ਫੂਲਕਾ ਬਣੇ ‘ਆਪ’ ਵਿਧਾਇਕ ਦਲ ਦੇ ਨੇਤਾ, ਖਹਿਰਾ ਚੀਫ਼ ਵਿਪ੍ਹ

0
259

hs-phoolka
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਵਲ ਲਾਈਨਜ਼ ਸਥਿਤ ਸਰਕਾਰੀ ਨਿਵਾਸ ਵਿੱਚ ਵਕੀਲ ਐਚ.ਐਸ. ਫੂਲਕਾ ਨੂੰ ‘ਆਪ’ ਵਿਧਾਇਕ ਦਲ ਦਾ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ। ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵਿੱਚ ‘ਆਪ’ ਦਾ ਚੀਫ਼ ਵਿਪ੍ਹ ਬਣਾਇਆ ਗਿਆ ਹੈ।
ਸ੍ਰੀ ਕੇਜਰੀਵਾਲ ਦੇ ਗ੍ਰਹਿ ਵਿਖੇ ‘ਆਪ’ ਦੀ ਪੰੰਜਾਬ ਇਕਾਈ ਦੇ ਹਾਲ ਹੀ ਵਿੱਚ ਚੁਣੇ ਗਏ ਵਿਧਾਇਕਾਂ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਚੁਣੇ ਗਏ ਵਿਧਾਇਕ ਬੈਂਸ ਭਰਾਵਾਂ, ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਪਾਰਟੀ ਦੇ ਓਵਰਸੀਜ਼ ਵਿੰਗ ਦੇ ਮੁਖੀ ਡਾ. ਕੁਮਾਰ ਵਿਸ਼ਵਾਸ ਵੀ ਹਾਜ਼ਰ ਸਨ।
ਇਸ ਬੈਠਕ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰੰਘ ਵੜੈਚ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਵਿੱਚ ‘ਆਪ’ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਐਚ.ਐਚ ਫੂਲਕਾ ਨੂੰ ਵਿਧਾਇਕ ਦਲ ਦਾ ਨੇਤਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਚੀਫ਼ ਵਿਪ੍ਹ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਬੈਠਕ ਵਿੱਚ ਪੰਜਾਬ ਵਿਧਾਨ ਸਭਾ ਦੇ ਆਏ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ। ਉਨ੍ਹਾਂ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਉਤਰੀ ‘ਆਪ’ ਨੂੰ ਪੰਜਾਬ ਵਾਸੀਆਂ ਨੇ ਵਿਰੋਧੀ ਧਿਰ ਦੀ ਭੂਮਿਕਾ ਦਿੱਤੀ ਹੈ ਜਿਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇਗਾ।
ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ਮਗਰੋਂ ਸ੍ਰੀ ਫੂਲਕਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਪੁਰਜ਼ੋਰ ਤਰੀਕੇ ਨਾਲ ਉਠਾਈ ਜਾਵੇਗੀ। ਉਹ ਛਚੀਬ ਦੇ ਹੱਕਾਂ ਲਈ ਲੜਨਗੇ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਸਦਨ ਤੋਂ ਲੈ ਕੇ ਸੜਕ ਤੱਕ  ਲੜਾਈ ਲੜੀ ਜਾਵੇਗੀ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਚੁਣੇ ਹੋਏ 22 ਵਿਧਾਇਕਾਂ ਨਾਲ ਮੁਲਾਕਾਤ ਕੀਤੀ।
ਕੇਜਰੀਵਾਲ ਨੇ ‘ਈਵੀਐਮ’ ਸਿਰ ਭੰਨਿਆ ਹਾਰ ਦਾ ਠੀਕਰਾ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਠੀਕਰਾ ਈਵੀਐਮ ‘ਤੇ ਭੰਨਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੱਤਾ ਤੋਂ ਲਾਂਭੇ ਰੱਖਣ ਲਈ ਸਾਜਿਸ਼ ਹੋ ਸਕਦੀ ਹੈ। ਉਨ੍ਹਾਂ ਇਹ ਗੱਲ ਆਪਣੀ ਸਰਕਾਰੀ ਰਿਹਾਇਸ਼ ਵਿਖੇ ਮੀਡੀਆ ਕਾਨਫਰੰਸ ਦੌਰਾਨ ਕਹੀ। ਇਸ ਮੌਕੇ ‘ਆਪ’ ਦੀ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਵੀ ਹਾਜ਼ਰ ਸਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਨਤੀਜੇ ਸਮਝ ਤੋਂ ਪਰ੍ਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ 32 ਸਥਾਨਾਂ ਉਪਰ ਵੋਟਰਾਂ ਨੂੰ ਵੋਟ ਪਾਉਣ ਮਗਰੋਂ ਮਿਲਦੀ ਪਰਚੀ ‘ਵੀਵੀਪੀਏਟੀ’ ਦਾ ਪਈਆਂ ਕੁਲ ਵੋਟਾਂ ਨਾਲ ਮਿਲਾਨ ਕੀਤਾ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ।