ਚੀਨ ਨਿਤਰਿਆ ਪਾਕਿਸਤਾਨ ਦੀ ਹਮਾਇਤ ‘ਤੇ

0
889

ਪੇਇਚਿੰਗ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੀ ਜੜ੍ਹ ਆਖੇ ਜਾਣ ਮਗਰੋਂ ਚੀਨ ਨੇ ਉਸ ਦੀ ਪਿੱਠ ‘ਤੇ ਆਉਂਦਿਆਂ ਕਿਹਾ ਕਿ ਉਹ ਕਿਸੇ ਮੁਲਕ ਜਾਂ ਧਰਮ ਨੂੰ ਦਹਿਸ਼ਤਵਾਦ ਨਾਲ ਜੋੜਨ ਦੇ ਖ਼ਿਲਾਫ਼ ਹੈ। ਚੀਨ ਨੇ ਆਲਮੀ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਦੀਆਂ ‘ਵੱਡੀਆਂ ਕੁਰਬਾਨੀਆਂ’ ਨੂੰ ਸਵੀਕਾਰ ਕਰਨ।
ਗੋਆ ਵਿਚ ਬ੍ਰਿਕਸ ਸੰਮੇਲਨ ਦੌਰਾਨ ਸ੍ਰੀ ਮੋਦੀ ਵੱਲੋਂ ਪਾਕਿਸਤਾਨ ਦੀ ਕਿਰਦਾਰਕੁਸ਼ੀ ਬਾਰੇ ਸਵਾਲ ਪੁੱਛੇ ਜਾਣ ‘ਤੇ ਪ੍ਰਤੀਕਰਮ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਕਿਸੇ ਮੁਲਕ ਨੂੰ ਦਹਿਸ਼ਤਗਰਦੀ ਨਾਲ ਜੋੜਨ ਦਾ ਵਿਰੋਧ ਕਰਦਾ ਹੈ। ਉਸ ਨੇ ਕਿਹਾ ਕਿ ਅਤਿਵਾਦ ਵਿਰੋਧੀ ਨੀਤੀ ਬਾਰੇ ਚੀਨ ਦੀ ਸਥਿਤੀ ਸਪਸ਼ਟ ਹੈ ਅਤੇ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਤਰਜਮਾਨ ਨੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅਤਿਵਾਦ ਦੀ ਨਿੰਦਾ ਕਰਦਾ ਹੈ ਅਤੇ ਕੌਮਾਂਤਰੀ ਪੱਧਰ ‘ਤੇ ਇਕਜੁੱਟ ਹੋ ਕੇ ਸਾਰੇ ਮੁਲਕਾਂ ਦੀ ਸਥਿਰਤਾ ਅਤੇ ਸੁਰੱਖਿਆ ਲਈ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ। ਪਾਕਿਸਤਾਨ ਨੂੰ ਚੀਨ ਦਾ ਪੱਕਾ ਮਿੱਤਰ ਗਰਦਾਨਦਿਆਂ ਉਸ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਅਤਿਵਾਦ ਦੇ ਪੀੜਤ ਹਨ ਪਰ ਇਸਲਾਮਾਬਾਦ ਨੇ ਅਤਿਵਾਦ ਨਾਲ ਨਜਿੱਠਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਕੌਮਾਂਤਰੀ ਭਾਈਚਾਰੇ ਨੂੰ ਕਬੂਲ ਕਰਨਾ ਚਾਹੀਦਾ ਹੈ। ਇਸਲਾਮਾਬਾਦ ਵੱਲੋਂ ਦਹਿਸ਼ਤਗਰਦਾਂ ਨੂੰ ਹਮਾਇਤ ਦੇਣ ਅਤੇ ਉਨ੍ਹਾਂ ਨੂੰ ਮੁਲਕ ਵਿਚ ਪਨਾਹ ਦੇਣ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਹੁਆ ਨੇ ਕਿਹਾ ਕਿ ਅਤਿਵਾਦ ਨਾਲ ਟਾਕਰੇ ਬਾਰੇ ਚੀਨ ਦੀ ਲਗਾਤਾਰ ਨੀਤੀ ਰਹੀ ਹੈ ਕਿ ਉਹ ਅਤਿਵਾਦ ਦਾ ਵਿਰੋਧ ਕਰਦਾ ਰਹੇਗਾ। ਉਸ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਸਮੱਸਿਆਵਾਂ ਹਨ ਪਰ ਦੋਵੇਂ ਮੁਲਕ ਚੀਨ ਦੇ ਗੁਆਂਢੀ ਹਨ। ‘ਸਾਨੂੰ ਯਕੀਨ ਹੈ ਕਿ ਉਹ ਆਪਣੇ ਮੱਤਭੇਦਾਂ ਨੂੰ ਵਾਰਤਾ ਅਤੇ ਵਿਚਾਰ ਵਟਾਂਦਰੇ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਸੁਲਝਾ ਸਕਦੇ ਹਨ।’ ਉਸ ਨੇ ਕਿਹਾ ਕਿ ਦੋਵੇਂ ਮੁਲਕਾਂ ਅਤੇ ਖ਼ਿੱਤੇ ਦੀ ਭਲਾਈ ਵਿਚ ਗੱਲਬਾਤ ਹੀ ਇਕ ਰਾਹ ਬਚਦਾ ਹੈ।
ਬਿਲਾਵਲ ਨੇ ਮੋਦੀ ਨੂੰ ਕਿਹਾ ਕਸਾਈ :
ਕਰਾਚੀ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ਅਤੇ ਕਸ਼ਮੀਰ ਦਾ ‘ਕਸਾਈ’ ਦੱਸਦਿਆਂ ਦੋਸ਼ ਲਾਇਆ ਕਿ ਉਹ ਕਸ਼ਮੀਰ ਵਾਦੀ ਵਿਚ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਧਿਆਨ ਵੰਡਾਉਣ ਲਈ ਪਾਕਿਸਤਾਨ ਨੂੰ ਮੋਹਰਾ ਬਣਾ ਰਹੇ ਹਨ। ਕਰਸਾਜ਼ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਨੇ ਮੋਦੀ ਨੂੰ ‘ਅਤਿਵਾਦੀ’ ਗਰਦਾਨਦਿਆਂ ਕਿਹਾ ਕਿ ਉਸ ਤੋਂ ਕੋਈ ਆਸ ਨਹੀਂ ਕੀਤੀ ਜਾਣੀ ਚਾਹੀਦੀ।

ਰੂਸ ਨੇ ਵੀ ਪਾਕਿਸਤਾਨੀ ਅੱਤਵਾਦੀ ਸੰਗਠਨਾਂ ‘ਤੇ ਧਾਰੀ ਚੁੱਪ
ਨਵੀਂ ਦਿੱਲੀ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਮਗਰੋਂ ਭਾਵੇਂ ਹੀ ਇਹ ਕਿਹਾ ਹੋਵੇ ਕਿ ਇਕ ਪੁਰਾਣਾ ਦੋਸਤ ਨਵੇਂ ਦੋਸਤਾਂ ਨਾਲੋਂ ਬਿਹਤਰ ਹੈ ਪਰ ਰੂਸ ਵੀ ਹੁਣ ਚੀਨ ਦੀ ਰਾਹ ਚੱਲ ਪਿਆ ਹੈ। ਬਰਿਕਸ ਸੰਮੇਲਨ ਵਿਚ ਪਾਕਿਸਤਾਨ ਨੂੰ ਅੱਤਵਾਦ ਕਾਰਨ ਅਲੱਗ-ਥਲੱਗ ਕਰਨ ਦੇ ਮੁੱਦੇ ‘ਤੇ ਰੂਸ ਨੇ ਭਾਰਤ ਦਾ ਸਮਰਥਨ ਕਰਨ ਦੀ ਬਜਾਏ ਚੁੱਪ ਧਾਰ ਰੱਖੀ ਹੈ।
