ਭਾਰਤ-ਅਮਰੀਕਾ ਦੁਵੱਲੀ ਗੱਲਬਾਤ ਸਤੰਬਰ ‘ਚ ਨਵੀਂ ਦਿੱਲੀ ‘ਚ ਹੋਵੇਗੀ

0
112

india_us

ਵਾਸ਼ਿੰਗਟਨ/ਬਿਊਰੋ ਨਿਊਜ਼ :

ਭਾਰਤ-ਪ੍ਰਸ਼ਾਂਤ ਖਿੱਤੇ ‘ਚ ਦਰਪੇਸ਼ ਚੁਣੌਤੀਆਂ ਤੇ ਦੁਵੱਲੇ ਰਣਨੀਤਕ ਸਬੰਧਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਸਬੰਧੀ ਭਾਰਤ ਤੇ ਅਮਰੀਕਾ ਵਿਚ ਹੋਣ ਵਾਲੀ 2+2 ਗੱਲਬਾਤ 6 ਸਤੰਬਰ ਨੂੰ ਨਵੀਂ ਦਿੱਲੀ ‘ਚ ਹੋਵੇਗੀ। ਇਹ ਐਲਾਨ ਅਮਰੀਕੀ ਵਿਦੇਸ਼ ਮੰਤਰਾਲੇ ਨੇ ਅੱਜ ਕੀਤਾ। ਉਂਜ ਇਸ ਐਲਾਨ ਨਾਲ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਮੀਟਿੰਗ ਨੂੰ ਲੈ ਕੇ ਬਣੀ ਬੇਯਕੀਨੀ ਖ਼ਤਮ ਹੋ ਗਈ ਹੈ। ਇਸ ਤੋਂ ਪਹਿਲਾਂ ‘ਨਾ ਟਾਲਣਯੋਗ ਕਾਰਨਾਂ’ ਕਰਕੇ ਇਹ ਮੀਟਿੰਗ ਦੋ ਵਾਰ (27 ਜੂਨ ਤੇ 6 ਜੁਲਾਈ) ਅੱਗੇ ਪਾਈ ਜਾ ਚੁੱਕੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ-ਅਮਰੀਕਾ ਸੰਵਾਦ ਨੂੰ ਮਹਿਜ਼ ਇਸ ਲਈ ਰੱਦ ਕਰਨਾ ਪਿਆ ਸੀ ਕਿਉਂਕਿ ਵਿਦੇਸ਼ ਮੰਤਰੀ ਮਾਈਕ ਪੌਂਪੀਓ ਦੀ ਨਿਯੁਕਤੀ ਨੂੰ ਲੈ ਕੇ ਸਥਿਤੀ ਅਸਪਸ਼ਟ ਸੀ। ਮਗਰੋਂ ਅਪਰੈਲ ‘ਚ ਅਮਰੀਕੀ ਸਦਰ ਡੋਨਲਡ ਟਰੰਪ ਨੇ ਵਿਦੇਸ਼ ਮੰਤਰੀ ਵਜੋਂ ਪੌਂਪੀਓ ਦੇ ਨਾਂ ਨੂੰ ਹਰੀ ਝੰਡੀ ਵਿਖਾ ਦਿੱਤੀ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੀਥਰ ਨੁਆਰਟ ਨੇ ਇਕ ਬਿਆਨ ‘ਚ ਕਿਹਾ, ‘ਅਮਰੀਕਾ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੁੰਦੀ ਹੈ ਕਿ ਅਮਰੀਕਾ-ਭਾਰਤ 2+2 ਸੰਵਾਦ 6 ਸਤੰਬਰ ਨੂੰ ਨਵੀਂ ਦਿੱਲੀ ‘ਚ ਹੋਵੇਗਾ।’ ਤਰਜਮਾਨ ਨੇ ਕਿਹਾ ਕਿ ਪੌਂਪੀਓ ਤੇ ਰੱਖਿਆ ਮੰਤਰੀ ਜੇਮਜ਼ ਮੈਟਿਜ਼ ਗੱਲਬਾਤ ਲਈ ਭਾਰਤ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਫੇਰੀ ਦੌਰਾਨ ਅਮਰੀਕੀ ਮੰਤਰੀ ਕ੍ਰਮਵਾਰ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਰਣਨੀਤਕ, ਸੁਰੱਖਿਆ ਤੇ ਰੱਖਿਆ ਸਹਿਯੋਗ ਜਿਹੇ ਮੁੱਦਿਆਂ ‘ਤੇ ਸੰਵਾਦ ਰਚਾਉਣਗੇ। ਯਾਦ ਰਹੇ ਕਿ ਦੋਵਾਂ ਮੁਲਕਾਂ ਦਰਮਿਆਨ 2+2 ਸੰਵਾਦ ਦਾ ਐਲਾਨ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਵਾਈਟ ਹਾਊਸ ਵਿੱਚ ਹੋਈ ਮੁਲਾਕਾਤ ਦੌਰਾਨ ਕੀਤਾ ਗਿਆ ਸੀ।