ਹਨੀਪ੍ਰੀਤ ਦੇ ਸਾਬਕਾ ਪਤੀ ਨੇ ਰਾਮ ਰਹੀਮ ਤੇ ਹਨੀਪ੍ਰੀਤ ਵਿਚਾਲੇ ਨਾਜਾਇਜ਼ ਸਬੰਧਾਂ ਦਾ ਕੀਤਾ ਖੁਲਾਸਾ

0
278

honepreet-da-husband
‘ਜੇਲ੍ਹ ਵਿਚ ਭਾਈ ਰਾਜੋਆਣਾ ਨੇ ਬਚਾਈ ਮੇਰੀ ਜਾਨ’
ਚੰਡੀਗੜ੍ਹ/ਬਿਊਰੋ ਨਿਊਜ਼ :
ਇਕ ਪਾਸੇ ਡੇਰਾ ਮੁਖੀ ਜਬਰ ਜਨਾਹ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਹੈ ਉਥੇ ਦੂਜੇ ਪਾਸੇ ਡੇਰਾ ਮੁਖੀ ਦੀ ਰਾਜ਼ਦਾਰ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਇਕ ਵਾਰ ਫਿਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਦੁਹਰਾਇਆ ਕਿ ਡੇਰਾ ਮੁਖੀ ਅਤੇ ਹਨੀਪ੍ਰੀਤ ਦਰਮਿਆਨ ਬਾਪ-ਬੇਟੀ ਵਰਗਾ ਕੋਈ ਰਿਸ਼ਤਾ ਨਹੀਂ ਸੀ। ਹਨੀਪ੍ਰੀਤ ਅਤੇ ਰਾਮ ਰਹੀਮ ਦਰਮਿਆਨ ਨਾਜਾਇਜ਼ ਸੰਬੰਧ ਹੋਣ ਦਾ ਦਾਅਵਾ ਕਰਦੇ ਹੋਏ ਵਿਸ਼ਵਾਸ ਗੁਪਤਾ ਨੇ ਸਾਲ 2009 ਤੱਕ ਹਨੀਪ੍ਰੀਤ ਨੇ ਉਸ ਨਾਲ ਆਮ ਔਰਤ ਦੀ ਤਰ੍ਹਾਂ ਵਿਹਾਰ ਕੀਤਾ ਪਰ ਡੇਰੇ ਵਿਚ ਜਾਣ ਤੇ ਰਾਮ ਰਹੀਮ ਦੇ ਸੰਪਰਕ ਵਿਚ ਆਉਣ ਦੇ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਈ। ਵਿਸ਼ਵਾਸ ਗੁਪਤਾ ਨੇ ਦਾਅਵਾ ਕੀਤਾ ਕਿ ਉਸ ਨੇ ਕਈ ਵਾਰ ਹਨੀਪ੍ਰੀਤ ਤੇ ਰਾਮ ਰਹੀਮ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ। ਰਾਮ ਰਹੀਮ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਰਿਸ਼ਤੇ ‘ਤੇ ਇਤਰਾਜ਼ ਪ੍ਰਗਟਾਉਣ ਦੀਆਂ ਖ਼ਬਰਾਂ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਮ ਰਹੀਮ ਨੇ ਹਮੇਸ਼ਾ ਹੀ ਹਨੀਪ੍ਰੀਤ ਨੂੰ ਆਪਣੇ ਬੇਟੇ ਤੇ ਬੇਟੀਆਂ ਦੇ ਮੁਕਾਬਲੇ ਤਰਜੀਹ ਦਿੱਤੀ ਹੈ। ਵਿਸ਼ਵਾਸ ਗੁਪਤਾ ਨੇ ਆਪਣੀ ਸਾਬਕਾ ਪਤਨੀ ਹਨੀਪ੍ਰੀਤ ਤੇ ਰਾਮ ਰਹੀਮ ਦਰਮਿਆਨ ਨਾਜਾਇਜ਼ ਸੰਬੰਧਾਂ ਦਾ ਘਟਨਾਕ੍ਰਮ ਦੁਹਰਾਉਂਦੇ ਹੋਏ ਕਿਹਾ ਕਿ ਸਾਲ 2011 ਵਿਚ ਜਦ ਉਸ ਨੇ ਡੇਰਾ ਮੁਖੀ ਵਿਰੁੱਧ ਪੈੱ੍ਰਸ ਕਾਨਫ਼ਰੰਸ ਕੀਤੀ ਤਾਂ ਉਸ ਦੇ ਬਾਅਦ ਡੇਰਾ ਮੁਖੀ ਦੇ ਇਸ਼ਾਰੇ ‘ਤੇ ਉਸ ਦੇ ਖ਼ਿਲਾਫ਼ ਇਕ ਦੇ ਬਾਅਦ ਇਕ ਕਈ ਝੂਠੇ ਕੇਸ ਦਰਜ ਕੀਤੇ ਗਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਧੋਖਾਧੜੀ ਦੇ ਦੋਸ਼ ਵਿਚ ਪਟਿਆਲਾ ਦੀ ਜੇਲ੍ਹ ਵਿਚ ਬੰਦ ਸੀ ਤਾਂ ਉਥੇ ਵੀ ਡੇਰਾ ਮੁਖੀ ਨੇ ਉਸ ਨੂੰ ਮਾਰਨ ਲਈ 10 