ਭਾਰਤ-ਪਾਕਿ ਸਰਹੱਦੀ ਤਣਾਅ ਘਟਾਉਣ ਲਈ ਸਹਿਮਤ

0
886

ਪਾਕਿ ਸਾਰਾ ਧਿਆਨ ਲਾਉਣਾ ਚਾਹੁੰਦਾ ਹੈ ਕਸ਼ਮੀਰ ‘ਤੇ
ਇਸਲਾਮਾਬਾਦ/ਬਿਊਰੋ ਨਿਊਜ਼ :
ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨਐਸਏਜ਼) ਦੀ ਟੈਲੀਫੋਨ ਉਤੇ ਹੋਈ ਗੱਲਬਾਤ ਦੌਰਾਨ ਆਪਸੀ ਤਣਾਅ ਘਟਾਉਣ ਲਈ ਰਾਜ਼ੀ ਹੋ ਗਏ ਹਨ। ਇਹ ਗੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਥੇ ਕਹੀ।
ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਉੜੀ ਹਮਲੇ ਅਤੇ ਇਸ ਦੇ ਜਵਾਬ ਵਿੱਚ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਅਪਰੇਸ਼ਨ ਤੋਂ ਬਾਅਦ ਸਿਖਰਲੇ ਪੱਧਰ ‘ਤੇ ਹੋਇਆ ਇਹ ਪਹਿਲਾ ਰਾਬਤਾ ਸੀ। ਸ੍ਰੀ ਅਜ਼ੀਜ਼ ਨੇ ਦੱਸਿਆ ਕਿ ਦੋਵਾਂ ਮੁਲਕਾਂ ਦਰਮਿਆਨ ਅਸਲ ਕੰਟਰੋਲ ਰੇਖਾ (ਐਲਓਸੀ) ਉਤੇ ਹਾਲੀਆ ਤਣਾਅ ਤੋਂ ਬਾਅਦ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਾਸਿਰ ਜੰਜੂਆ ਵਿਚਕਾਰ ਇਹ ਰਾਬਤਾ ਹੋਇਆ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋਵਾਂ ਧਿਰਾਂ ਨੇ ਐਲਓਸੀ ਉਤੇ ਤਣਾਅ ਘਟਾਉਣ ਲਈ ਹਾਮੀ ਭਰੀ ਹੈ। ‘ਜੀਓ ਨਿਊਜ਼’ ਨੇ ਉਨ੍ਹਾਂ ਦੇ ਹਵਾਲੇ ਨਾਲ ਨਸ਼ਰ ਆਪਣੀ ਰਿਪੋਰਟ ਵਿੱਚ ਕਿਹਾ, ”ਪਾਕਿਸਤਾਨ ਐਲਓਸੀ ਉਤੇ ਤਣਾਅ ਘਟਾਉਣਾ ਅਤੇ ਸਾਰਾ ਧਿਆਨ ਕਸ਼ਮੀਰ ਉਤੇ ਲਾਉਣਾ ਚਾਹੁੰਦਾ ਹੈ।”
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਭਾਰਤੀ ਫ਼ੌਜ ਨੇ ਐਲਓਸੀ ਨੇੜੇ ਮਕਬੂਜ਼ਾ ਕਸ਼ਮੀਰ ਵਿੱਚ ਸੱਤ ਥਾਵਾਂ ਉਤੇ ਸਰਜੀਕਲ ਅਪਰੇਸ਼ਨ ਕਰ ਕੇ ਦਹਿਸ਼ਤਗਰਦਾਂ ਦੇ ਲਾਂਚ ਪੈਡਜ਼ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਭਾਰਤ ਵਿੱਚ ਦਾਖ਼ਲ ਹੋਣ ਦੀ ਤਿਆਰੀ ਕਰ ਰਹੇ ਦਹਿਸ਼ਤਗਰਦਾਂ ਨੂੰ ‘ਭਾਰੀ ਨੁਕਸਾਨ’ ਪਹੁੰਚਾਇਆ ਗਿਆ ਸੀ ਤੇ ਲਾਂਚ ਪੈਡਜ਼ ਨੂੰ ਤਬਾਹ ਕਰ ਦਿੱਤਾ ਗਿਆ ਸੀ। ਇਸ ਸਰਜੀਕਲ ਅਪਰੇਸ਼ਨ, ਕਸ਼ਮੀਰ ਵਿੱਚ ਉੜੀ ਵਿਖੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਭਾਰਤੀ ਫ਼ੌਜ ਦੇ ਕੈਂਪ ਉਤੇ ਕੀਤੇ ਗਏ ਹਮਲੇ ਦੀ ਜਵਾਬੀ ਕਾਰਵਾਈ ਸੀ। ਉੜੀ ਹਮਲੇ ਵਿੱਚ ਫ਼ੌਜ ਦੇ 19 ਜਵਾਨ ਮਾਰੇ ਗਏ ਸਨ। ਦੂਜੇ ਪਾਸੇ ਪਾਕਿਸਤਾਨ ਲਗਾਤਾਰ ਅਜਿਹਾ ਕੋਈ ਸਰਜੀਕਲ ਅਪਰੇਸ਼ਨ ਹੋਣ ਤੋਂ ਨਾਂਹ ਕਰਦਾ ਆ ਰਿਹਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤੀ ਫ਼ੌਜ ਵੱਲੋਂ ਮਹਿਜ਼ ‘ਸਰਹੱਦ ਪਾਰਲੀ ਗੋਲਾਬਾਰੀ’ ਕੀਤੀ ਗਈ ਹੈ ਤੇ ਉਸੇ ਨੂੰ ਸਰਜੀਕਲ ਅਪਰੇਸ਼ਨ ਦਾ ਨਾਂ ਦਿੱਤਾ ਜਾ ਰਿਹਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਹਾਲੀਆ ਅਮਰੀਕੀ ਦੌਰੇ ਬਾਰੇ ਗੱਲ ਕਰਦਿਆਂ ਸ੍ਰੀ ਅਜ਼ੀਜ਼ ਨੇ ਕਿਹਾ ਕਿ ਸ੍ਰੀ ਸ਼ਰੀਫ਼ ਨੇ ਇਸ  ਮੌਕੇ ਆਲਮੀ ਆਗੂਆਂ ਨੂੰ ਸਰਹੱਦੀ ਤਣਾਅ ਬਾਰੇ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਸ੍ਰੀ ਸ਼ਰੀਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਤੱਕ ਕਸ਼ਮੀਰ ਮਸਲੇ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਤਣਾਅ ਖ਼ਤਮ ਨਹੀਂ ਹੋ ਸਕਦਾ।

ਸਿੰਧੂ ਜਲ ਸਮਝੌਤਾ ਤੋੜਨ ਖ਼ਿਲਾਫ਼ ਭਾਰਤ ਨੂੰ ਚੇਤਾਵਨੀ :
ਇਸਲਾਮਾਬਾਦ : ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਭਾਰਤ ਨੇ ਇਸਪਾਸੜ ਤੌਰ ‘ਤੇ ਸਿੰਧੂ ਜਲ ਸਮਝੌਤਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ‘ਹਮਲੇ ਦੀ ਕਾਰਵਾਈ’ ਵਜੋਂ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਬਲੋਚਿਸਤਾਨ ਵਿੱਚ ਭਾਰਤ ਦੇ ਕਥਿਤ ‘ਦਖ਼ਲ’ ਦੀ ਵੀ ਨਿਖੇਧੀ ਕੀਤੀ। ਇਹ ਐਲਾਨ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਇਥੇ ਮੁਲਕ ਦੀਆਂ ਸਿਆਸੀ ਤੇ ਪਾਰਲੀਮਾਨੀ ਪਾਰਟੀਆਂ ਦੀ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਜਾਰੀ ਸਾਂਝੇ ਬਿਆਨ ਵਿੱਚ ਉਨ੍ਹਾਂ ‘ਭਾਰਤ ਵੱਲੋਂ ਬਿਨਾਂ ਭੜਕਾਹਟ ਦੇ ਕੀਤੀਆਂ ਜਾ ਰਹੀਆਂ ਹਾਲੀਆ ਹਮਲਾਵਰ ਕਾਰਵਾਈਆਂ ਅਤੇ ਵਾਰ-ਵਾਰ ਜੰਗਬੰਦੀ ਦੇ ਉਲੰਘਣ’ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ‘ਖੇਤਰੀ ਅਮਨ ਤੇ ਸੁਰੱਖਿਆ ਲਈ ਖ਼ਤਰਾ’ ਪੈਦਾ ਹੋਵੇਗਾ। ਇਸ ਮੌਕੇ ਪਾਕਿਸਤਾਨੀ ਪਾਰਟੀਆਂ ਨੂੰ ਸ੍ਰੀ ਸ਼ਰੀਫ਼ ਤੇ ਉਨ੍ਹਾਂ ਦੇ ਸਾਥੀ ਵਜ਼ੀਰਾਂ ਨੇ ਐਲਓਸੀ ਦੀ ਸਥਿਤੀ ਬਾਰੇ ਜਾਣੂ ਕਰਵਾਇਆ।
ਗ਼ੌਰਤਲਬ ਹੈ ਕਿ ਇਹ ਆਲ ਪਾਰਟੀ ਮੀਟਿੰਗ ਭਾਰਤ ਵੱਲੋਂ ਹਾਲ ਹੀ ਵਿੱਚ ਐਲਓਸੀ ਉਤੇ ਮਕਬੂਜ਼ਾ ਕਸ਼ਮੀਰ ਵਿੱਚ ਕੀਤੇ ਸਰਜੀਕਲ ਅਪਰੇਸ਼ਨ ਦੇ ਸਬੰਧ ਵਿੱਚ ਸੱਦੀ ਗਈ ਸੀ। ਪਾਕਿਸਤਾਨੀ ਆਗੂਆਂ ਨੇ ਦੋਸ਼ ਲਾਇਆ ਕਿ ‘ਭਾਰਤ ਵੱਲੋਂ ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਲੜਾਈ ਨੂੰ ਦਬਾਉਣ ਲਈ ਕੀਤੇ ਜਾ ਰਹੇ ਜ਼ੁਲਮਾਂ ਤੋਂ ਧਿਆਨ ਲਾਂਭੇ ਕਰਨ ਲਈ ਇਸ ਨੂੰ ਐਲਓਸੀ ਪਾਰਲੀ ਦਹਿਸ਼ਤਗਰਦੀ’ ਦਾ ਨਾਂ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵੱਲੋਂ 56 ਸਾਲ ਪੁਰਾਣੇ ਸਿੰਧੂ ਜਲ ਸਮਝੌਤੇ ਉਤੇ ਨਜ਼ਰਸਾਨੀ ਦੀਆਂ ਰਿਪੋਰਟਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ, ”ਭਾਰਤ ਵੱਲੋਂ ਨਾ ਸਿਰਫ਼ ਪਾਕਿਸਤਾਨੀ ਸਗੋਂ ਪੂਰੇ ਖੇਤਰ ਦੇ ਲੋਕਾਂ ਖ਼ਿਲਾਫ਼ ਪਾਣੀ ਨੂੰ ਇਕ ਹਥਿਆਰ ਵਜੋਂ ਵਰਤਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਇਸ ਦੀ ਕੌਮਾਂਤਰੀ ਸਮਝੌਤੇ ਸਬੰਧੀ ਵਚਨਬੱਧਤਾ ਦੀ ਖੁੱਲ੍ਹੇਆਮ ਉਲੰਘਣਾ ਹੈ।” ਉਨ੍ਹਾਂ ਕਿਹਾ, ”ਸਿੰਧੂ ਪਾਣੀ ਸਮਝੌਤੇ ਨੂੰ ਇਕਪਾਸੜ ਤੌਰ ‘ਤੇ ਰੱਦ ਕਰਨ ਦੀ ਭਾਰਤ ਦੀ ਕਿਸੇ ਵੀ ਕੋਸ਼ਿਸ਼ ਨੂੰ ਇਕ ਹਮਲਾਵਰ ਕਾਰਵਾਈ ਵਜੋਂ ਲਿਆ ਜਾਵੇਗਾ।”