ਡੋਕਲਾਮ ਤਣਾਅ  : ਭਾਰਤੀ ਫ਼ੌਜ ਵੱਲੋਂ ਪਿੰਡ ਖਾਲੀ ਕਰਨ ਦੇ ਆਦੇਸ਼

0
301

image
ਨਵੀਂ ਦਿੱਲੀ/ਬਿਊਰੋ ਨਿਊਜ਼ :
ਡੋਕਲਾਮ ਵਿਚ ਭਾਰਤ ਤੇ ਚੀਨ ਦਰਮਿਆਨ ਜਾਰੀ ਤਣਾਅ ਵਿਚਾਲੇ ਭਾਰਤੀ ਸੈਨਾ ਨੇ ਡੋਕਲਾਮ ਦੇ ਆਸ-ਪਾਸ ਦੇ ਪਿੰਡਾਂ ਨੂੰ ਖਾਲੀ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਨਾ ਨੇ ਸਰਹੱਦ ਦੇ ਨਾਥਨਾਂਗ ਪਿੰਡ ਵਿਚ ਰਹਿ ਰਹੇ ਲੋਕਾਂ ਨੂੰ ਤੁਰੰਤ ਪਿੰਡ ਖਾਲੀ ਕਰਨ ਲਈ ਕਿਹਾ ਹੈ, ਇਹ ਪਿੰਡ ਡੋਕਲਾਮ ਤੋਂ 250 ਕਿਲੋਮੀਟਰ ਦੂਰੀ ‘ਤੇ ਸਥਿਤ ਹੈ, ਹਾਲਾਂਕਿ ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਪਿੰਡ ਖਾਲੀ ਕਰਨ ਦਾ ਇਹ ਆਦੇਸ਼ ਸੁਕਮਾ ਤੋਂ ਡੋਕਲਾਮ ਵੱਲ ਵਧ ਰਹੇ 33 ਕਾਰਪ ਦੇ ਜਵਾਨਾਂ ਦੇ ਇਥੇ ਠਹਿਰਨ ਲਈ ਹੈ ਜਾਂ ਭਾਰਤ-ਚੀਨ ਦੇ ਵਿਚਾਲੇ ਕਿਸੇ ਮੁੱਠਭੇੜ ਦੀ ਸਥਿਤੀ ਵਿਚ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਡੋਕਲਾਮ ਵਿਚ ਜਿੱਥੇ ਦੋਵਾਂ ਦੇਸ਼ਾਂ ਦੇ ਸੈਨਿਕ ਆਹਮਣੇ-ਸਾਹਮਣੇ ਹਨ, ਉਸ ਤੋਂ ਕਰੀਬ ਇਕ ਕਿਲੋਮੀਟਰ ਦੇ ਦਾਇਰੇ ਵਿਚ ਚੀਨ ਨੇ 80 ਟੈਂਟ ਲਗਾ ਦਿੱਤੇ ਹਨ।
ਚੀਨੀ ਫ਼ੌਜ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤ ਤੇ ਚੀਨ ਨੂੰ ਸਿੱਕਮ ਸੈਕਟਰ ਵਿਚ 1890 ਦੇ ਗ੍ਰੇਟ ਬਿਝਟੇਨ-ਚੀਨ ਸਮਝੌਤੇ ਦੀ ਜਗ੍ਹਾਂ ਇਕ ਨਵੇਂ ਸਰਹੱਦੀ ਸਮਝੌਤੇ ‘ਤੇ ਦਸਤਖ਼ਤ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਹੋਰ ਸਮਕਾਲੀ ਬਣਾਉਣਾ ਚਾਹੀਦਾ ਹੈ। ਕਰਨਲ ਜ਼ਾਓ ਜ਼ਿਆਜ਼ੂਓ ਨੇ ਭਾਰਤੀ ਮੀਡੀਆ ਵਫ਼ਦ ਨੂੰ ਦੱਸਿਆ ਕਿ ਅਸੀਂ ਸਿੱਕਮ ਸੈਕਟਰ ਵਿਚ ਭਾਰਤ ਨਾਲ ਨਵਾਂ ਸਮਝੌਤਾ ਚਾਹੁੰਦੇ ਹਾਂ ਕਿਉਂਕਿ 1890 ਵਿਚ ਗ੍ਰੇਟ ਬ੍ਰਿਟੇਨ ਤੇ ਚੀਨ ਵਿਚਾਲੇ ਹੋਏ ਸਮਝੌਤੇ ਸਮੇਂ ਨਾ ਤਾਂ ਭਾਰਤ ਆਜ਼ਾਦ ਹੋਇਆ ਸੀ ਅਤੇ ਨਾ ਹੀ ਪਿਊਪਲ ਰਿਪਬਲਿਕ ਆਫ਼ ਚਾਇਨਾ ਹੌਂਦ ਵਿਚ ਆਇਆ ਸੀ। ਇਸ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇਸ ਸਮਝੌਤੇ ਵਿਚ ਬਦਲਾਅ ਕਰੀਏ।
ਅਮਰੀਕੀ ਸੰਸਦ ਮੈਂਬਰ ਨੇ ਡੋਕਲਾਮ ਸਥਿਤੀ ‘ਤੇ ਚਿੰਤਾ ਪ੍ਰਗਟਾਈ :
