‘ਪਾਪਾ ਦੀ ਪਰੀ’ ਨੇ ਪੰਚਕੂਲਾ ਦੰਗਿਆਂ ਦੀ ਸਾਜ਼ਿਸ਼ ‘ਚ ਸ਼ਮੂਲੀਅਤ ਕਬੂਲੀ

0
164

honeypreet
ਪੰਚਕੂਲਾ/ਬਿਊਰੋ ਨਿਊਜ਼ :
ਆਖ਼ਰਕਾਰ ਪੁਲੀਸ ਵਲੋਂ ਹਨੀਪ੍ਰੀਤ ਤੋਂ ਲਗਾਤਾਰ ਕੀਤੀ ਜਾ ਰਹੀ ਪੁੱਛਗਿੱਛ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਹਨੀਪ੍ਰੀਤ ਨੇ 25 ਅਗਸਤ ਦੇ ਦੰਗਿਆਂ ਦੀ ਸਾਜਿਸ਼ ਵਿਚ ਸ਼ਮੂਲੀਅਤ ਕਬੂਲ ਲਈ ਹੈ। ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਤੋਂ ਪੁਲੀਸ ਵਲੋਂ ਲਗਾਤਾਰ ਇਕ ਹਫ਼ਤੇ ਤੋਂ ਕੀਤੀ ਜਾ ਰਹੀ ਪੁੱਛਗਿੱਛ ਤੋਂ ਬਾਅਦ ਚੁੱਪੀ ਤੋੜਦਿਆਂ ਉਸ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੀ ਸਾਜ਼ਿਸ਼ ਵਿਚ ਉਹ ਸ਼ਾਮਲ ਸੀ। ਸੂਤਰਾਂ ਅਨੁਸਾਰ ਪੁਲੀਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਹਨੀਪ੍ਰੀਤ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 17 ਅਗਸਤ ਨੂੰ ਦੰਗਿਆਂ ਦੀ ਸਾਜ਼ਿਸ਼ ਰਚਣ ਸਬੰਧੀ ਕੀਤੀ ਗਈ ਮੀਟਿੰਗ ਵਿਚ ਵੀ ਉਹ ਸ਼ਾਮਲ ਸੀ। ਇਸ ਤੋਂ ਇਲਾਵਾ ਹਨੀਪ੍ਰੀਤ ਨੂੰ ਇਸ ਗੱਲ ਦੀ ਵੀ ਸਾਰੀ ਜਾਣਕਾਰੀ ਸੀ ਕਿ ਪੰਚਕੂਲਾ ਵਿਖੇ ਦੰਗੇ ਕਰਵਾਉਣ ਲਈ ਕਿਸ-ਕਿਸ ਨੂੰ ਭੇਜਿਆ ਜਾਣਾ ਹੈ। ਪੁਲੀਸ ਹੁਣ 25 ਅਗਸਤ ਨੂੰ ਪੰਚਕੂਲਾ ਵਿਖੇ ਵਾਪਰੇ ਘਟਨਾਕ੍ਰਮ ਦੀ ਸਾਜ਼ਿਸ਼ ਦੀ ਗੁੱਥੀ ਸੁਲਝਾਉਣ ਦੇ ਨੇੜੇ ਪਹੁੰਚੀ ਨਜ਼ਰ ਆ ਰਹੀ ਹੈ ਅਤੇ ਪੁਲੀਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਹਨੀਪ੍ਰੀਤ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋ ਸਕਦੇ ਹਨ।
ਪੁਲੀਸ ਹਨੀਪ੍ਰੀਤ ਨੂੰ ਲੈ ਕੇ ਪਿੰਡ ਜੰਗੀਰਾਣਾ ਪੁੱਜੀ :
ਕੈਪਸ਼ਨ-ਪਿੰਡ ਜੰਗੀਰਾਣਾ ਦੀ ਢਾਣੀ ਵਿਚਲੀ ਸਾਬਕਾ ਸਰਪੰਚ ਦੀ ਕੋਠੀ ਜਿਥੇ ਹਨਪ੍ਰੀਤ ਇੰਸਾਂ ਠਹਿਰੀ ਸੀ।
ਬਠਿੰਡਾ : ਪੰਚਕੂਲਾ ਪੁਲੀਸ ਚੁੱਪ-ਚੁਪੀਤੇ ਹਨੀਪ੍ਰੀਤ ਨੂੰ ਜੰਗੀਰਾਣਾ ਲੈ ਆਈ, ਜਿਥੇ ਉਹ ਛੇ ਦਿਨ ਇਕ ਚੁਬਾਰੇ ਵਿਚ ਰਹੀ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀਰਾਣਾ ਦੀ ਢਾਣੀ ਵਿਚ ਮਰਹੂਮ ਸਰਪੰਚ ਪ੍ਰੀਤਮ ਸਿੰਘ ਦੇ ਘਰ ਤਕਰੀਬਨ 12 ਵਜੇ ਪੰਚਕੂਲਾ ਪੁਲੀਸ ਦਾ ਕਾਫ਼ਲਾ ਪੁੱਜਿਆ। ਪੰਚਕੂਲਾ ਪੁਲੀਸ ਦੇ ਡੀਐਸਪੀ ਮੁਕੇਸ਼ ਕੁਮਾਰ ਤੇ ਇੰਸਪੈਕਟਰ ਕੁਲਭੂਸ਼ਨ ਦੀ ਅਗਵਾਈ ਹੇਠ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਜੰਗੀਰਾਣਾ ਲਿਆਂਦਾ ਗਿਆ। ਪੁਲੀਸ ਤਕਰੀਬਨ ਅੱਧਾ ਘੰਟਾ ਢਾਣੀ ਦੀ ਇੱਕ ਕੋਠੀ ਵਿੱਚ ਰਹੀ।
ਜਾਣਕਾਰੀ ਅਨੁਸਾਰ ਜਦੋਂ ਪੁਲੀਸ ਪੁੱਜੀ ਤਾਂ ਉਦੋਂ ਘਰ ਵਿਚ ਮਰਹੂਮ ਸਰਪੰਚ ਦੀ ਨੂੰਹ ਸ਼ਰਨਜੀਤ ਕੌਰ ਹਾਜ਼ਰ ਸੀ, ਜਿਸ ਤੋਂ ਪੁਲੀਸ ਨੇ ਸੁਆਲ ਪੁੱਛੇ। ਪੁਲੀਸ ਨੇ ਉਹ ਚੁਬਾਰਾ ਵੀ ਦੇਖਿਆ, ਜਿਸ ਵਿਚ ਹਨੀਪ੍ਰੀਤ ਨੇ ਛੇ ਦਿਨ ਗੁਜ਼ਾਰੇ ਸਨ। ਮਰਹੂਮ ਸਰਪੰਚ ਦੇ ਮੁੰਡੇ ਮਹਿੰਦਰ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਦੀ ਇੱਕ ਔਰਤ ਲੁਧਿਆਣਾ ਵਿੱਚ ਦਾਖ਼ਲ ਹੈ, ਜਿਥੇ ਪਰਿਵਾਰ ਦੇ ਬਾਕੀ ਮੈਂਬਰ ਗਏ ਹੋਏ ਸਨ। ਪੁਲੀਸ ਦੀ ਛਾਣਬੀਣ ਮੌਕੇ ਪਿੰਡ ਜੰਗੀਰਾਣਾ ਦਾ ਮੌਜੂਦਾ ਸਰਪੰਚ ਨਿਰਮਲ ਸਿੰਘ ਵੀ ਹਾਜ਼ਰ ਸੀ। ਇਹ ਘਰ ਹਨੀਪ੍ਰੀਤ ਦੀ ਸਾਥਣ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦੀ ਭੂਆ ਦਾ ਹੈ। ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ 2 ਨੌਜਵਾਨ ਹਨੀਪ੍ਰੀਤ ਤੇ ਸੁਖਦੀਪ ਨੂੰ ਇੱਥੇ ਛੱਡ ਕੇ ਗਏ ਸਨ। ਹਨੀਪ੍ਰੀਤ ਛੇ ਦਿਨ ਚੁਬਾਰੇ ਅੰਦਰ ਹੀ ਰਹੀ। ਸੁਖਦੀਪ ਕੌਰ ਹੀ ਉਸ ਦਾ ਰੋਟੀ ਪਾਣੀ ਚੁਬਾਰੇ ਵਿਚ ਲੈ ਕੇ ਜਾਂਦੀ ਸੀ। ਪੁਲੀਸ ਅਨੁਸਾਰ ਜਦੋਂ ਸੁਖਦੀਪ ਕੌਰ ਨੇ ਪਰਿਵਾਰ ਕੋਲ ਹਨੀਪ੍ਰੀਤ ਦੀ ਪਛਾਣ ਦੱਸੀ ਤਾਂ ਪਰਿਵਾਰ ਨੇ ਉਸੇ ਦਿਨ ਉਨ੍ਹਾਂ ਨੂੰ ਤਾੜਨਾ ਕਰ ਦਿੱਤੀ ਅਤੇ ਉਹ ਦੂਜੇ ਦਿਨ ਹੀ 2 ਨੌਜਵਾਨਾਂ ਨਾਲ ਕਿਧਰੇ ਚਲੀਆਂ ਗਈਆਂ। ਪੰਚਕੂਲਾ ਪੁਲੀਸ ਹੁਣ ਇਨ੍ਹਾਂ ਨੂੰ ਲਿਜਾਣ ਵਾਲੇ ਨੌਜਵਾਨਾਂ ਦੀ ਤਲਾਸ਼ ਵਿੱਚ ਜੁਟ ਗਈ ਹੈ।
ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਰ ਦੀ ਤਲਾਸ਼ੀ ਲਈ ਪਰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਪੰਚਕੂਲਾ ਟੀਮ ਨੇ ਨੰਦਗੜ੍ਹ ਥਾਣੇ ਵਿਚ ਹਾਜ਼ਰੀ ਤੇ ਰਵਾਨਗੀ ਪਾਈ। ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਚਕੂਲ ਪੁਲੀਸ ਕਰੀਬ ਅੱਧਾ ਘੰਟਾ ਜੰਗੀਰਾਣਾ ਵਿਚ ਰਹੀ। ਜਾਣਕਾਰੀ ਅਨੁਸਾਰ ਪਿੰਡ ਜੰਗੀਰਾਣਾ ਦੇ ਮਰਹੂਮ ਸਰਪੰਚ ਦੇ ਪਰਿਵਾਰ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਬਾਅਦ ਪੰਚਕੂਲਾ ਪੁਲੀਸ ਦੇਰ ਸ਼ਾਮ ਹਨੀਪ੍ਰੀਤ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ੍ਹ) ਲੈ ਕੇ ਪੁੱਜੀ ਜਿਥੇ ਰਾਤ ਕਰੀਬ 10 ਵਜੇ ਤੱਕ ਪੁਲੀਸ ਨੇ ਡੇਰਾ ਮੁਖੀ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਪੁਲੀਸ ਨੇ ਦੁਪਹਿਰ ਮਗਰੋਂ ਹਨੀਪ੍ਰੀਤ ਦੇ ਉਹ ‘ਰਾਜਸਥਾਨੀ ਟਿਕਾਣੇ’ ਛਾਣੇ, ਜਿਥੇ ਉਸ ਨੇ ਆਪਣੀ ਠਹਿਰ ਬਣਾਈ ਹੋਈ ਸੀ। ਪੁਲੀਸ ਟੀਮ ਪਹਿਲਾਂ ਕਰੀਬ ਤਿੰਨ ਵਜੇ ਰਾਜਸਥਾਨ ਦੇ ਪਿੰਡ ਲਾਧੂਵਾਲਾ (ਗੰਗਾਨਗਰ) ਪੁੱਜੀ, ਜਿਸ ਨੂੰ ਗੰਗਾਨਗਰ ਪੁਲੀਸ ਦਾ ਸਹਿਯੋਗ ਵੀ ਹਾਸਲ ਸੀ। ਟੀਮ ਨੇ ਲਾਧੂਵਾਲਾ ਦੇ ਇੱਕ ਘਰ ਵਿਚ ਹਨੀਪ੍ਰੀਤ ਦੇ ਠਹਿਰਨ ਦੇ ਵੇਰਵੇ ਇਕੱਠੇ ਕੀਤੇ, ਜਿਥੇ ਕਾਫ਼ੀ ਸਮਾਂ ਛਾਣਬੀਣ ਚੱਲੀ।
