ਵਰਜੀਨੀਆ ‘ਚ ਹੋਏ ਸਰਬ ਧਰਮ ਸਮਾਗਮ ਮੌਕੇ ਸਿੱਖ ਵਫ਼ਦ ਨੇ ਕੀਤੀ ਸ਼ਮੂਲੀਅਤ

0
89

inter-peace-diwas
ਪ੍ਰਿੰਸ ਵਿਲੀਅਮ ਕਾਉਂਟੀ/ਬਿਊਰੋ ਨਿਊਜ਼:
ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਗਏ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਨੂੰ ਸਮਰਪਿਤ ਸਥਾਨਕ ਕੌਂਗਰੀਗੇਸ਼ਨ ਨਰ ਸ਼ੈਲੋਮ (ਯਹੂਦੀ ਅਰਦਾਸ ਘਰ) ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਸਭਨਾਂ ਲਈ ਸਤਿਕਾਰ, ਪਿਆਰ ਅਤੇ ਸਭ ਦੀ ਸੁਰੱਖਿਆ ਪ੍ਰਤੀ ਵਚਨਵੱਧਤਾ ਨੂੰ ਦੁਹਰਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਿੱਖ ਸੈਂਟਰ ਆਫ ਵਰਜੀਨੀਆ ਦੁਆਰਾ ਡਾ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਵਫ਼ਦ ਨੇ ਵੀ ਇਸ ਸਮਗਾਮ ਵਿੱਚ ਹਾਜ਼ਰੀ ਲੁਆਈ। ਇਸ ਮੌਕੇ ਜਿੱਥੇ ਵੱਖ-ਵੱਖ ਨੁਮਾਇੰਦਿਆਂ ਨੇ ਸੰਬੋਧਨ ਕੀਤਾ, ਉਥੇ ਸਿੱਖ ਫਲਸਫੇ ਦੀ ਗੱਲ ਕਰਦਿਆਂ ਡਾ. ਅਮਰਜੀਤ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਵਿਚਾਰਧਾਰਾ ਨੂੰ ਸਭਨਾਂ ਨਾਲ ਸਾਂਝਾ ਕੀਤਾ ਅਤੇ ਸਪਸ਼ਟਤਾ ਨਾਲ ਕਿਹਾ ਕਿ ਸਿੱਖੀ ਫਲਸਫਾ ਬਰਾਬਰਤਾ, ਸਾਂਝੀਵਾਲਤਾ, ਸਹਿਣਸ਼ੀਲਤਾ, ਪਿਆਰ ਅਤੇ ਸਤਿਕਾਰ ਦਾ ਸੁਨੇਹਾ ਦਿੰਦਾ ਹੈ। ਦੁਨੀਆ ਭਰ ਦੇ ਲੋਕਾਂ ਲਈ ਗੁਰੂ ਗਰੰਥ ਸਾਹਿਬ ਵਿੱਚ ਵਿਲੱਖਣ ਅਤੇ ਅਗਾਂਹਵਧੂ ਸੁਨੇਹਾ ਹੈ। ਪਹੁੰਚੇ ਨੁਮਾਇੰਦਿਆਂ ਵਲੋਂ ਸਿੱਖ ਫਲਸਫੇ ਨੂੰ ਇਸੇ ਦਿਰਸ਼ਟੀਕੋਣ ਵਿੱਚ ਦੇਖਦਿਆਂ ਸ਼ਲਾਘਾ ਕੀਤੀ ਗਈ। ਖਾਸ ਤੌਰ ‘ਤੇ ਜਦੋਂ ਅੱਜ ਦੁਨੀਆ ਭਰ ਵਿੱਚ ਸੱਜੇ ਪੱਖੀ ਵਿਚਾਰਧਾਰਾ ਜ਼ੋਰ ਫੜ ਰਹੀ ਹੈ, ਉਦੋਂ ਸਾਨੂੰ ਅਜਿਹੇ ਸਮਾਗਮਾਂ ਦੀ ਵਧੇਰੇ ਲੋੜ ਹੈ ਤਾਂ ਜੋ ਮਨੁੱਖਤਾਵਾਦੀ ਸੁਨੇਹਾ ਵੱਧ ਤੋਂ ਵੱਧ ਲੁਕਾਈ ਤੱਕ ਪਹੁੰਚਾਇਆ ਜਾ ਸਕੇ।