ਰਾਸ਼ਟਰੀ ਗਾਨ ਦੌਰਾਨ ਅਪਾਹਜਾਂ ਲਈ ਖੜ੍ਹਾ ਹੋਣਾ ਜ਼ਰੂਰੀ ਨਹੀਂ

0
480

ਨਵੀਂ ਦਿੱਲੀ/ਬਿਊਰੋ ਨਿਊਜ਼ :
ਸਿਨੇਮਾ ਹਾਲ ਵਿਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗਾਨ ਵਜਾਏ ਜਾਣ ਦੌਰਾਨ ਅਪਾਹਜਾਂ ਨੂੰ ਇਸ ਦੇ ਸਤਿਕਾਰ ਵਿਚ ਖੜ੍ਹਾ ਹੋਣਾ ਜ਼ਰੂਰੀ ਨਹੀਂ। ਸੁਪਰੀਮ ਕੋਰਟ ਨੇ ਅਪਾਹਜਾਂ ਬਾਰੇ ਇਸ ਮਾਮਲੇ ਵਿਚ ਆਪਣਾ ਰੁਖ ਸਪਸ਼ਟ ਕਰਦਿਆਂ ਕਿਹਾ ਹੈ ਕਿ ਸਿਨੇਮਾ ਹਾਲ ਵਿਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗਾਨ ਵਜਾਉਣ ਦੌਰਾਨ ਅਪਾਹਜਾਂ ਨੂੰ ਖੜ੍ਹੇ ਹੋਣ ਲਈ ਮਜਬੂਰ ਨਾ ਕੀਤਾ ਜਾਵੇ ਪਰ ਅਜਿਹੇ ਲੋਕਾਂ ਨੂੰ ਵੀ ਇਸ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ। ਜਸਟਿਸ ਦੀਪਕ ਮਿਸਰਾ ਤੇ ਅਮਿਤਵਾ ਰਾਉ ਦੀ ਬੈਂਚ ਨੇ ਇਕ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਰਕਾਰ ਕੋਲੋਂ ਸਿਨੇਮਾ ਘਰਾਂ ਵਿਚ ਹੋ ਰਹੇ ਰਾਸ਼ਟਰੀ ਗਾਨ ਦੇ ਅਪਮਾਨ ਬਾਰੇ ਸਪਸ਼ਟੀਕਰਨ ਮੰਗਿਆ ਸੀ। ਅਦਾਲਤ ਨੇ ਕਿਹਾ ਹੈ ਕਿ ਰਾਸ਼ਟਰੀ ਗਾਣ ਦੌਰਾਨ ਸਿਨੇਮਾ ਹਾਲਾਂ ਦੇ ਦਰਵਾਜ਼ੇ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ। ਸੁਣਵਾਈ ਦੌਰਾਨ ਅਟਾਰਨੀ ਜਨਰਲ ਮੁਕਲ ਰੋਹਤਗੀ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਅਗਲੇ 10 ਦਿਨਾਂ ਦੇ ਅੰਦਰ ਰਾਸ਼ਟਰੀ ਗਾਨ ਦੇ ਸਤਿਕਾਰ ਸਬੰਧੀ ਅਪਾਹਜਾਂ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।