ਟੀਮ ਕਰੀਬ 7.15 ਵਜੇ ਗੁਰੂਸਰ ਮੋਡੀਆ ਪੁੱਜੀ, ਜਿਥੇ ਡੇਰਾ ਮੁਖੀ ਦਾ ਪਰਿਵਾਰ ਰਹਿ ਰਿਹਾ ਹੈ। ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਮੁਢਲੇ ਕੁਝ ਦਿਨ ਇਥੇ ਹੀ ਪਰਿਵਾਰ ਨਾਲ ਬਿਤਾਏ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਡੇਰਾ ਮੁਖੀ ਦੇ ਸਾਰੇ ਪਰਿਵਾਰਕ ਜੀਆਂ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਹੈ ਅਤੇ ਹਨਪ੍ਰੀਤ ਦੀ ਨਿਸ਼ਾਨਦੇਹੀ ‘ਤੇ ਘਰ ਦੇ ਕਮਰਿਆਂ ਦੀ ਛਾਣਬੀਣ ਕੀਤੀ ਹੈ।
ਹਿੰਸਾ ‘ਚ ਸ਼ਾਮਲ ਚਾਰ ਜਣੇ ਗ੍ਰਿਫ਼ਤਾਰ :
ਪੰਚਕੂਲਾ : ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਪ੍ਰੇਮੀਆਂ ਵੱਲੋਂ ਪੰਚਕੂਲਾ ਵਿਚ ਕੀਤੀ ਹਿੰਸਾ ਸਬੰਧੀ ਵਿਸ਼ੇਸ਼ ਜਾਂਚ ਨੇ ਚਾਰ ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਸਤਨਾਮ ਸਿੰਘ, ਬੂਟਾ ਸਿੰਘ, ਜੈਭਗਵਾਨ ਤੇ ਮਹਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੰਗਿਆਂ ਦੀਆਂ ਵੀਡੀਓਜ਼ ਇਹ ਚਾਰੇ ਜਣੇ ਨਜ਼ਰ ਆਏ ਸਨ।
ਨਿਪੁੰਸਕਤਾ ਕੇਸ ‘ਚ ਡੇਰਾ ਮੁਖੀ ਦੇ ਬਿਆਨ ਦਰਜ:
ਨਵੀਂ ਦਿੱਲੀ: ਡੇਰਾ ਸਿਰਸਾ ਦੇ ਕਰੀਬ 400 ਪੈਰੋਕਾਰਾਂ ਨੂੰ ਜਬਰੀ ਨਿਪੁੰਸਕ ਬਣਾਏ ਜਾਣ ਸਬੰਧੀ ਕੇਸ ਵਿੱਚ ਸੀਬੀਆਈ ਨੇ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਬਿਆਨ ਵਿਸ਼ੇਸ਼ ਅਦਾਲਤ ਦੀ ਇਜਾਜ਼ਤ ਨਾਲ ਦਰਜ ਕੀਤਾ। ਡੇਰਾ ਮੁਖੀ ਰੋਹਤਕ ਦੀ ਜੇਲ੍ਹ ਵਿੱਚ ਬਲਾਤਕਾਰ ਕੇਸ ਵਿਚ 20 ਸਾਲਾ ਕੈਦ ਭੁਗਤ ਰਿਹਾ ਹੈ।