ਆਇਫਾ 2017 ‘ਚ ‘ਦ ਬਲੈਕ ਪ੍ਰਿੰਸ’ ਦੀ ਟੀਮ ਦਾ ਸ਼ਾਨਦਾਰ ਸਵਾਗਤ

0
397

iifa-1500359847

  • ਸ਼ਬਾਨਾ ਨੇ ‘ਮੇਰਾ ਪੁੱਤ’ ਕਹਿ ਕੇ ਕਰਾਈ ਸਤਿੰਦਰ ਸਰਤਾਜ ਦੀ ਜਾਣ-ਪਛਾਣ
  • ਸ਼ਾਹਿਦ ਤੇ ਆਲੀਆ ਨੂੰ ‘ਉੜਤਾ ਪੰਜਾਬ’ ਲਈ ਬਿਹਤਰੀਨ ਅਦਾਕਾਰ ਦਾ ਐਵਾਰਡ
  • 21 ਜੁਲਾਈ ਸ਼ੁਕਰਵਾਰ ਨੂੰ ਦੁਨੀਆ ਭਰ ਵਿਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਰਿਲੀਜ਼ ਹੋ ਰਹੀ ਹੈ ‘ਦ ਬਲੈਕ ਪ੍ਰਿੰਸ’

ਨਿਊਯਾਰਕ/ਬਿਊਰੋ ਨਿਊਜ਼:
ਦੁਨੀਆ ਦੀ ਵਪਾਰਕ ਰਾਜਧਾਨੀ ਅਤੇ ਕੌਮਾਂਤਰੀ ਸਭਿਆਚਾਰਕ ਕੇਂਦਰ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਦਾ ‘ਕਦੇ ਨਾ ਸੌਣ ਵਾਲਾ’ ਤਖੱਲਸ ਮੈੱਟਲਾਈਫ ਸਟੇਡੀਅਮ ਵਿੱਚ ਸ਼ਨਿੱਚਰਵਾਰ ਰਾਤੀਂ ਬਾਲੀਵੁੱਡ ਦੇ ਵੱਕਾਰੀ ਫਿਲਮ ਸਮਾਰੋਹ ਆਇਫਾ ਐਵਾਰਡਜ਼ ਦੌਰਾਨ ਸੱਚ ਸਾਬਤ ਹੋਇਆ।
ਇਸ ਤਿੰਨ ਰੋਜ਼ਾ ਫਿਲਮੀ ਮੇਲੇਨੁਮਾ ਸਮਾਰੋਹ ਦੇ ਇਨਾਮਾਂ/ਸਨਮਾਨਾਂ ਵਾਲੇ ਸੈਸ਼ਨ ਦੌਰਾਨ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਤੇ ਬਣੀ ਹਾਲੀਵੁੱਡ ਫਿਲਮ ‘ਦ ਬਲੈਕ ਪ੍ਰਿੰਸ’ ਦੀ ਟੀਮ ਦਾ ਪਹਿਲਾਂ ਰੈੱਡ ਕਾਰਪਟ ਅਤੇ ਬਾਅਦ ਵਿੱਚ ਮੁੱਖ ਸਟੇਜ ਉੱਤੇ ਜ਼ੋਰਦਾਰ ਤਾੜੀਆਂ ਦੀ ਗੂੰਜ ਵਿੱਚ ਭਰਪੂਰ ਸਵਾਗਤ ਕੀਤਾ ਗਿਆ ਜੋ ਬੜੀ ਸਨਮਾਨਯੋਗ ਪ੍ਰਾਪਤੀ ਸੀ। ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਦੀ ਭੂਮਿਕਾ ਨੂੰ ਸਜੀਵ ਕਰਨ ਵਾਲੀ ਉੱਘੀ ਫਿਲਮ ਅਦਾਕਾਰਾ ਸ਼ਬਾਨਾ ਆਜ਼ਮੀ, ਫਿਲਮ ਦੇ ਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਸਤਿੰਦਰ ਸਰਤਾਜ ਅਤੇ ਨਿਰਦੇਸ਼ਕ ਕਵੀ ਰਾਜ਼ ਜਿਉਂ ਹੀ ਫਿਲਮ ਮੇਲੇ ਵਾਲੀ ਥਾਂ ਪੁੱਜੇ, ਦਰਸ਼ਕ ਉਨ੍ਹਾਂ ਵਲ ਉਮੜ ਪਏ।

