ਸਾਊਦੀ ਅਰਬ ਵਿਚ ਅੱਗ ਲੱਗਣ ਕਾਰਨ 10 ਭਾਰਤੀਆਂ ਦੀ ਮੌਤ 

0
88

hindustan-incident-gurgaon-traffic-brigade-evening-maharana_e13d4d86-6721-11e7-95fb-ec6334583ea6
ਨਵੀਂ ਦਿੱਲੀ/ਦੁਬਈ/ਬਿਊਰੋ ਨਿਊਜ਼ :
ਸਾਊਦੀ ਅਰਬ ਵਿਚ ਬਿਨਾਂ ਖਿੜਕੀ ਵਾਲੇ ਘਰ ਵਿਚ ਲੱਗੀ ਅੱਗ ਕਾਰਨ ਘੱਟੋ-ਘੱਟ 10 ਭਾਰਤੀਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ। ਦਿੱਲੀ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਦਾਹ ਵਿਖੇ ਭਾਰਤੀ ਕਾਸਲਖ਼ਾਨੇ ਦੇ ਅਧਿਕਾਰੀ ਨਾਜਰਾਨ ਵਿਖੇ ਘਟਨਾ ਸਥਾਨ ਲਈ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਕਿ ਉਨ੍ਹਾਂ ਨੂੰ ਨਾਜਰਾਨ ਵਿਚ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਹੈ, ਜਿਸ ਵਿਚ ਅਸੀਂ 10 ਭਾਰਤੀ ਨਾਗਰਿਕਾਂ ਨੂੰ ਗੁਆ ਦਿੱਤਾ ਹੈ ਤੇ ਛੇ ਹੋਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਦੀ ਇਹ ਪ੍ਰਤੀਕਿਰਿਆ ਵਿਦਿਆ ਐਸ ਨਾਂਅ ਦੀ ਇਕ ਔਰਤ ਵਲੋਂ ਘਟਨਾ ਵਿਚ ਮਾਰੇ ਗਏ ਲੋਕਾਂ ਵਿਚੋਂ ਇਕ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕਰਨ ਦੇ ਬਾਅਦ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੇਦਾਹ ਵਿਚ ਕਾਸਲ ਜਨਰਲ ਨਾਲ ਗੱਲ ਕੀਤੀ ਹੈ। ਨਾਜਰਾਨ ਜੇਦਾਹ ਤੋਂ 900 ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਸਾਡਾ ਸਟਾਫ਼ ਪਹਿਲੀ ਉਡਾਣ ਰਾਹੀਂ ਘਟਨਾ ਸਥਾਨ ‘ਤੇ ਜਾਵੇਗਾ। ਸਵਰਾਜ ਨੇ ਕਿਹਾ ਕਿ ਸਾਡੇ ਕਾਸਲ ਜਨਰਲ ਨਾਜਰਾਨ ਦੇ ਗਵਰਨਰ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੂੰ (ਸਵਰਾਜ ਨੂੰ) ਲਗਾਤਾਰ ਜਾਣਕਾਰੀ ਦੇ ਰਹੇ ਹਨ। 10 ਭਾਰਤੀਆਂ ਤੋਂ ਬਿਨਾਂ ਮਾਰੇ ਗਏ ਹੋਰਨਾਂ ਵਿਅਕਤੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਨਾਗਰਿਕ ਰੱਖਿਆ ਵਿਭਾਗ ਵਲੋਂ ਕਿਹਾ ਗਿਆ ਸੀ ਕਿ 11 ਲੋਕਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਪੁਰਾਣੇ ਘਰ ਵਿਚ ਜਿਥੇ ਹਵਾ ਲਈ ਕੋਈ ਖਿੜਕੀ ਵੀ ਨਹੀਂ ਹੈ, ਲੱਗੀ ਅੱਗ ਨੂੰ ਅੱਗ ਬੁਝਾਊ ਅਮਲੇ ਨੇ ਬੁਝਾਇਆ। ਮੁੱਢਲੀ ਸੂਚਨਾ ਅਨੁਸਾਰ ਅੱਗ ਲੱਗਣ ਦਾ ਕਾਰਨ ਏ.ਸੀ. ਯੂਨਿਟ ਤੋਂ ਹੋਇਆ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। 6 ਜ਼ਖ਼ਮੀਆਂ ਵਿਚ 4 ਭਾਰਤੀ ਹਨ। ਨਾਜਰਾਨ ਦੇ ਗਵਰਨਰ ਨੇ ਘਟਨਾ ਦੀ ਜਾਂਚ ਲਈ ਕਮੇਟੀ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ।