਸ਼ੂ ਵਾੜਿਆਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਵਾਮਾ ਜ਼ਿਲ੍ਹੇ ਵਿਚ ਜੇਹਲਮ ਕਿਨਾਰੇ ਰਹਿੰਦੇ ਸੈਂਕੜੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਹੈ। ਸ੍ਰੀਨਗਰ ਦੇ ਕਈ ਇਲਾਕਿਆਂ ਵਿਚ ਮੀਂਹ ਕਾਰਨ ਸੜਕਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਭਾਰੀ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲੀਸ ਅਤੇ ਡਿਵੀਜ਼ਨਲ ਪ੍ਰਸ਼ਾਸਨ ਨੇ ਲੋਕਾਂ ਦੀ ਸਹਾਇਤਾ ਲਈ ਹੈਲਪ ਲਾਈਨ ਅਤੇ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਵਾਦੀ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ ਅਤੇ ਸਾਰੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਹਨ।
ਕਈ ਥਾਂਵਾਂ ‘ਤੇ ਢਿਗਾਂ ਡਿਗਣ ਕਾਰਨ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਵੀ ਬੰਦ ਰਿਹਾ, ਜਿਸ ਕਾਰਨ ਸ਼ਾਹਰਾਹ ਦੇ ਕਈ ਥਾਈਂ ਸੈਂਕੜੇ ਮੁਸਾਫਰ ਤੇ ਭਾਰੀ ਵਾਹਨ ਫਸੇ ਹੋਏ ਹਨ।