ਚੀਫ ਖਾਲਸਾ ਦੀਵਾਨ ਦੇ ਅਹੁਦਿਓਂ ਲਾਹੇ ਪ੍ਰਧਾਨ ਦੇ ਪੁੱਤਰ ਨੇ ਖ਼ੁਦਕੁਸ਼ੀ ਕੀਤੀ

0
88

inderjit-singh-chada
ਫੋਰੈਂਸਿਕ ਮਾਹਰਾਂ ਦੀ ਟੀਮ ਕਾਰ ਦੀ ਜਾਂਚ ਕਰਦੀ ਹੋਈ ਜਿਸ ਵਿੱਚ ਇੰਦਰਪ੍ਰੀਤ ਸਿੰਘ (ਇਨਸੈੱਟ) ਨੇ ਖੁਦਕੁਸ਼ੀ ਕੀਤੀ।
ਅੰਮ੍ਰਿਤਸਰ/ਬਿਊਰੋ ਨਿਊਜ਼
ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਘਿਰੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਬੁੱਧਵਾਰ ਨੂੰ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਘਟਨਾ ਸਥਾਨ ‘ਤੇ ਪੁੱਜ ਕੇ ਜਾਂਚ ਕੀਤੀ। ਡਿਪਟੀ ਕਮਿਸ਼ਨਰ ਪੁਲੀਸ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਚੱਢਾ ਨੇ ਬਾਅਦ ਦੁਪਹਿਰ 2:00 ਵਜੇ ਆਪਣੀ ਫਾਰਚੂਨਰ ਗੱਡੀ ਵਿੱਚ ਆਪਣੇ ਸਿਰ ‘ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਇੰਦਰਪ੍ਰੀਤ ਸਿੰਘ ਨੇ ਇਕ ਲੰਮਾ ਖ਼ੁਦਕੁਸ਼ੀ ਨੋਟ ਛੱਡਿਆ ਹੈ ਪਰ ਪੁਲੀਸ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ।
ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਆਪਣੇ ਡਰਾਈਵਰ ਰਾਜ ਕੁਮਾਰ ਨਾਲ ਅਜਨਾਲਾ ਰੋਡ ‘ਤੇ ਕਿਸੇ ਡਾਕਟਰ ਨੂੰ ਮਿਲਣ ਗਿਆ ਸੀ। ਉਥੇ ਪਹੁੰਚ ਕੇ ਉਸ ਨੇ ਡਰਾਈਵਰ ਨੂੰ ਕਿਹਾ ਕਿ ਉਹ ਪਤਾ ਕਰਕੇ ਆਵੇ ਕਿ ਡਾਕਟਰ ਹੈ ਜਾਂ ਨਹੀਂ। ਪਰ ਡਾਕਟਰ ਘਰ ਨਹੀਂ ਸੀ। ਇਸੇ ਦੌਰਾਨ ਇੰਦਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਡਰਾਈਵਰ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਦਰਪ੍ਰੀਤ ਸਿੰਘ ਚੱਢਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਾਬਕਾ ਮੀਤ ਪ੍ਰਧਾਨ ਸਨ। ਸਕੂਲ ਪ੍ਰਿੰਸੀਪਲ ਵੱਲੋਂ ਚਾਰ ਦਿਨ ਪਹਿਲਾਂ ਉਸ ਦੇ ਪਿਤਾ ਖ਼ਿਲਾਫ਼ ਦਰਜ ਕਰਾਏ ਕੇਸ ਵਿੱਚ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇੰਦਰਪ੍ਰੀਤ ‘ਤੇ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਚਰਨਜੀਤ ਸਿੰਘ ਚੱਢਾ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਬਾਅਦ ਸਕੂਲ ਪ੍ਰਿੰਸੀਪਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਇਸ ਘਟਨਾਕ੍ਰਮ ਬਾਅਦ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਚਰਨਜੀਤ ਚੱਢਾ ਅਤੇ ਇੰਦਰਪ੍ਰੀਤ ਚੱਢਾ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਸੀ ਅਤੇ  ਉਨ੍ਹਾਂ ਦੀ ਸੁਸਾਇਟੀ ਦੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਸੀ।
ਇੰਦਰਪ੍ਰੀਤ ਸਿੰਘ ਨੂੰ ਸਥਾਨਕ ਅਦਾਲਤ ਵੱਲੋਂ ਇਸ ਆਧਾਰ ‘ਤੇ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਪੁਲੀਸ ਵੱਲੋਂ ਕੀਤੀ ਜਾਣ ਵਾਲੀ ਪੜਤਾਲ ਵਿੱਚ ਪੂਰਾ ਸਹਿਯੋਗ ਦੇਵੇਗਾ। ਪੁਲੀਸ ਕਮਿਸ਼ਨਰ ਵੱਲੋਂ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਬਣਾਈ ਜਾਂਚ ਕਮੇਟੀ ਅੱਗੇ ਉਹ ਪੇਸ਼ ਹੋਇਆ ਸੀ। ਉਸ ਨੇ ਜਾਂਚ ਟੀਮ ਨੂੰ ਦੱਸਿਆ ਸੀ ਕਿ ਉਸ ਦਾ ਆਪਣੇ ਪਿਤਾ ਦੀ ਵੀਡੀਓ ਕਲਿੱਪ ਤੇ ਫੋਨ ਕਾਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਸ ਨੂੰ ਇਸ ਮਾਮਲੇ ਵਿੱਚ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਚੱਢਾ ਪਰਿਵਾਰ ਦੇ ਨੇੜਲਿਆਂ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਨੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਬਾਅਦ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵੇ। ਉਨ੍ਹਾਂ ਕਿਹਾ ਕਿ ਇੰਦਰਪ੍ਰੀਤ ਸਿੰਘ ਕਿਸੇ ਹੋਰ ਗੱਲੋਂ ਤਣਾਅ ਵਿੱਚ ਸੀ।