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਨੇ ਜਦ ਰਾਮ ਰਹੀਮ ਤੇ ਹਨੀਪ੍ਰੀਤ ਦੇ ਸੰਬੰਧਾਂ ਬਾਰੇ ਮੀਡੀਆ ਵਿਚ ਖ਼ੁਲਾਸਾ ਕੀਤਾ ਤਾਂ ਰਾਮ ਰਹੀਮ ਨੇ ਉਸ ਨੂੰ ਕਈ ਕੇਸਾਂ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਡੇਰੇ ਦੇ ਇਕ ਵਿਅਕਤੀ ਜ਼ਰੀਏ ਰਾਮ ਰਹੀਮ ਨਾਲ ਗੱਲ ਕੀਤੀ। ਇਸ ‘ਤੇ ਰਾਮ ਰਹੀਮ ਨੇ ਕਿਹਾ ਕਿ ਉਹ ਡੇਰੇ ਵਿਚ ਸੰਗਤ ਦੇ ਸਾਹਮਣੇ ਨਾ ਕੇਵਲ ਮੁਆਫ਼ੀ ਮੰਗੇ ਸਗੋਂ ਉਸ ਨੂੰ (ਰਾਮ ਰਹੀਮ) ਨਿਰਦੋਸ਼ ਕਰਾਰ ਦੇਵੇ ਤਾਂ ਉਹ ਕੇਸ ਵਾਪਸ ਕਰਾਵੇਗਾ। ਜਿਸ ਦੇ ਚੱਲਦੇ ਮਜਬੂਰਨ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ। ਵਿਸ਼ਵਾਸ ਗੁਪਤਾ ਨੇ ਕਿਹਾ ਕਿ ਰਾਮ ਰਹੀਮ ਭਲੇ ਹੀ ਅੱਜ ਜੇਲ੍ਹ ਵਿਚ ਬੰਦ ਹੈ ਪਰ ਉਹ ਇੰਨਾ ਤਾਕਤਵਰ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਜਾਨੋਂ ਮਰਵਾ ਸਕਦਾ ਹੈ। ਇਸੇ ਦਰਮਿਆਨ ਵਿਸ਼ਵਾਸ ਗੁਪਤਾ ਅਤੇ ਉਸ ਦੇ ਪਿਤਾ ਨੇ ਦਾਅਵਾ ਕੀਤਾ ਕਿ ਰਾਮ ਰਹੀਮ ਨੇ ਧੋਖੇ ਨਾਲ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਸੰਪਤੀ ਹੜੱਪ ਕੀਤੀ ਸੀ, ਜਿਸ ਨੂੰ ਮੁਕਤ ਕਰਾਉਣ ਲਈ ਹੁਣ ਉਹ ਕਾਨੂੰਨ ਦਾ ਸਹਾਰਾ ਲੈਣਗੇ। ਵਿਸ਼ਵਾਸ ਗੁਪਤਾ ਨੇ ਕਿਹਾ ਕਿ ਡੇਰਾ ਮੁਖੀ ਖ਼ਿਲਾਫ਼ ਚੱਲ ਰਹੇ ਹੱਤਿਆ ਤੇ ਹੋਰ ਸਾਰੇ ਮਾਮਲੇ ਸ਼ਤ-ਪ੍ਰਤੀਸ਼ਤ ਸੱਚੇ ਹਨ। ਡੇਰਾ ਮੁਖੀ ਭਲੇ ਹੀ ਲੋਕਾਂ ਦਰਮਿਆਨ ਸਤਿਸੰਗ ਕਰਦਾ ਸੀ ਪਰ ਉਸ ਦਾ ਇਹ ਘਿਨਾਉਣਾ ਚਿਹਰਾ ਵੀ ਹੈ, ਜੋ ਹੁਣ ਜਨਤਕ ਹੋ ਰਿਹਾ ਹੈ। ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਕਿਹਾ ਕਿ ਸਾਲ 2011 ਵਿਚ ਜਦ ਉਹ ਧੋਖਾਧੜੀ ਦੇ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਗਿਆ ਤਾਂ ਰਾਮ ਰਹੀਮ ਨੇ ਸੁਪਾਰੀ ਦੇ ਕੇ ਉਸ ਨੂੰ ਉਥੇ ਵੀ ਮਰਵਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਪਟਿਆਲਾ ਜੇਲ੍ਹ ਵਿਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਉਸ ਦੇ ਲਈ ਰੱਬ ਦੇ ਰੂਪ ਵਿਚ ਸਾਹਮਣੇ ਆਏ। ਵਿਸ਼ਵਾਸ ਨੇ ਦਾਅਵਾ ਕੀਤਾ ਕਿ ਉਸ ਨੂੰ ਜੇਲ੍ਹ ਵਿਚ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਈ ਰਾਜੋਆਣਾ ਨੇ ਉਸ ਦਾ ਹਰ ਵਾਰ ਬਚਾਅ ਕੀਤਾ।