‘ਟਾਈਮਜ਼ ਆਫ਼ ਇੰਡੀਆ’ ਵਿਚ ਛਪੀ ਖ਼ਬਰ ਮੁਤਾਬਕ ਚੀਨ ਪਹਿਲਾਂ ਤੋਂ ਹੀ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦਾ ਨਾਂ ਗੋਆ ਸੰਮੇਲਨ ਵਿਚ ਲਿਆਉਣ ਦਾ ਰਸਤਾ ਬੰਦ ਕਰ ਚੁੱਕਾ ਸੀ ਪਰ ਰੂਸ ਨੇ ਵੀ ਪਾਕਿਸਤਾਨ ਦੇ ਇਨ੍ਹਾਂ ਦੋਵੇਂ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਭਾਰਤ ਦੇ ਪ੍ਰਸਤਾਵ ‘ਤੇ ਚੁੱਪ ਧਾਰ ਲਈ ਹੈ। ਜਦਕਿ ਬਰਿਕਸ ਵਿਚ ਸ਼ਾਮਲ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ੱਦ ਵਲੋਂ ਐਲਾਨੀ ਅੱਤਵਾਦੀ ਸੰਗਠਨਾਂ ਦੀ ਸੂਚੀ ਨੂੰ ਸਵੀਕਾਰ ਕਰਨ ਲਈ ਪ੍ਰਤੀਬੱਧ ਹੈ। ਰੂਸ ਦੀ ਚੁੱਪ ਦੇ ਸਿੱਟੇ ਵਜੋਂ ਭਾਰਤ ਬਰਿਕਸ ਸੰਮੇਲਨ ਵਿਚ ਪਾਕਿਸਤਾਨ ਨੂੰ ਉਸ ਤਰ੍ਹਾਂ ਘੇਰ ਨਾ ਸਕਿਆ ਜਿਵੇਂ ਉਹ ਚਾਹੁੰਦਾ ਸੀ। ਰੂਸ ਦੇ ਇਸ ਬਦਲੇ ਰਵੱਈਏ ਦਾ ਕਾਰਨ ਉਸ ਦੇ ਹਾਲ ਹੀ ਵਿਚ ਪਾਕਿਸਤਾਨ ਨਾਲ ਵਧੀਆਂ ਨਜ਼ਦੀਕੀਆਂ ਵੀ ਹਨ। ਪਾਕਿਸਤਾਨ ਨਾਲ ਰੂਸ ਨੇ ਅੱਤਵਾਦ ਵਿਰੋਧੀ ਅਭਿਆਸ ਦਸ ਕੇ ਕਈ ਫ਼ੌਜੀ ਅਭਿਆਸ ਕੀਤੇ ਹਨ। ਗੋਆ ਸੰਮੇਲਨ ਵਿਚ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਅਜਿਹਾ ਕੁਝ ਨਹੀਂ ਕਰਨਗੇ, ਜਿਸ ਨਾਲ ਭਾਰਤ ਦੇ ਹਿਤਾਂ ਨੂੰ ਨੁਕਸਾਨ ਹੋਵੇ। ਪਰ ਵਿਦੇਸ਼ ਮੰਤਰਾਲੇ ਦੇ ਸਕੱਤਰ ਅਮਰ ਸਿਨਹਾ ਨੇ ਇਹ ਸਵੀਕਾਰ ਕੀਤਾ ਕਿ ਦੋਵੇਂ ਦੇਸ਼ਾਂ ਵਿਚਾਲੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨੂੰ ਸੰਮੇਲਨ ਵਿਚ ਸ਼ਾਮਲ ਕਰਨ ਨੂੰ ਲੈ ਕੇ ਕੋਈ ਇਕਮਤ ਨਹੀਂ ਸੀ ਕਿਉਂਕਿ ਇਨ੍ਹਾਂ ਸੰਗਠਨਾਂ ਤੋਂ ਦੂਸਰੇ ਦੇਸ਼ਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।