sartaj-iiafa-actress-500x410
ਫਿਲਮ ਮੇਲੇ ਵਰਗੇ ਸਮਾਰੋਹ ਦੇ ਹਾਲ ਅੰਦਰ ਫਿਲਮ ਦੇ ਨਾਇਕ ਸਤਿੰਦਰ ਸਰਤਾਜ ਅਤੇ ਜਗਤ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਉਚੇਚੇ ਤੌਰ ‘ਤੇ ਸਟੇਜ ‘ਤੇ ਬੁਲਾਇਆ ਗਿਆ। ਇਸ ਮੌਕੇ ਹਜ਼ਾਰਾਂ ਦਰਸ਼ਕਾਂ ਵੱਲੋਂ ਜਿੱਥੇ ਉਨ੍ਹਾਂ ਦੋਹਾਂ ਦਾ ਤਾੜੀਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਪ੍ਰਬੰਧਕਾਂ ਵੱਲੋਂ ਫ਼ਿਲਮ ਦੇ ਕੁੱਝ ਅੰਸ਼ ਵੀ ਦਿਖਾਉਣ ਦਾ ਮੌਕਾ ਦਿੱਤਾ ਗਿਆ।
‘ਦ ਬਲੈਕ ਪ੍ਰਿੰਸ’ ਫਿਲਮ ਵਿਚ ਮਹਾਰਾਣੀ ਜਿੰਦਾਂ ਦਾ ਰੋਲ ਕਰਨ ਵਾਲੀ ਸ਼ਬਾਨਾ ਆਜ਼ਮੀ ਨੇ ਸਟੇਜ ਉੱਤੇ ਪੁੱਜਦਿਆਂ ਹੀ ਸਤਿੰਦਰ ਸਰਤਾਜ ਨੂੰ ਆਪਣਾ ਪੁੱਤ ਕਹਿ ਕੇ ਉਸ ਦੀ ਜਾਣ-ਪਛਾਣ ਕਰਾਈ। ਸ਼ਬਾਨਾ ਦੇ ਕਹਿਣ ‘ਤੇ ਸਰਤਾਜ ਨੇ ‘ਦ ਬਲਾਕ ਪ੍ਰਿੰਸ’ ਫ਼ਿਲਮ ਵਿਚ ਗਾਇਆ ਗੀਤ ‘ਇਸ ਕਿਸਮਤ ਡਾਢੀ ਹੱਥੋਂ ਬੜੇ ਖੁਆਰ ਹੋਏ, ਅਸੀਂ ਮਿੱਟੀ, ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ…. ਇੰਜ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ… ਮੈਨੂੰ ਦਰਦਾਂ ਵਾਲਾ ਦੇਸ਼ ਵਾਜ਼ਾਂ ਮਾਰ ਦਾ’  ਵੀ ਸਟੇਜ ਤੋਂ ਸੁਣਾਇਆ।
ਚੇਤੇ ਰਹੇ ਕਿ ਮਹਾਰਾਜਾ ਦਲੀਪ ਸਿੰਘ ਦੀ ਜੀਵਨ ‘ਤੇ ਬਣਾਈ ਗਈ ਇਸ ਫ਼ਿਲਮ ਵਿਚ ਦਲੀਪ ਸਿੰਘ ਦਾ ਰੋਲ ਸਰਤਾਜ ਦੇ ਹਿੱਸੇ ਆਇਆ ਹੈ ਜਦੋਂ ਕਿ ਸ਼ਬਾਨਾ ਨੇ ਉਸ ਦੀ ਮਾਂ ਜਾਣੀ ਮਹਾਰਾਣੀ ਜਿੰਦਾਂ ਦੀ  ਭੂਮਿਕਾ ਨਿਭਾਈ ਹੈ।
ਇਹ ਫ਼ਿਲਮ 21 ਜੁਲਾਈ ਨੂੰ ਦੁਨੀਆ ਭਰ ਵਿਚ ਅੰਗਰੇਜ਼ੀ , ਹਿੰਦੀ ਅਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਵਿਚ ਰਿਲੀਜ਼ ਹੋ ਰਹੀ ਹੈ।

ਵੱਖ ਵੱਖ ਵਰਗਾਂ ਲਈ ਇਨਾਮਾਂ ਨਾਲ ਸਨਮਾਨਿਆ
ਇਨਾਮਾਂ ਦੇ ਐਲਾਨ ਮੌਕੇ ‘ਉੜਤਾ ਪੰਜਾਬ’ ਫਿਲਮ ਵਿੱਚ ਕੀਤੇ ਵਧੀਆ ਕੰਮ ਲਈ ਸ਼ਾਹਿਦ ਕਪੂਰ ਤੇ ਆਲੀਆ ਭੱਟ ਨੂੰ ਬਿਹਤਰੀਨ ਅਦਾਕਾਰ ਅਤੇ ਅਦਾਕਾਰਾ ਦੇ ਐਵਾਰਡਾਂ ਨਾਲ ਨਿਵਾਜਿਆ ਗਿਆ।
ਆਪਣੇ ਵਿਸ਼ਾ ਵਸਤੂ ਕਾਰਨ ਸੈਂਸਰ ਬੋਰਡ ਨਾਲ ਵਿਵਾਦਾਂ ਵਿੱਚ ਫਸੀ ਇਸ ਫਿਲਮ ਨਾਲ ਸਫ਼ਲਤਾ ਦਾ ਸਵਾਦ ਚੱਖਣ ਵਾਲੇ ਅਦਾਕਾਰਾਂ ਵਿੱਚ ਦਿਲਜੀਤ ਦੁਸਾਂਝ ਵੀ ਸ਼ਾਮਲ ਹੈ। ਉਸ ਨੂੰ ਬਿਹਤਰੀਨ ਸ਼ੁਰੂਆਤ (ਪੁਰਸ਼ ਅਦਾਕਾਰ) ਦੇ ਵਰਗ ਵਿੱਚ ਪੁਰਸਕਾਰ ਮਿਲਿਆ। ਇਸ ਫਿਲਮ ਲਈ ਐਵਾਰਡ ਪ੍ਰਾਪਤ ਕਰਨ ਵੇਲੇ ਤਿੰਨੇ ਕਲਾਕਾਰ ਭਾਵੁਕ ਹੋ ਗਏ।

