‘ਏਅਰ ਇੰਡੀਆ ਕਾਂਡ’ ਵਿਚ ਜਗਮੀਤ ਸਿੰਘ ਦਾ ਨਾਂ ਘੜੀਸਣ ‘ਤੇ ਲੋਕ ਖ਼ਫ਼ਾ

0
180

jagmeetsingh
ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੀ ਵਿਰੋਧੀ ਪਾਰਟੀ ਐਨਡੀਪੀ ਦੇ ਕੌਮੀ ਨੇਤਾ ਬਣੇ ਜਗਮੀਤ ਸਿੰਘ ਨੂੰ ਮੀਡੀਆ ਦੇ ਇਕ ਵਰਗ ਵੱਲੋਂ ‘ਏਅਰ ਇੰਡੀਆ ਕਾਂਡ’ ਵਿੱਚ ਘੜੀਸੇ ਜਾਣ ਤੋਂ ਲੋਕ ਖਫ਼ਾ ਹਨ। ਕੈਨੇਡਾ ਦੇ ਇਕ ਮੁੱਖ ਖ਼ਬਰ ਚੈਨਲ ‘ਸੀਬੀਸੀ’ ਉਤੇ ਟੈਰੀ ਮਲਿਸਕੀ ਨੇ ਜਗਮੀਤ ਸਿੰਘ ਨਾਲ ਗੱਲਬਾਤ ਕਰਦਿਆਂ ਏਅਰ ਇੰਡੀਆ ਕਾਂਡ ਨਾਲ ਜੁੜੇ ਤਲਵਿੰਦਰ ਸਿੰਘ ਪਰਮਾਰ ਬਾਰੇ ਵਾਰ ਵਾਰ ਸਵਾਲ ਕਰਨ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਭਖਿਆ ਹੋਇਆ ਹੈ।
ਟੈਰੀ ਨੇ ਜਗਮੀਤ ਸਿੰਘ ਨੂੰ ਪੁੱਛਿਆ ਕਿ ‘ਪਰਮਾਰ’ ਨੂੰ ਸ਼ਹੀਦ ਕਰਾਰ ਦਿੱਤੇ ਜਾਣ ਨੂੰ ਉਹ ਸਹੀ ਮੰਨਦਾ ਹੈ ਜਾਂ ਗਲਤ? ਉਹ ਵਾਰ ਵਾਰ ‘ਹਾਂ ਜਾਂ ਨਾਂਹ’ ਆਖਣ ਲਈ ਜ਼ੋਰ ਪਾਉਂਦਾ ਰਿਹਾ ਪਰ ਜਗਮੀਤ ਸਿੰਘ ਨੇ ਕਿਹਾ ਕਿ ਉਹ ਮਨੁੱਖਤਾ ਦੇ ਘਾਣ ਦੀ ਹਰ ਅਜਿਹੀ ਘਟਨਾ ਦੀ ਨਿਖੇਧੀ ਕਰਦਾ ਹੈ। ਇਸ ਕਾਂਡ ਵਿਚ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਸਜ਼ਾਵਾਂ ਬਾਕੀ ਹਨ। ਕਾਲਮਨਵੀਸ ਤਾਰਿਕ ਫਤਿਹ ਤੇ ਸਾਬਕਾ ਮੰਤਰੀ ਉੱਜਲ ਦੁਸਾਂਝ ਨੇ ਵੀ ਜਗਮੀਤ ਸਿੰਘ ਦੀ ਨੁਕਤਾਚੀਨੀ ਕੀਤੀ ਹੈ। ਪਰ ਵੈਨਕੂਵਰ ਤੋਂ ਪੱਤਰਕਾਰ ਗੁਰਪ੍ਰੀਤ (ਰੈਡੀਕਲ ਦੇਸੀ) ਨੂੰ ਇਹ ਸਭ ਕੁਝ ਸਮੁੱਚੇ ਸਿੱਖਾਂ ਦਾ ਅਪਮਾਨ ਲੱਗਦਾ ਹੈ। ਉਸ ਮੁਤਾਬਕ ਸੱਜੇ ਪੱਖੀਆਂ, ਮੋਦੀ ਭਗਤਾਂ ਅਤੇ ਕੁਝ ਮੀਡੀਆ ਵੱਲੋਂ ਇਸ ਮਾਮਲੇ ਨੂੰ ਖਾਹਮਖਾਹ ਉਛਾਲਿਆ ਜਾ ਰਿਹਾ ਹੈ। ਗੁਰਪ੍ਰੀਤ ਨੇ ਕਿਹਾ ਕਿ ਇਹ ਸਵਾਲ ਜਗਮੀਤ ਨੂੰ ਨਹੀਂ ਕੈਨੇਡੀਅਨ ਖੁਫੀਆ ਏਜੰਸੀ ‘ਸੀਐਸਐਸ’, ‘ਆਰਸੀਐਮਪੀ’ ਜਾਂ ‘ਰਾਅ’ ਨੂੰ ਪੁੱਛੇ ਜਾਣੇ ਚਾਹੀਦੇ ਹਨ। ਪਰਮਾਰ ਨੂੰ ਕਦੇ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਅਜਿਹੇ ਹਾਲਾਤ ਵਿਚ ਇੱਕ ਵਕੀਲ ਵਜੋਂ ਜਗਮੀਤ ਸਿੰਘ ਦੋ-ਟੁੱਕ ਜਵਾਬ ਕਿਵੇਂ ਦੇ ਸਕਦਾ ਹੈ। ਇੱਕ ਸਾਜ਼ਿਸ਼ ਤਹਿਤ ਉਸ ਦੀ ‘ਕਿਰਦਾਰਕੁਸ਼ੀ’ ਦੀ ਕੋਸ਼ਿਸ਼ ਹੋ ਰਹੀ ਹੈ।