ਅਮਰੀਕੀ ਇਤਿਹਾਸਕਾਰ ਨੈਨਸੀ ਦੁਪਰੀ ਦਾ ਕਾਬੁਲ ‘ਚ ਦੇਹਾਂਤ

0
374

itihaskaar-nancy-dupri
ਕਾਬੁਲ/ਬਿਊਰੋ ਨਿਊਜ਼ :
ਅਮਰੀਕੀ ਮਾਪਿਆਂ ਦੇ ਘਰ ਕੇਰਲਾ ਵਿਚ ਪੈਦਾ ਹੋਈ ਇਤਿਹਾਸਕਾਰ ਨੈਨਸੀ ਹੈਚ ਦੁਪਰੀ ਜਿਸ ਨੇ ਕਾਬੁਲ ਯੂਨੀਵਰਸਿਟੀ ਵਿਚ ਅਫਗਾਨਿਸਤਾਨ ਕੇਂਦਰ ਸਥਾਪਤ ਕਰਨ ਵਿਚ ਮਦਦ ਕੀਤੀ ਸੀ ਦਾ ਦੇਹਾਂਤ ਹੋ ਗਿਆ ਹੈ। ਉਹ 89 ਸਾਲਾਂ ਦੀ ਸੀ। ਯੂਨੀਵਰਸਿਟੀ ਨੇ ਦੁਪਰੀ ਦੇ ਦੇਹਾਂਤ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਅਫਗਾਨਿਸਤਾਨ ਦੇ ਸਭਿਆਚਾਰ ਨੂੰ ਸਾਂਭਣ ਲਈ 5 ਦਹਾਕਿਆਂ ਤੋਂ ਵੀ ਵੱਧ ਸਮਾਂ ਕੰਮ ਕੀਤਾ। ਦੁਪਰੀ 1962 ਵਿਚ ਇਕ ਕੂਟਨੀਤਕ ਦੀ ਪਤਨੀ ਵਜੋਂ ਕਾਬੁਲ ਆਈ ਸੀ ਪਰ ਛੇਤੀ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਉਨ੍ਹਾਂ ਪੁਰਾਤੱਤਵ ਵਿਗਿਆਨੀ ਲੂਈਸ ਦੁਪਰੀ ਨਾਲ ਵਿਆਹ ਕਰਵਾ ਲਿਆ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਪੁਰਾਤਨ ਔਜਾਰਾਂ ਅਤੇ ਪ੍ਰਾਚੀਨ ਕਲਾ ਕਿਰਤਾਂ ਦੀ ਖੋਜ ‘ਤੇ ਚੰਗਾ ਕੰਮ ਕੀਤਾ। ਅਗਲੇ 15 ਸਾਲ ਉਹ ਸਮੁੱਚੇ ਅਫਗਾਨਿਸਤਾਨ ਵਿਚ ਘੁੰਮ ਫਿਰ ਕੇ ਖੋਜ ਦਾ ਕਾਰਜ ਕਰਦੇ ਰਹੇ। ਅਫਗਾਨਿਸਤਾਨ ਕੇਂਦਰ ਦੇ ਕਾਰਜਕਾਰੀ ਡਾਇਰੈਕਟਰ ਵਾਹਿਦ ਵਫਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਪੁਰਾਣੀ ਸਮਾਰਕ ਆਖਦੀ ਸੀ ਅਤੇ ਬਹੁਤੇ ਅਫਗਾਨ ਉਨ੍ਹਾਂ ਨੂੰ ਅਫਗਾਨਿਸਤਾਨ ਦੀ ਦਾਦੀ ਕਹਿੰਦੇ ਸਨ। ਉਨ੍ਹਾਂ ਦੇ ਪਤੀ ਦੀ 1989 ਵਿਚ ਮੌਤ ਹੋ ਗਈ ਸੀ। ਵਫਾ ਨੇ ਕਿਹਾ ਕਿ ਨੈਨਸੀ ਦਾ ਉਦੇਸ਼ ਅਫਗਾਨਿਸਤਾਨ ਦੀ ਵਿਰਾਸਤ ਨੂੰ ਸਾਂਭ ਕੇ ਰੱਖਣਾ ਸੀ।