iifa_lea_1500377184
ਬਿਹਤਰੀਨ ਫਿਲਮ ਦਾ ਐਵਾਰਡ ਸੋਨਮ ਕਪੂਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਨੀਰਜਾ’ ਨੂੰ ਮਿਲਿਆ, ਜੋ ਏਅਰ ਹੋਸਟੈਸ ਨੀਰਜਾ ਭਨੋਟ ਦੇ ਅਸਲ ਜੀਵਨ ਉਤੇ ਆਧਾਰਤ ਹੈ। ਅਦਾਕਾਰ ਜਿਮ ਸਰਭ ਨੂੰ ਇਸ ਫਿਲਮ ਵਿੱਚ ਆਪਣੀ ਖਲਨਾਇਕ ਵਾਲੀ ਭੂਮਿਕਾ ਲਈ ਪੁਰਸਕਾਰ ਮਿਲਿਆ।
ਅਨਿਰੁੱਧ ਰਾਏ ਚੌਧਰੀ ਨੂੰ ‘ਪਿੰਕ’ ਲਈ ਬਿਹਤਰੀਨ ਨਿਰਦੇਸ਼ਨ ਦਾ ਸਨਮਾਨ ਮਿਲਿਆ। ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਤਾਪਸੀ ਪੰਨੂ ਨੂੰ ‘ਵਿਮੈਨ ਆਫ ਦਿ ਈਅਰ’ ਪੁਰਸਕਾਰ ਲਈ ਚੁਣਿਆ ਗਿਆ। ਸੰਗੀਤਕਾਰ ਏ.ਆਰ. ਰਹਿਮਾਨ ਨੂੰ ਫਿਲਮ ਸੰਗੀਤ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਬਿਹਤਰੀਨ ਸਹਾਇਕ ਅਦਾਕਾਰ ਦੇ ਵਰਗ ਵਿੱਚ ‘ਨੀਰਜਾ’ ਲਈ ਸ਼ਬਾਨਾ ਆਜ਼ਮੀ ਤੇ ਫਿਲਮ ‘ਐਮ.ਐਸ. ਧੋਨੀ: ਦਿ ਅਨਟੋਲਡ ਸਟੋਰੀ’ ਲਈ ਅਨੁਪਮ ਖੇਰ ਨੂੰ ਸਨਮਾਨ ਮਿਲਿਆ। ‘ਡਿਸ਼ੂਮ’ ਲਈ ਵਰੁਣ ਧਵਨ ਨੂੰ ਬਿਹਤਰੀਨ ਹਾਸਰਸ ਕਲਾਕਾਰ ਦਾ ਐਵਾਰਡ ਮਿਲਿਆ।

nach-baliye380
ਬਿਹਤਰੀਨ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ‘ਐ ਦਿਲ ਹੈ ਮੁਸ਼ਕਲ’ ਲਈ ਪ੍ਰੀਤਮ ਦੀ ਝੋਲੀ ਪਿਆ ਅਤੇ ਅਮਿਤਾਭ ਭੱਟਾਚਾਰੀਆ ਨੂੰ ‘ਚੰਨਾ ਮੇਰਿਆ’ ਲਈ ਬਿਹਤਰੀਨ ਗੀਤਕਾਰ ਦਾ ਮਾਣ ਮਿਲਿਆ। ਗਾਇਕਾਂ ਵਿੱਚ ਕਨਿਕਾ ਕਪੂਰ ਨੂੰ ‘ਦਾ ਦਾ ਦਾਸੇ’ ਤੇ ਤੁਲਸੀ ਕੁਮਾਰ ਨੂੰ ‘ਸੋਚ ਨਾ ਸਕੇ’ ਲਈ ਮਹਿਲਾ ਵਰਗ ਵਿੱਚ ਸਾਂਝੇ ਤੌਰ ਉਤੇ ਪੁਰਸਕਾਰ ਮਿਲਿਆ, ਜਦੋਂ ਕਿ ਅਮਿਤ ਮਿਸ਼ਰਾ ਪੁਰਸ਼ ਵਰਗ ਵਿੱਚ ਜੇਤੂ ਰਿਹਾ।