ਭਾਈ ਜਗਤਾਰ ਸਿੰਘ ਤਾਰਾ ਦੀ ਪਟਿਆਲਾ ਅਦਾਲਤ ‘ਚ ਪੇਸ਼ੀ ਨਾ ਹੋਈ

0
68

jagtar_tara
ਪਟਿਆਲਾ/ਬਿਊਰੋ ਨਿਊਜ਼ :
ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਤਾਅ-ਉਮਰ ਕੈਦ ਅਧੀਨ ਬੁੜੈਲ ਜੇਲ੍ਹ ਵਿਚ ਬੰਦ ਜੁਝਾਰੂ ਸਿੰਘ ਭਾਈ ਜਗਤਾਰ ਸਿੰਘ ਤਾਰਾ ਦੀ ਪਟਿਆਲਾ ਕੋਰਟ ਵਿਚ ਪੇਸ਼ੀ ਨਹੀਂ ਹੋ ਸਕੀ। ਉਹ ਇਥੇ ‘ਰਾਸ਼ਟਰੀ ਸਿੱਖ ਸੰਗਤ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਦੇ ਕਤਲ ਕੇਸ ਵਿਚ ਨਾਮਜ਼ਦ ਕੀਤੇ ਹੋਏ ਹਨ।
ਭਾਈ ਤਾਰਾ ਨੂੰ ਪਿਛਲੀਆਂ ਦੋ ਪੇਸ਼ੀਆਂ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਪੁਲੀਸ ਪਟਿਆਲੇ ਦੀ ਅਦਾਲਤ ਵਿਚ ਨਾ ਲਿਆਈ।ਇਸ ਕਰਕੇ ਅਦਾਲਤੀ ਕਾਰਵਾਈ ਐਤਕੀਂ ਵੀ ਅੱਗੇ ਨਾ ਵਧ ਸਕੀ। ਇਸੇ ਦੌਰਾਨ ਪਟਿਆਲਾ ਪੁਲੀਸ ਨੇ ਖਾਲਿਸਤਾਨੀ ਆਗੂ ਰਮਨਦੀਪ ਸਿੰਘ ਗੋਲਡੀ ਨੂੰ ਜੇਲ੍ਹ ਤੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ ‘ਤੇ ਭਾਈ ਤਾਰਾ ਨੂੰ ਨਾ ਲਿਆਉਣ ਕਰਕੇ ਅਦਾਲਤ ਨੇ ਬੁੜੈਲ ਜੇਲ੍ਹ ਪ੍ਰਸ਼ਾਸਨ ਨੂੰ ਝਾੜ ਪਾਉਂਦਿਆਂ ਉਸ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆ ਸੀ ਪਰ ਚੰਡੀਗੜ੍ਹ ਪੁਲਿਸ ਉਤੇ ਇਸ ਦਾ ਭੋਰਾ ਅਸਰ ਨਹੀਂ ਹੋਇਆ ਅਤੇ ਭਾਈ ਤਾਰਾ ਦੇ ਗੈਰਹਾਜ਼ਰ ਹੋਣ ਕਰਕੇ ਗਵਾਹੀਆਂ ਨਾ ਹੋ ਸਕੀਆਂ।
ਉੱਧਰ ਭਾਈ ਤਾਰਾ ਤੇ ਭਾਈ ਗੋਲਡੀ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਬੁੜੈਲ ਜੇਲ੍ਹ ਪ੍ਰਸ਼ਾਸਨ ਦੀ ਅਜਿਹੀ ਬੇਰੁਖੀ ਕਾਰਨ ਕੇਸ ਦੀ ਸੁਣਵਾਈ ਹਰ ਵਾਰ ਟਾਲਣੀ ਪੈ ਰਹੀ ਹੈ, ਜੋ ਕੇਸ ਦੇ ਨਿਬੇੜੇ ਵਿਚ ਦੇਰੀ ਦਾ ਕਾਰਨ ਬਣ ਰਹੀ ਹੈ। ਐਡਵੋਕੇਟ ਸੋਢੀ ਨੇ ਦੱਸਿਆ ਕਿ ਕੇਸ ਦੀ ਅਗਲੀ ਸੁਣਵਾਈ ਅਦਾਲਤ ਵੱਲੋਂ 12 ਅਕਤੂਬਰ ‘ਤੇ ਪਾਈ ਗਈ ਹੈ।