ਅਤਿਵਾਦ ਬਾਰੇ ਭਾਰਤ-ਅਮਰੀਕਾ ਦੇ ਸਾਂਝੇ ਬਿਆਨ ਤੋਂ ਔਖਾ ਹੈ ਪਾਕਿਸਤਾਨ

0
178

india-u-s-a
ਇਸਲਾਮਾਬਾਦ/ਬਿਊਰੋ ਨਿਊਜ਼:
ਪਾਕਿਸਤਾਨ ਨੇ ਸਰਹੱਦ ਪਾਰਲੇ ਅਤਿਵਾਦ ਦੀ ਲਗਾਮ ਕੱਸਣ ਦੀ ਨਸੀਹਤ ਦੇਣ ਵਾਲੇ ਭਾਰਤ-ਅਮਰੀਕਾ ਦੇ ਸਾਂਝੇ ਬਿਆਨ ਦੀ ਨਿਖੇਧੀ ਕੀਤੀ ਹੈ। ਪਾਕਿ ਨੇ ਕਿਹਾ ਕਿ ਇਸ ਨਾਲ ‘ਫੌਜੀ ਪੰਗੇਬਾਜ਼ੀ’ ਦੀਆਂ ਭਾਰਤੀ ਕੋਸ਼ਿਸ਼ਾਂ ਨੂੰ ਉਤਸ਼ਾਹ ਮਿਲੇਗਾ ਅਤੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦੀਆਂ ਕੋਸ਼ਿਸ਼ਾਂ ਬੇਅਸਰ ਹੋਣਗੀਆਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਮੁਲਾਕਾਤ ਭਾਰਤ ਨੂੰ ਆਪਣੀਆਂ ਨੀਤੀਆਂ ਤੋਂ ਹੋੜਨ ਵਿੱਚ ਨਾਕਾਮ ਰਹੀ। ਇਸ ਵਿੱਚ ਕਿਹਾ ਗਿਆ ਕਿ ਸਾਂਝਾ ਬਿਆਨ ਦੱਖਣੀ ਏਸ਼ੀਆ ਖਿੱਤੇ ਵਿੱਚ ਰਣਨੀਤਕ ਸਥਿਰਤਾ ਅਤੇ ਸਥਾਈ ਸ਼ਾਂਤੀ ਦਾ ਮੰਤਵ ਹਾਸਲ ਕਰਨ ਪੱਖੋਂ ਪੂਰੀ ਤਰ੍ਹਾਂ ਬੇਕਾਰ ਹੈ। ਬੀਤੀ ਰਾਤ ਜਾਰੀ ਪਾਕਿ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਕਿ ਖਿੱਤੇ ਵਿੱਚ ਤਣਾਅ ਅਤੇ ਅਸਥਿਰਤਾ ਦੇ ਮੁੱਖ ਕਾਰਨਾਂ ਦੇ ਹੱਲ ਵੱਲ ਧਿਆਨ ਨਾ ਦੇਣ ਕਾਰਨ ਮੋਦੀ-ਟਰੰਪ ਦੇ ਬਿਆਨ ਨਾਲ ਪਹਿਲਾਂ ਤੋਂ ਤਣਾਅਪੂਰਨ ਹਾਲਾਤ ਹੋਰ ਗੁੰਝਲਦਾਰ ਹੋਣਗੇ।