ਵਾਸ਼ਿੰਗਟਨ : ਭਾਰਤ ਤੇ ਚੀਨ ਦੇ ਦਰਮਿਆਨ ਡੋਕਲਾਮ ਮੁੱਦੇ ‘ਤੇ ਜਾਰੀ ਤਣਾਅ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਇਕ ਅਮਰੀਕੀ ਸੰਸਦ ਮੈਂਬਰ ਨੇ ਚੀਨ ‘ਤੇ ਉਕਸਾਉਣ ਵਾਲੇ ਕਦਮ ਉਠਾਉਣ ਦਾ ਦੋਸ਼ ਲਗਾਇਆ। ਅਮਰੀਕਾ ਦੇ ਇਲੀਨੋਇਸ ਤੋਂ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ, ‘ਮੇਰਾ ਮੰਨਣਾ ਹੈ ਕਿ ਚੀਨ ਨੇ ਡੋਕਲਾਮ ਵਿਚ ਕੁਝ ਉਕਸਾਉਣ ਵਾਲੇ ਕਦਮ ਉਠਾਏ ਹਨ, ਜਿਸ ਨਾਲ ਇਲਾਕੇ ਵਿਚ ਤਣਾਅ ਵਧਿਆ ਹੈ।’ 44 ਸਾਲਾ ਕ੍ਰਿਸ਼ਨਾਮੂਰਤੀ ਹਾਲ ਹੀ ਵਿਚ ਭਾਰਤ ਦੌਰੇ ਤੋਂ ਪਰਤੇ ਹਨ ਜਿਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਹਾਲਾਂਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਡੋਕਲਾਮ ਮੁੱਦੇ ‘ਤੇ ਚਰਚਾ ਨਹੀਂ ਕੀਤੀ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ, ‘ਮੈਂ ਮੌਜੂਦਾ ਤਣਾਅ ਦਾ ਸ਼ਾਂਤੀਪੂਰਨ ਕੂਟਨੀਤਕ ਹੱਲ ਕੱਢਣ ਦੀ ਅਪੀਲ ਕਰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਇਹ ਹੋ ਸਕਦਾ ਹੈ।’
ਚੀਨ ਸਮਝੌਤਾ ਕਰਨ ਦੇ ਰੌਂਅ ਵਿਚ ਨਹੀਂ:
ਬੀਜਿੰਗ : ਚੀਨੀ ਸੈਨਾ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਡੋਕਲਾਮ ਤਣਾਅ ਖ਼ਤਮ ਕਰਨ ਦੇ ਮੁੱਦੇ ‘ਤੇ ਚੀਨ ਕੋਈ ਵੀ ਸਮਝੌਤਾ ਨਹੀਂ ਕਰੇਗਾ। ਚੀਨੀ ਸੈਨਾ ਦੇ ਸੀਨੀਅਰ ਵਿਸ਼ਲੇਸ਼ਕਾਂ ਅਤੇ ਦੱਖਣੀ ਏਸ਼ੀਆ ਦੇ ਵਿਦਵਾਨਾਂ ਨੇ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਹੋਇਆ ਕਿਹਾ ਕਿ ਡੋਕਲਾਮ ਵਿਚ ਭਾਰਤ ਦੇ ਖ਼ਤਰਨਾਕ ਕਦਮ ਕਰਕੇ ਚੀਨ ਦੇ ਲੋਕ, ਸਰਕਾਰ ਅਤੇ ਫ਼ੌਜ ‘ਗੁੱਸੇ’ ਵਿਚ ਹੈ।
ਸੀਨੀਅਰ ਕਰਨਲ ਜ਼ੋਓ ਬੋ ਨੇ ਕਿਹਾ ਕਿ, ‘ਚੀਨ ਨੇ ਅਜੇ ਤੱਕ ‘ਹਮਲਾ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ‘ਉਲੰਘਣਾ’ ਜਾ ‘ਘੁਸਪੈਠ’ ਦੇ ਸ਼ਬਦ ਵਰਤੇ ਹਨ ਅਤੇ ਇਹ ਚੀਨ ਦੀ ਸਦਭਾਵਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਿਹਤਰੀ ਲਈ ਉਮੀਦ ਕਰਦੇ ਹਾਂ ਪਰ ਚੀਨੀ ਸਰਕਾਰ ਅਤੇ ਫ਼ੌਜ ਇਸ ਮਸਲੇ ‘ਤੇ ਕੋਈ ਸਮਝੌਤਾ ਨਹੀਂ ਕਰੇਗੀ। ਇਸ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਤੇ ਸਦਭਾਵਨਾ ਲਈ ਭਾਰਤ ਨੂੰ ਡੋਕਲਾਮ ਵਿਚੋਂ ਆਪਣੇ ਸੈਨਿਕਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਹਟਾਉਣਾ ਚਾਹੀਦਾ ਹੈ। ਚੀਨ-ਅਮਰੀਕਾ ਸੁਰੱਖਿਆ ਮਾਮਲਿਆਂ ਬਾਰੇ ਅਕੈਡਮੀ ਆਫ਼ ਮਿਲਟਰੀ ਸਾਇੰਸ ਦੇ ਡਾਇਰੈਕਟਰ ਕਰਨਲ ਜ਼ਾਓ ਜ਼ਿਆਜ਼ੂਓ ਨੇ ਕਿਹਾ ਕਿ ਭਾਰਤ ਜੇਕਰ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਸੈਨਿਕ ਵਾਪਸ ਬੁਲਾਉਣੇ ਚਾਹੀਦੇ ਹਨ, ਨਹੀਂ ਤਾਂ ਇਹ ਮਸਲਾ ਸਿਰਫ਼ ਤਾਕਤ ਦੇ ਇਸਤੇਮਾਲ ਨਾਲ ਹੀ ਹੱਲ ਹੋਵੇਗਾ। ਇਸ ਮੌਕੇ ਚੀਨੀ ਫ਼ੌਜ ਦੇ ਵਿਦਵਾਨਾਂ ਨੇ ਕਸ਼ਮੀਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪਾਕਿਸਤਾਨ, ਚੀਨ ਦਾ ਦੋਸਤ ਹੈ ਅਤੇ ਜੇਕਰ ਪਾਕਿਸਤਾਨ ਦੇ ਹਿਤ ‘ਤੇ ਚੀਨ ਭਾਰਤੀ ਸਰਹੱਦ ਜਾ ਭਾਰਤ-ਚੀਨ ਸਰਹੱਦ ਪਾਰ ਕਰਦਾ ਹੈ ਤਾਂ ਅਸੀਂ ਨਹੀਂ ਜਾਣਦੇ ਕਿ ਭਾਰਤ ਇਸ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਕਾਰਵਾਈ ਨੇ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਵਿਸ਼ਵਾਸ ਨੂੰ ਕਾਫ਼ੀ ਪ੍ਰਭਾਵਤ ਕੀਤਾ ਹੈ।
ਭੂਟਾਨ ਨੇ ਡੋਕਲਾਮ ਬਾਰੇ ਚੀਨੀ ਦਾਅਵਾ ਕੀਤਾ ਰੱਦ :
ਨਵੀਂ ਦਿੱਲੀ : ਡੋਕਲਾਮ ਨੂੰ ਚੀਨ ਦਾ ਹਿੱਸਾ ਮੰਨਣ ਵਾਲੇ ਬੀਜਿੰਗ ਦੇ ਬਿਆਨ ਦਾ ਭੂਟਾਨ ਨੇ ਖੰਡਨ ਕੀਤਾ ਹੈ। ਚੀਨ ਦੀ ਇਕ ਸੀਨੀਅਰ ਕੂਟਨੀਤਕ ਅਧਿਕਾਰੀ ਵਾਂਗ ਵੇਨਲੀ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਭੂਟਾਨ ਨੇ ਕੂਟਨੀਤਕ ਤਰੀਕਿਆਂ ਦਾ ਇਸਤੇਮਾਲ ਕਰਦਿਆਂ ਹੋਇਆ ਬੀਜਿੰਗ ਦੇ ਕੋਲ ਇਹ ਸੰਦੇਸ਼ ਭੇਜਿਆ ਹੈ ਕਿ ਡੋਕਲਾਮ ਉਨ੍ਹਾਂ ਦਾ ਇਲਾਕਾ ਨਹੀਂ ਹੈ। ਵਾਂਗ ਵੇਨਲੀ ਦੇ ਉਕਤ ਦਾਅਵੇ ਦਾ ਹੁਣ ਭੂਟਾਨ ਨੇ ਖੰਡਨ ਕੀਤਾ ਹੈ। ਭੂਟਾਨ ਸਰਕਾਰ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ, ‘ਡੋਕਲਾਮ ਮੁੱਦੇ ‘ਤੇ ਸਾਡਾ ਨਜ਼ਰੀਆ ਬਿਲਕੁਲ ਹੀ ਸਪਸ਼ਟ ਹੈ। ਇਸ ਸਬੰਧੀ 29 ਜੂਨ 2017 ਨੂੰ ਭੂਟਾਨ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ‘ਤੇ ਬਿਆਨ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ। ਇਸ ਵਿਚ ਸਪਸ਼ਟ ਕਿਹਾ ਗਿਆ ਸੀ ਕਿ ਭੂਟਾਨ ਦੀ ਸਰਹੱਦ ‘ਵਿਚ ਸੜਕ ਦਾ ਨਿਰਮਾਣ ਚੀਨ ਤੇ ਭੂਟਾਨ ਵਿਚਾਲੇ ਸਰਹੱਦ ਨਾਲ ਜੁੜੇ ਸਮਝੌਤੇ ਦੀ ਉਲੰਘਣਾ ਹੈ। ਬਿਆਨ ਵਿਚ ਭੂਟਾਨ ਨੇ ਚੀਨ ਨਾਲ ਇਸ ਘਟਨਾ ‘ਤੇ ਵਿਰੋਧ ਜਤਾਇਆ ਸੀ।